IVF ਸੈਂਟਰ ਦੀ ਵੱਡੀ ਲਾਪਰਵਾਹੀ: ਜੋੜੇ ਦੇ ਘਰ ਪੈਦਾ ਹੋਈਆਂ ਜੁੜਵਾਂ ਬੱਚੀਆਂ ਨਿਕਲੀਆਂ ਕਿਸੇ ਹੋਰ ਦੀਆਂ, DNA ਰਿਪੋਰਟ ਦੇਖ ਕੇ ਉੱਡੇ ਜੋੜੇ ਦੇ ਹੋਸ਼
ਕਲੀਨਿਕ ਨੇ ਬਦਲੇ ਸੈਂਪਲ; ਪੀੜਤ ਮਾਂ ਨੇ ਮੰਗਿਆ ਇਨਸਾਫ਼
IVF center negligence: ਆਧੁਨਿਕ ਡਾਕਟਰੀ ਵਿਗਿਆਨ ਦੇ ਦੌਰ ਵਿੱਚ ਦਿੱਲੀ ਦੇ ਇੱਕ ਨਾਮਵਰ ਆਈ.ਵੀ.ਐੱਫ. (IVF) ਕਲੀਨਿਕ ਦੀ ਰੂਹ ਕੰਬਾਊ ਅਤੇ ਵੱਡੀ ਲਾਪਰਵਾਹੀ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਗੁਰੂਗ੍ਰਾਮ ਦੇ ਰਹਿਣ ਵਾਲੇ ਰਾਹੁਲ ਰਾਠੌਰ ਅਤੇ ਉਸ ਦੀ ਪਤਨੀ ਮੀਨੂ ਰਾਠੌਰ ਨੇ ਔਲਾਦ ਦੀ ਸੁਖ ਪ੍ਰਾਪਤੀ ਲਈ ਆਈ.ਵੀ.ਐੱਫ. ਤਕਨੀਕ ਦਾ ਸਹਾਰਾ ਲਿਆ ਸੀ।
ਬੀਤੀ 5 ਜਨਵਰੀ ਨੂੰ ਮੀਨੂ ਨੇ ਦੋ ਜੁੜਵਾਂ ਬੱਚੀਆਂ ਨੂੰ ਜਨਮ ਦਿੱਤਾ, ਜਿਸ ਨਾਲ ਘਰ ਵਿੱਚ ਖ਼ੁਸ਼ੀਆਂ ਗੂੰਜ ਉੱਠੀਆਂ। ਪਰ ਇਹ ਖ਼ੁਸ਼ੀ ਉਸ ਵੇਲੇ ਮਾਤਮ ਅਤੇ ਡੂੰਘੇ ਸਦਮੇ ਵਿੱਚ ਬਦਲ ਗਈ ਜਦੋਂ ਬੱਚੀਆਂ ਦੀ ਸ਼ਕਲ ਪਰਿਵਾਰ ਨਾਲ ਨਾ ਮਿਲਣ ਕਾਰਨ ਕਰਵਾਏ ਗਏ ਡੀ.ਐੱਨ.ਐੱਏ. (DNA) ਟੈਸਟ ਦੀ ਰਿਪੋਰਟ ਸਾਹਮਣੇ ਆਈ।
ਰਿਪੋਰਟ ਵਿੱਚ ਖੁਲਾਸਾ ਹੋਇਆ ਕਿ ਉਹ ਬੱਚੀਆਂ ਜੈਵਿਕ (ਬਾਇਓਲੋਜੀਕਲ) ਤੌਰ ’ਤੇ ਉਨ੍ਹਾਂ ਦੀਆਂ ਆਪਣੀਆਂ ਸੰਤਾਨਾਂ ਨਹੀਂ ਹਨ।ਦਿੱਲੀ ਦੀ ਇੱਕ ਅਦਾਲਤ ਨੇ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸਥਾਨਕ ਪੁਲੀਸ ਨੂੰ ਤੁਰੰਤ ਮੁਕੱਦਮਾ ਦਰਜ ਕਰਕੇ ਉੱਚ ਪੱਧਰੀ ਜਾਂਚ ਦੇ ਹੁਕਮ ਜਾਰੀ ਕੀਤੇ ਹਨ। ਪੀੜਤ ਜੋੜੇ ਦਾ ਦੋਸ਼ ਹੈ ਕਿ ਕਲੀਨਿਕ ਨੇ ਉਨ੍ਹਾਂ ਦੇ ਸੈਂਪਲ (ਭਰੂਣ) ਕਿਸੇ ਹੋਰ ਜੋੜੇ ਨਾਲ ਬਦਲ ਦਿੱਤੇ ਅਤੇ ਕਿਸੇ ਦੂਜੇ ਪਰਿਵਾਰ ਦਾ ਭਰੂਣ ਮੀਨੂ ਦੇ ਗਰਭ ਵਿੱਚ ਟ੍ਰਾਂਸਪਲਾਂਟ ਕਰ ਦਿੱਤਾ, ਜਿਸ ਕਾਰਨ ਅੱਜ ਉਹ ਆਪਣੀ ਅਸਲ ਔਲਾਦ ਲਈ ਦਰ-ਦਰ ਭਟਕਣ ਲਈ ਮਜਬੂਰ ਹਨ।
ਇਲਾਜ ਦੇ ਨਾਮ ’ਤੇ ਧੋਖਾਧੜੀ: ਕੀ ਹੈ ਪੂਰਾ ਮਾਮਲਾ?
ਪੀੜਤ ਰਾਹੁਲ ਰਾਠੌਰ ਨੇ ਦੱਸਿਆ ਕਿ ਦਵਾਰਕਾ ਦੇ ਇੱਕ ਹਸਪਤਾਲ ਨੇ ਉਨ੍ਹਾਂ ਨੂੰ ਬਿਹਤਰ ਇਲਾਜ ਲਈ ਦਿੱਲੀ ਦੇ ਗ੍ਰੇਟਰ ਕੈਲਾਸ਼ ਸਥਿਤ ਇੱਕ ਨਾਮਵਰ ਇਨਫਰਟੀਲਿਟੀ (ਬਾਂਝਪਨ) ਕਲੀਨਿਕ ਵਿੱਚ ਭੇਜਿਆ ਸੀ, ਜਿੱਥੇ ਡਾ. ਸ਼ਿਵਾਨੀ ਸਚਦੇਵ ਇਸ ਕੇਸ ਦੀ ਦੇਖਭਾਲ ਕਰ ਰਹੇ ਸਨ।
9 ਜਨਵਰੀ 2025: ਡਾਕਟਰਾਂ ਨੇ ਜੋੜੇ ਦੇ ਸਾਰੇ ਟੈਸਟ ਕੀਤੇ ਅਤੇ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਆਪਣੇ ਹੀ ਅੰਡੇ (Egg) ਅਤੇ ਸ਼ੁਕਰਾਣੂ (Sperm) ਦੀ ਵਰਤੋਂ ਕਰਕੇ ਭਰੂਣ ਤਿਆਰ ਕੀਤਾ ਜਾਵੇਗਾ।
14 ਮਈ 2025: ਤਿਆਰ ਕੀਤਾ ਗਿਆ ਭਰੂਣ ਮਹਿਲਾ ਦੇ ਗਰਭ ਵਿੱਚ ਰੱਖਿਆ ਗਿਆ।
5 ਜਨਵਰੀ 2026: ਮੀਨੂ ਰਾਠੌਰ ਨੇ ਦੋ ਸੁੰਦਰ ਜੁੜਵਾਂ ਬੱਚੀਆਂ ਨੂੰ ਜਨਮ ਦਿੱਤਾ, ਪਰ ਡੀ.ਐੱਨ.ਐੱਏ. ਰਿਪੋਰਟ ਨੇ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ।
ਪੀੜਤ ਮਾਂ ਯਾਨੀ ਮੀਨੂ ਰਾਠੌਰ ਨੇ ਕਿਹਾ,“ ਮੈਂ ਆਪਣੇ ਜਿਗਰ ਦੇ ਟੁਕੜੇ ਨੂੰ ਲੱਭ ਰਹੀ ਹਾਂ। ਜਿਸ ਮਾਂ ਦੀਆਂ ਇਹ ਬੱਚੀਆਂ ਮੇਰੇ ਕੋਲ ਹਨ, ਉਹ ਵੀ ਆਪਣੇ ਬੱਚੇ ਲਈ ਤੜਫ ਰਹੀ ਹੋਵੇਗੀ। ਭਾਵੇਂ ਇਹ ਬੱਚੀਆਂ ਸਾਡੀਆਂ ਨਹੀਂ ਹਨ, ਫਿਰ ਵੀ ਅਸੀਂ ਇਨ੍ਹਾਂ ਦੀ ਪੂਰੀ ਦੇਖਭਾਲ ਕਰ ਰਹੇ ਹਾਂ, ਪਰ ਮੈਂ ਇਨ੍ਹਾਂ ਨੂੰ ਆਪਣਾ ਦੁੱਧ ਨਹੀਂ ਚੁੰਘਾ ਸਕੀ।”
CCTV ਫੁਟੇਜ ਸੰਭਾਲਣ ਦੀ ਮੰਗ; ਦਿੱਲੀ ਦੇ CM ਕੋਲੋਂ ਗੁਹਾਰ
ਰਾਹੁਲ ਰਾਠੌਰ ਨੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕਰਦਿਆਂ ਅਦਾਲਤ ਤੱਕ ਪਹੁੰਚ ਕੀਤੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਹਸਪਤਾਲ ਦੇ ਆਈ.ਵੀ.ਐੱਫ. ਰਿਕਾਰਡ, ਭਰੂਣ ਨਾਲ ਸਬੰਧਤ ਦਸਤਾਵੇਜ਼, ਲੈਬ ਰਿਪੋਰਟਾਂ, ਇਲੈਕਟ੍ਰਾਨਿਕ ਡਾਟਾ ਅਤੇ ਸੀਸੀਟੀਵੀ (CCTV) ਫੁਟੇਜ ਨੂੰ ਤੁਰੰਤ ਕਬਜ਼ੇ ਵਿੱਚ ਲੈ ਕੇ ਸੁਰੱਖਿਅਤ ਕੀਤਾ ਜਾਵੇ ਤਾਂ ਜੋ ਕਲੀਨਿਕ ਦੀ ਇਸ ਵੱਡੀ ਸਾਜ਼ਿਸ਼ ਜਾਂ ਲਾਪਰਵਾਹੀ ਦਾ ਪਰਦਾਫਾਸ਼ ਹੋ ਸਕੇ।
ਪੀੜਤ ਮੀਨੂ ਰਾਠੌਰ ਨੇ ਇੱਕ ਹੋਰ ਹੈਰਾਨੀਜਨਕ ਖੁਲਾਸਾ ਕਰਦਿਆਂ ਦੱਸਿਆ ਕਿ ਇਹ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਨੂੰ ਕਈ ਦੇਸ਼ਾਂ ਤੋਂ ਅਜਿਹੇ ਜੋੜਿਆਂ ਦੇ ਫ਼ੋਨ ਆ ਰਹੇ ਹਨ, ਜਿਨ੍ਹਾਂ ਨਾਲ ਇਨ੍ਹਾਂ ਕਲੀਨਿਕਾਂ ਵੱਲੋਂ ਅਜਿਹੀ ਹੀ ਲੁੱਟ ਅਤੇ ਧੋਖਾਧੜੀ ਕੀਤੀ ਗਈ ਹੈ। ਪੀੜਤ ਜੋੜੇ ਨੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਇਸ ਮਾਮਲੇ ਵਿੱਚ ਨਿੱਜੀ ਤੌਰ ’ਤੇ ਦਖ਼ਲ ਦੇਣ ਅਤੇ ਮੈਡੀਕਲ ਮਾਫ਼ੀਆ ਖ਼ਿਲਾਫ਼ ਸਖ਼ਤ ਕਾਰਵਾਈ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ।
