Breaking News

Canada: ‘ਪੁਲੀਸ ਵਾਲੇ’ ਬਣ ਕੇ ਘਰ ’ਚ ਵੜੇ ਲੁਟੇਰੇ; ਬਰੈਂਪਟਨ ’ਚ ਭਾਰਤੀ ਪਰਿਵਾਰ ਨਾਲ ਲੁੱਟ

Canada: ‘ਪੁਲੀਸ ਵਾਲੇ’ ਬਣ ਕੇ ਘਰ ’ਚ ਵੜੇ ਲੁਟੇਰੇ; ਬਰੈਂਪਟਨ ’ਚ ਭਾਰਤੀ ਪਰਿਵਾਰ ਨਾਲ ਲੁੱਟ
ਪਿਓ-ਪੁੱਤ ਨੂੰ ਬੰਨ੍ਹ ਕੇ ਤੇ ਬਜ਼ੁਰਗ ਔਰਤ ਨੂੰ ਵਾਸ਼ਰੂਮ ’ਚ ਡੱਕ ਕੇ ਲੱਖਾਂ ਦਾ ਕੀਮਤੀ ਸਾਮਾਨ ਲੈ ਕੇ ਫ਼ਰਾਰ

ਪੁਲੀਸ ਦੀ ਵਰਦੀ ਵਿੱਚ ਆਏ ਚਾਰ ਲੁਟੇਰਿਆਂ ਨੇ ਬਰੈਂਪਟਨ ਦੀ ਮੁੱਖ ਸੜਕ ’ਤੇ ਸਥਿਤ ਗੁਜਰਾਤੀ ਪਰਿਵਾਰ ਦੇ ਘਰ ਲੁੱਟ-ਖੋਹ ਕੀਤੀ। ਦਿਨ-ਦਿਹਾੜੇ ਵਾਪਰੀ ਇਸ ਘਟਨਾ ਨੇ ਇਲਾਕੇ ਦੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਪੀਲ ਪੁਲੀਸ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।

ਘਰ ਵਿੱਚ ਮੌਜੂਦ ਪਿਤਾ-ਪੁੱਤ ਨੂੰ ਬੰਨ੍ਹ ਕੇ ਅਤੇ ਬਜ਼ੁਰਗ ਔਰਤ ਨੂੰ ਵਾਸ਼ਰੂਮ ਵਿੱਚ ਬੰਦ ਕਰ ਕੇ ਲੁਟੇਰੇ ਘਰੋਂ ਗਹਿਣੇ, ਨਕਦੀ ਅਤੇ ਕੀਮਤੀ ਸਾਮਾਨ ਲੈ ਕੇ ਫ਼ਰਾਰ ਹੋ ਗਏ

ਇਸ ਘਟਨਾ ਤੋਂ ਬਾਅਦ ਡਰੇ ਹੋਏ ਪਰਿਵਾਰ ਦੇ ਗੁਆਂਢੀਆਂ ਨੇ ਦੱਸਿਆ ਕਿ ਸੋਮਵਾਰ ਦੁਪਹਿਰ ਪੁਲੀਸ ਦੀ ਵਰਦੀ ਵਰਗੇ ਕਾਲੇ ਕੱਪੜਿਆਂ ਵਿੱਚ ਮੂੰਹ ਢੱਕ ਕੇ ਆਏ ਚਾਰ ਜਣਿਆਂ ਨੇ ਬਰੈਂਪਟਨ ਦੀ ਕੁਈਨ ਮੈਰੀ ਸਥਿਤ ਵੇਨਰਾਈਟ ਡਰਾਈਵ ਦੇ ਸਾਹਮਣੇ ਪੈਂਦੇ ਗੁਜਰਾਤੀ ਪਰਿਵਾਰ ਦੇ ਘਰ ਦੀ ਘੰਟੀ ਖੜਕਾਈ ਅਤੇ ਆਪਣੇ ਆਪ ਨੂੰ ਪੁਲੀਸ ਅਧਿਕਾਰੀ ਦੱਸ ਕੇ ਦਰਵਾਜ਼ਾ ਖੁੱਲ੍ਹਵਾਇਆ। ਅੰਦਰ ਆਉਂਦਿਆਂ ਹੀ ਉਨ੍ਹਾਂ ਨੇ ਪਿਓ-ਪੁੱਤ ਦੇ ਹੱਥ-ਪੈਰ ਬੰਨ੍ਹ ਦਿੱਤੇ ਅਤੇ ਬਜ਼ੁਰਗ ਔਰਤ ਨੂੰ ਵਾਸ਼ਰੂਮ ਵਿੱਚ ਡੱਕ ਦਿੱਤਾ। ਇਸ ਤੋਂ ਬਾਅਦ ਘਰ ਦੀ ਤਲਾਸ਼ੀ ਲੈਂਦਿਆਂ ਜੋ ਵੀ ਗਹਿਣੇ, ਨਕਦੀ ਅਤੇ ਕੀਮਤੀ ਸਾਮਾਨ ਮਿਲਿਆ, ਲੈ ਕੇ ਰਫੂ-ਚੱਕਰ ਹੋ ਗਏ। ਘਟਨਾ ਤੋਂ ਬਾਅਦ ਗੁਆਂਢੀਆਂ ਨੇ ਪੀਲ ਪੁਲੀਸ ਨੂੰ ਇਤਲਾਹ ਦਿੱਤੀ।

ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਕਈ ਘੰਟੇ ਛਾਣਬੀਣ ਕੀਤੀ, ਪਰ ਦੇਰ ਸ਼ਾਮ ਤੱਕ ਮੀਡੀਆ ਨੂੰ ਕੋਈ ਵੀ ਜਾਣਕਾਰੀ ਨਹੀਂ ਦਿੱਤੀ। ਸਥਾਨਕ ਲੋਕਾਂ ਵੱਲੋਂ ਇਸ ਵਾਰਦਾਤ ਨੂੰ ਪੰਜ ਦਿਨ ਪਹਿਲਾਂ ਇਸੇ ਸੜਕ ’ਤੇ ਮਹਿਜ਼ ਦੋ ਕਿਲੋਮੀਟਰ ਦੂਰ ਇੱਕ ਹੋਰ ਘਰ ਵਿੱਚ ਰਾਤ ਵੇਲੇ ਅਜਿਹੇ ਹੀ ਪਹਿਰਾਵੇ ਵਾਲੇ ਚਾਰ ਲੁਟੇਰਿਆਂ ਵੱਲੋਂ ਕੀਤੀ ਗਈ ਲੁੱਟ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ, ਜਿਸ ਨਾਲ ਪੁਲੀਸ ਪ੍ਰਸ਼ਾਸਨ ’ਤੇ ਸਵਾਲ ਉੱਠ ਰਹੇ ਹਨ।

ਦੋਵਾਂ ਘਟਨਾਵਾਂ ਦੇ ਲੁਟੇਰੇ ਸੀਸੀਟੀਵੀ (CCTV) ਕੈਮਰਿਆਂ ਵਿੱਚ ਕੈਦ ਹੋ ਚੁੱਕੇ ਹਨ, ਪਰ ਮੂੰਹ ਢੱਕੇ ਹੋਣ ਕਾਰਨ ਉਨ੍ਹਾਂ ਦੀ ਪਛਾਣ ਕਰਨੀ ਔਖੀ ਹੋ ਰਹੀ ਹੈ। ਇਸ ਤੋਂ ਇਲਾਵਾ, ਚਾਰ ਦਿਨ ਪਹਿਲਾਂ ਵੀ ਤਿੰਨ ਬੰਦੂਕਧਾਰੀਆਂ ਨੇ ਟੋਰਾਂਟੋ ਸ਼ਹਿਰ ਦੇ ਇੱਕ ਅਮੀਰ ਪਰਿਵਾਰ ਨੂੰ ਇਸੇ ਢੰਗ ਨਾਲ ਲੁੱਟਿਆ ਸੀ ਅਤੇ ਘਰ ਵਿੱਚ ਮੌਜੂਦ ਮਾਤਾ-ਪਿਤਾ ਤੇ ਉਨ੍ਹਾਂ ਦੀਆਂ ਦੋ ਧੀਆਂ ਨੂੰ ਗੋਲੀਆਂ ਮਾਰ ਕੇ ਜ਼ਖ਼ਮੀ ਕਰ ਦਿੱਤਾ ਸੀ, ਜਿਨ੍ਹਾਂ ਵਿੱਚੋਂ ਦੋ ਜਣੇ ਅਜੇ ਵੀ ਹਸਪਤਾਲ ਵਿੱਚ ਇਲਾਜ ਅਧੀਨ ਹਨ।

Check Also

France Protest: ਫਰਾਂਸ ’ਚ ਮਹਿੰਗਾਈ ਖ਼ਿਲਾਫ਼ ਮੁਜ਼ਾਹਰੇ ’ਚ ਸਵਾ ਤਿੰਨ ਲੱਖ ਲੋਕ ਪੁੱਜੇ

France Protest: ਫਰਾਂਸ ’ਚ ਮਹਿੰਗਾਈ ਖ਼ਿਲਾਫ਼ ਮੁਜ਼ਾਹਰੇ ’ਚ ਸਵਾ ਤਿੰਨ ਲੱਖ ਲੋਕ ਪੁੱਜੇ ਪੈਰਿਸ ਵਿੱਚ …