Arshdeep Samreen Relationship: ਕ੍ਰਿਕਟਰ ਅਰਸ਼ਦੀਪ ਸਿੰਘ ਵੱਲੋਂ ਸਮਰੀਨ ਨਾਲ ਰਿਸ਼ਤੇ ’ਤੇ ਮੋਹਰ
ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਨੇ ਇੰਸਟਾਗ੍ਰਾਮ ’ਤੇ ਸਮਰੀਨ ਨਾਲ ਫੋਟੋਆਂ ਸ਼ੇਅਰ ਕਰਦਿਆਂ ‘ਮਾਈ ਪਰਸਨ’ ਲਿਖਿਆ; ਪ੍ਰਸ਼ੰਸਕਾਂ ਵੱਲੋਂ ਵਧਾਈਆਂ

Samreen Kaur Arshdeep: ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਆਖ਼ਰਕਾਰ ਮਾਡਲ ਤੇ ਅਦਾਕਾਰਾ ਸਮਰੀਨ ਕੌਰ ਨਾਲ ਆਪਣੇ ਰਿਸ਼ਤੇ ਨੂੰ ਜਨਤਕ ਕਰ ਦਿੱਤਾ ਹੈ। ਅਰਸ਼ਦੀਪ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ‘ਤੇ ਸਮਰੀਨ ਕੌਰ ਨਾਲ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਵਿੱਚ ਦੋਵੇਂ ਇਕੱਠੇ ਨਜ਼ਰ ਆ ਰਹੇ ਹਨ।
ਅਰਸ਼ਦੀਪ ਨੇ ਇਨ੍ਹਾਂ ਤਸਵੀਰਾਂ ਦਾ ਕੈਪਸ਼ਨ “My Person” (ਮਾਈ ਪਰਸਨ) ਲਿਖਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇ ’ਤੇ ਅਧਿਕਾਰਤ ਤੌਰ ’ਤੇ ਮੋਹਰ ਲੱਗ ਗਈ ਹੈ।

ਅਰਸ਼ਦੀਪ ਅਤੇ ਸਮਰੀਨ ਪਹਿਲੀ ਵਾਰ ਅਪਰੈਲ 2026 ਵਿੱਚ ਉਸ ਸਮੇਂ ਸੁਰਖੀਆਂ ਵਿੱਚ ਆਏ ਸਨ ਜਦੋਂ ਆਈ.ਪੀ.ਐੱਲ. (IPL) ਦੌਰਾਨ ਸਨੈਪਚੈਟ ਅਤੇ ਸੋਸ਼ਲ ਮੀਡੀਆ ‘ਤੇ ਕੁਝ ਤਸਵੀਰਾਂ ਵਾਇਰਲ ਹੋਈਆਂ ਸਨ। ਉਸ ਸਮੇਂ ਪੰਜਾਬ ਕਿੰਗਜ਼ ਦੇ ਮੈਚਾਂ ਦੌਰਾਨ ਅਰਸ਼ਦੀਪ ਨੂੰ ਦਿੱਲੀ, ਚੰਡੀਗੜ੍ਹ ਅਤੇ ਧਰਮਸ਼ਾਲਾ ਸਮੇਤ ਵੱਖ-ਵੱਖ ਥਾਵਾਂ ‘ਤੇ ਸਮਰੀਨ ਨਾਲ ਦੇਖਿਆ ਗਿਆ ਸੀ।
ਇੰਨਾ ਹੀ ਨਹੀਂ, ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਮੈਚਾਂ ਦੌਰਾਨ ਸਮਰੀਨ ਨੂੰ ਟੀਮ ਦਾ ਸਮਰਥਨ ਕਰਦਿਆਂ ਵੀ ਦੇਖਿਆ ਗਿਆ ਸੀ ਅਤੇ ਦੋਵਾਂ ਦੀ ਗੁਰਦੁਆਰਾ ਸਾਹਿਬ ਵਿਖੇ ਦਰਸ਼ਨ ਕਰਨ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ। ਹਾਲਾਂਕਿ ਇਸ ਸਭ ਦੇ ਬਾਵਜੂਦ, ਪਿਛਲੇ ਤਿੰਨ ਮਹੀਨਿਆਂ ਤੋਂ ਸੋਸ਼ਲ ਮੀਡੀਆ ‘ਤੇ ਲਗਾਤਾਰ ਚਰਚਾ ਹੋਣ ਦੇ ਬਾਵਜੂਦ ਅਰਸ਼ਦੀਪ ਸਿੰਘ ਨੇ ਕਦੇ ਵੀ ਜਨਤਕ ਤੌਰ ‘ਤੇ ਇਸ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਸੀ ਅਤੇ ਨਾ ਹੀ ਮੀਡੀਆ ਵਿੱਚ ਇਸ ਦੀ ਪੁਸ਼ਟੀ ਕੀਤੀ ਸੀ
ਪਰ ਹੁਣ ਖੁਦ ਕ੍ਰਿਕਟਰ ਵੱਲੋਂ ਪੋਸਟ ਸਾਂਝੀ ਕਰਨ ਤੋਂ ਬਾਅਦ ਸਾਰੀਆਂ ਅਫਵਾਹਾਂ ’ਤੇ ਵਿਰਾਮ ਲੱਗ ਗਿਆ ਹੈ। ਇਸ ਤੋਂ ਬਾਅਦ ਪ੍ਰਸੰਸਕਾਂ ਨੇ ਵਧਾਈਆਂ ਦਿੱਤੀਆਂ ਹਨ।
ਕੌਣ ਹੈ ਸਮਰੀਨ ਕੌਰ?
ਸਮਰੀਨ ਕੌਰ ਇੱਕ ਅਦਾਕਾਰਾ ਅਤੇ ਮਾਡਲ ਹੈ, ਜਿਸ ਦਾ ਜਨਮ 7 ਸਤੰਬਰ 1999 ਨੂੰ ਜੰਮੂ-ਕਸ਼ਮੀਰ ‘ਚ ਇੱਕ ਪੜ੍ਹੇ-ਲਿਖੇ ਪਰਿਵਾਰ ਵਿੱਚ ਹੋਇਆ ਸੀ। ਉਸ ਨੇ ਪੁਣੇ ਦੇ ਸਿੰਬਾਇਓਸਿਸ ਕਾਲਜ ਤੋਂ ਬੀ ਕਾਮ (ਆਨਰਜ਼) ਦੀ ਪੜ੍ਹਾਈ ਕੀਤੀ ਅਤੇ ਇਸ ਤੋਂ ਬਾਅਦ ਚੰਡੀਗੜ੍ਹ ਤੋਂ ਆਪਣੀ ਐੱਮ ਬੀ ਏ (MBA) ਦੀ ਡਿਗਰੀ ਪੂਰੀ ਕੀਤੀ।
ਹਾਲਾਂਕਿ, ਸਾਲ 2018 ਵਿੱਚ ਸਮਰੀਨ ਦੀ ਜ਼ਿੰਦਗੀ ਵਿੱਚ ਵੱਡਾ ਮੋੜ ਆਇਆ, ਜਦੋਂ ਉਹ ‘ਫੈਮਿਨਾ ਮਿਸ ਇੰਡੀਆ’ ਮੁਕਾਬਲੇ ਵਿੱਚ ਸਟੇਟ ਫਾਈਨਲਿਸਟ ਚੁਣੀ ਗਈ। ਇਸ ਮੁਕਾਬਲੇ ਤੋਂ ਬਾਅਦ ਉਸ ਨੇ ਬਹੁਤ ਜਲਦੀ ਮਾਡਲਿੰਗ ਅਤੇ ਅਦਾਕਾਰੀ ਦੀ ਦੁਨੀਆ ਵਿੱਚ ਆਪਣੀ ਪਛਾਣ ਬਣਾ ਲਈ।
ਫਿਲਮਾਂ ਅਤੇ ਸੰਗੀਤਕ ਵੀਡੀਓਜ਼: ਸਮਰੀਨ ਨੇ ਰਣਵੀਰ ਸਿੰਘ ਦੀ ਫਿਲਮ ’83’, ਜ਼ੀ5 ਦੀ ਵੈੱਬ ਸੀਰੀਜ਼ ‘ਨੇਲ ਪਾਲਿਸ਼’ (Nail Polish) ਅਤੇ ਪੰਜਾਬੀ ਫਿਲਮ ‘ਸਰਦਾਰ ਜੀ 2’ ਵਿੱਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਹ ਬਾਦਸ਼ਾਹ, ਗੁਰੂ ਰੰਧਾਵਾ ਅਤੇ ਹੋਰ ਨਾਮਵਰ ਗਾਇਕਾਂ ਦੇ ਮਿਊਜ਼ਿਕ ਵੀਡੀਓਜ਼ ਵਿੱਚ ਵੀ ਨਜ਼ਰ ਆ ਚੁੱਕੀ ਹੈ।