FBI Extortion Case: ਫਿਰੌਤੀ ਮਾਮਲੇ ’ਚ ਨਾਮਜ਼ਦ ਕੀਤੇ ਜਾਣ ਮਗਰੋਂ ਟਾਂਡਾ ਦੇ ਐੱਸ.ਐੱਚ.ਓ. ਨਾਗਰਾ ਦਾ ਤਬਾਦਲਾ
ਐਸ.ਐਚ.ਓ ਗੁਰਿੰਦਰਜੀਤ ਸਿੰਘ ਨਾਗਰਾ ਨੂੰ ਕੀਤਾ ਗਿਆ ਲਾਈਨ ਹਾਜ਼ਰ
ਪੰਜਾਬ ਪੁਲੀਸ ਵੱਲੋਂ ਜਾਂਚ ਦੇ ਹੁਕਮ ਜਾਰੀ
ਅਮਰੀਕਾ ਦੀ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (FBI) ਵੱਲੋਂ ਪੰਜਾਬ ਪੁਲੀਸ ਦੇ ਇੱਕ ਐੱਸ.ਐੱਚ.ਓ. ਨੂੰ ਫਿਰੌਤੀ ਮਾਮਲੇ ਵਿੱਚ ਨਾਮਜ਼ਦ ਕੀਤੇ ਜਾਣ ਮਗਰੋਂ ਪੰਜਾਬ ਪੁਲੀਸ ਨੇ ਵੱਡੀ ਕਾਰਵਾਈ ਕਰਦਿਆਂ ਟਾਂਡਾ ਦੇਐੱਸ.ਐੱਚ.ਓ. ਗੁਰਿੰਦਰਜੀਤ ਸਿੰਘ ਨਾਗਰਾਦਾ ਤਬਾਦਲਾ ਕਰ ਦਿੱਤਾ ਹੈ। ਹੁਸ਼ਿਆਰਪੁਰ ਦੇ ਐੱਸ.ਐੱਸ.ਪੀ. ਨੇ ਅੱਜ ਨਾਗਰਾ ਨੂੰ ਪੁਲੀਸ ਸਟੇਸ਼ਨ ਟਾਂਡਾ ਤੋਂ ਬਦਲ ਕੇ ਪੁਲੀਸ ਲਾਈਨ ਹੁਸ਼ਿਆਰਪੁਰ ਵਿਖੇ ਤਾਇਨਾਤ ਕਰ ਦਿੱਤਾ ਹੈ। ਸੋਸ਼ਲ ਮੀਡੀਆ ’ਤੇ ਇਸ ਫਿਰੌਤੀ ਕੇਸ ਵਿੱਚ ਐੱਸ.ਐੱਚ.ਓ. ਦੇ ਨਾਮ ਦੀ ਗੂੰਜ ਪੈਣ ਮਗਰੋਂ ਵਿਭਾਗ ਵੱਲੋਂ ਤੁਰੰਤ ਨਾਗਰਾ ਨੂੰ ਟਰਾਂਸਫ਼ਰ ਕਰਨ ਦਾ ਫ਼ੈਸਲਾ ਲਿਆ ਗਿਆ।
ਦੂਜੇ ਪਾਸੇ, ਪੰਜਾਬ ਪੁਲੀਸ ਨੇ ਇਸ ਸੰਵੇਦਨਸ਼ੀਲ ਮਾਮਲੇ ਦੀ ਪੜਤਾਲ ਦੇ ਹੁਕਮ ਵੀ ਜਾਰੀ ਕਰ ਦਿੱਤੇ ਹਨ। ਜਲੰਧਰ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ (DIG) ਨੇ ਜਲੰਧਰ ਦਿਹਾਤੀ ਦੇ ਪੁਲੀਸ ਸੁਪਰਡੈਂਟ (ਜਾਂਚ/Investigation) ਨੂੰ ਇਸ ਪੂਰੇ ਮਾਮਲੇ ਦੀ ਜਾਂਚ ਸੌਂਪੀ ਹੈ।
ਇਹ ਜਾਂਚ ਅਧਿਕਾਰੀ ਅਮਰੀਕੀ ਜਾਂਚ ਏਜੰਸੀ (FBI) ਦੀ ਤਫ਼ਤੀਸ਼ ਵਿੱਚ ਲੱਗੇ ਦੋਸ਼ਾਂ ਦੀ ਬਾਰੀਕੀ ਨਾਲ ਪੜਤਾਲ ਕਰਨਗੇ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ, ਉਸੇ ਦੇ ਆਧਾਰ ’ਤੇ ਅਗਲੀ ਕਾਨੂੰਨੀ ਤੇ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਹ ਕਾਰਵਾਈ ਕੈਲੀਫੋਰਨੀਆ ਦੇ ਅਟਾਰਨੀ ਦਫ਼ਤਰ ਵੱਲੋਂ ਭਾਰਤ ਸਥਿਤ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਸਮੂਹਾਂ ਦੇ ਖ਼ਿਲਾਫ਼ ਇੱਕ ਤਾਲਮੇਲ ਵਾਲੀ ਅੰਤਰਰਾਸ਼ਟਰੀ ਕਾਰਵਾਈ ਦੇ ਐਲਾਨ ਤੋਂ ਇੱਕ ਦਿਨ ਬਾਅਦ ਹੋਈ ਹੈ, ਜਿਸ ਦੇ ਨਤੀਜੇ ਵਜੋਂ ਅਮਰੀਕਾ, ਕੈਨੇਡਾ ਅਤੇ ਯੂਰਪ ਵਿੱਚ ਗ੍ਰਿਫ਼ਤਾਰੀਆਂ ਹੋਈਆਂ ਹਨ।
ਜਲੰਧਰ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ ਦਫ਼ਤਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਖ਼ਬਰਾਂ ਅਤੇ ਸੋਸ਼ਲ ਮੀਡੀਆ ਪੋਸਟਾਂ ਦਾ ਨੋਟਿਸ ਲਿਆ ਗਿਆ ਹੈ, ਜਿਨ੍ਹਾਂ ਵਿੱਚ ਕਥਿਤ ਤੌਰ ‘ਤੇ ਐੱਫ.ਬੀ.ਆਈ. ਵੱਲੋਂ ਕੀਤੀ ਗਈ ਜਬਰਨ ਵਸੂਲੀ ਸਬੰਧੀ ਜਾਂਚ ਦੇ ਸਿਲਸਿਲੇ ਵਿੱਚ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਦਾ ਨਾਮ ਸਾਹਮਣੇ ਆਇਆ ਹੈ। ਨਾਗਰਾ ਵਰਤਮਾਨ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਪੁਲਿਸ ਥਾਣੇ ਵਿੱਚ ਐੱਸ.ਐੱਚ.ਓ. ਵਜੋਂ ਤਾਇਨਾਤ ਹਨ।”
ਬਿਆਨ ਵਿੱਚ ਅੱਗੇ ਕਿਹਾ ਗਿਆ ਕਿ ਤੱਥਾਂ ਦੀ ਪੁਸ਼ਟੀ ਹੋਣ ਤੱਕ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਨੂੰ ਤੁਰੰਤ ਪ੍ਰਭਾਵ ਨਾਲ ਪੁਲਿਸ ਥਾਣਾ ਟਾਂਡਾ ਤੋਂ ਪੁਲਿਸ ਲਾਈਨ, ਹੁਸ਼ਿਆਰਪੁਰ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
ਬਿਆਨ ਮੁਤਾਬਕ ਜਲੰਧਰ ਰੇਂਜ ਦੇ ਡੀ.ਆਈ.ਜੀ. ਵੱਲੋਂ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਇਸ ਦੀ ਜ਼ਿੰਮੇਵਾਰੀ ਪੁਲਿਸ ਸੁਪਰਡੈਂਟ (ਜਾਂਚ/ਇਨਵੈਸਟੀਗੇਸ਼ਨ), ਜਲੰਧਰ ਦਿਹਾਤੀ ਨੂੰ ਸੌਂਪੀ ਗਈ ਹੈ । ਜਾਂਚ ਅਧਿਕਾਰੀ ਨੂੰ ਦੋਸ਼ਾਂ ਅਤੇ ਸਾਰੇ ਸਬੰਧਤ ਤੱਥਾਂ ਦੀ ਪੜਤਾਲ ਕਰਨ ਅਤੇ ਜਲਦੀ ਤੋਂ ਜਲਦੀ ਇੱਕ ਵਿਸਥਾਰਤ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਖ਼ਬਰਾਂ ਅਨੁਸਾਰ ਅਮਰੀਕੀ ਦੋਸ਼ਾਂ ਵਿੱਚ ਇਹ ਇਲਜ਼ਾਮ ਲਗਾਇਆ ਗਿਆ ਹੈ ਕਿ ਬਦਨਾਮ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਭਾਰਤ ਦੀ ਇੱਕ ਜੇਲ੍ਹ ਵਿੱਚੋਂ ਅਪਰਾਧਿਕ ਗਿਰੋਹ ਦਾ ਸੰਚਾਲਨ ਕੀਤਾ ਅਤੇ ਗੁਰਿੰਦਰਜੀਤ ਸਿੰਘ (ਜਿਨ੍ਹਾਂ ਨੂੰ ਪੰਜਾਬ ਦਾ ਪੁਲਿਸ ਅਧਿਕਾਰੀ ਦੱਸਿਆ ਗਿਆ ਹੈ) ਨੇ ਅਮਰੀਕਾ ਸਥਿਤ ਇੱਕ ਪਰਿਵਾਰ ਨੂੰ ਭਾਰਤ ਵਿੱਚ ਕਤਲ ਦੇ ਝੂਠੇ ਕੇਸ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਸੀ।