61 ਸਾਲ ਦੀ ਉਮਰ ’ਚ ਅਦਾਕਾਰ Amir Khan ਕਰਵਾ ਰਹੇ ਤੀਜਾ ਵਿਆਹ
‘ਸਮਾਂ ਆ ਗਿਆ’, ਗਰਲਫ੍ਰੈਂਡ ਤੋਂ ਪਤਨੀ ਬਣੇਗੀ ਗੋਰੀ; 61 ਸਾਲ ਦੀ ਉਮਰ ’ਚ ਅਦਾਕਾਰ Aamir Khan ਕਰਵਾ ਰਹੇ ਤੀਜਾ ਵਿਆਹ
ਵਿਆਹ ਨੂੰ ਲੈ ਕੇ ਕਿਹਾ- ‘ਜ਼ਿੰਦਗੀ ਨੂੰ ਇੱਕ ਹੋਰ ਮੌਕਾ ਦੇ ਰਿਹਾ ਹਾਂ’, ਸੋਸ਼ਲ ਮੀਡੀਆ ’ਤੇ ਚਰਚਾ ਤੇਜ਼

Amir Khan Wedding: ਬੌਲੀਵੁੱਡ ਦੇ ‘ਮਿਸਟਰ ਪਰਫੈਕਸ਼ਨਿਸਟ’ ਵਜੋਂ ਜਾਣੇ ਜਾਂਦੇ ਮਸ਼ਹੂਰ ਅਦਾਕਾਰ ਆਮਿਰ ਖ਼ਾਨ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚੱਲ ਰਹੀਆਂ ਤਮਾਮ ਅਫ਼ਵਾਹਾਂ ਅਤੇ ਅਟਕਲਾਂ ’ਤੇ ਵਿਰਾਮ ਲਗਾ ਦਿੱਤਾ ਹੈ। ਆਮਿਰ ਖ਼ਾਨ ਨੇ ਅਧਿਕਾਰਤ ਤੌਰ ’ਤੇ ਪੁਸ਼ਟੀ ਕੀਤੀ ਹੈ ਕਿ ਉਹ 5 ਜੁਲਾਈ ਨੂੰ ਗੌਰੀ ਸਪ੍ਰੈਟ (Gauri Spratt) ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਕਿਰਨ ਰਾਓ ਨਾਲ ਤਲਾਕ ਤੋਂ ਬਾਅਦ ਇਹ ਆਮਿਰ ਖ਼ਾਨ ਦਾ ਤੀਜਾ ਵਿਆਹ ਹੋਵੇਗਾ, ਜਿਸ ਕਾਰਨ ਫ਼ਿਲਮੀ ਗਲਿਆਰਿਆਂ ਵਿੱਚ ਹਲਚਲ ਤੇਜ਼ ਹੋ ਗਈ ਹੈ।

ਵਿਆਹ ਬਾਰੇ ਖੁਲਾਸਾ ਕਰਦਿਆਂ 61 ਸਾਲਾ ਅਦਾਕਾਰ ਨੇ ਕਿਹਾ ਕਿ ਜ਼ਿੰਦਗੀ ਵਿੱਚ ਉਤਾਰ-ਚੜ੍ਹਾਅ ਆਉਂਦੇ ਰਹਿੰਦੇ ਹਨ, ਪਰ ਇਸ ਦਾ ਮਤਲਬ ਇਹ ਨਹੀਂ ਕਿ ਇਨਸਾਨ ਅੱਗੇ ਵਧਣਾ ਛੱਡ ਦੇਵੇ। ਉਨ੍ਹਾਂ ਕਿਹਾ, “ਮੈਂ ਅਤੇ ਗੌਰੀ ਪਿਛਲੇ ਕੁਝ ਸਮੇਂ ਤੋਂ ਇੱਕ-ਦੂਜੇ ਨੂੰ ਸਮਝ ਰਹੇ ਹਾਂ ਅਤੇ ਅਸੀਂ ਆਪਣੀ ਜ਼ਿੰਦਗੀ ਦੀ ਇਸ ਨਵੀਂ ਸ਼ੁਰੂਆਤ ਨੂੰ ਲੈ ਕੇ ਬੇਹੱਦ ਖ਼ੁਸ਼ ਹਾਂ। ਮੈਂ ਆਪਣੀ ਜ਼ਿੰਦਗੀ ਨੂੰ ਪਿਆਰ ਅਤੇ ਖ਼ੁਸ਼ੀਆਂ ਦਾ ਇੱਕ ਹੋਰ ਮੌਕਾ ਦੇ ਰਿਹਾ ਹਾਂ।”

ਸਾਦਗੀ ਨਾਲ ਹੋਵੇਗਾ ਵਿਆਹ
ਸੂਤਰਾਂ ਮੁਤਾਬਕ ਇਹ ਵਿਆਹ ਬਹੁਤ ਹੀ ਸਾਦੇ ਢੰਗ ਨਾਲ ਪਰਿਵਾਰਕ ਮੈਂਬਰਾਂ ਅਤੇ ਕੁਝ ਬੇਹੱਦ ਨਜ਼ਦੀਕੀ ਦੋਸਤਾਂ ਦੀ ਮੌਜੂਦਗੀ ਵਿੱਚ ਹੋਵੇਗਾ। ਆਮਿਰ ਖ਼ਾਨ ਇਸ ਵਾਰ ਕਿਸੇ ਵੱਡੇ ਤੜਕ-ਭੜਕ ਵਾਲੇ ਸਮਾਗਮ ਦੀ ਬਜਾਏ ਨਿੱਜੀ ਤੌਰ ’ਤੇ ਇਸ ਰਿਸ਼ਤੇ ਨੂੰ ਅੱਗੇ ਵਧਾਉਣਾ ਚਾਹੁੰਦੇ ਹਨ।

ਜ਼ਿਕਰਯੋਗ ਹੈ ਕਿ ਆਮਿਰ ਖ਼ਾਨ ਦਾ ਪਹਿਲਾ ਵਿਆਹ ਰੀਨਾ ਦੱਤਾ ਨਾਲ ਹੋਇਆ ਸੀ, ਜਿਸ ਤੋਂ ਉਨ੍ਹਾਂ ਦੇ ਦੋ ਬੱਚੇ (ਜੁਨੈਦ ਅਤੇ ਇਰਾ) ਹਨ। ਇਸ ਤੋਂ ਬਾਅਦ ਸਾਲ 2005 ਵਿੱਚ ਉਨ੍ਹਾਂ ਨੇ ਫ਼ਿਲਮ ਨਿਰਮਾਤਾ ਕਿਰਨ ਰਾਓ ਨਾਲ ਵਿਆਹ ਕੀਤਾ ਸੀ, ਪਰ ਸਾਲ 2021 ਵਿੱਚ ਦੋਵਾਂ ਨੇ ਆਪਸੀ ਸਹਿਮਤੀ ਨਾਲ ਤਲਾਕ ਲੈ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਹੁਣ ਗੌਰੀ ਸਪ੍ਰੈਟ ਨਾਲ ਉਨ੍ਹਾਂ ਦੇ ਵਿਆਹ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕਾਂ ਅਤੇ ਬੌਲੀਵੁੱਡ ਜਗਤ ਵੱਲੋਂ ਉਨ੍ਹਾਂ ਨੂੰ ਵਧਾਈਆਂ ਮਿਲ ਰਹੀਆਂ ਹਨ।