USA –

ਅਮਰੀਕਾ ,1 ਜੂਨ – ਇਲੀਨੋਇਸ ਦੀ ਮੈਕਲੀਨ ਕਾਉਂਟੀ ‘ਚ ਹੁਣ ਤੱਕ ਦੀ ਸਭ ਤੋਂ ਵੱਡੀ ਮਾਤਰਾ ਵਿਚ ਕੋਕੀਨ ਫੜੀ ਜਾਣ ਦੇ ਨਤੀਜੇ ਵਜੋਂ ਕੈਲੀਫੋਰਨੀਆ ਦੇ ਇਕ ਪੰਜਾਬੀ ਟਰੱਕਰ ਨੂੰ ਅਦਾਲਤ ਨੇ 75 ਸਾਲ ਦੀ ਲੰਬੀ ਕੈਦ ਦੀ ਸਜ਼ਾ ਸੁਣਾਈ ਹੈ।
ਜੱਜ ਵਿਲੀਅਮ ਯੋਡਰ ਨੇ 30 ਸਾਲਾਂ ਜੋਬਨਪ੍ਰੀਤ ਸਿੰਘ ਨੂੰ ਸਜਾ ਸੁਣਾਉਂਦਿਆ ਇਹ ਵੀ ਹੁਕਮ ਕੀਤੇ ਕਿ ਉਹ ਕੈਦ ਦਾ 75 ਫੀਸਦੀ ਹਿੱਸਾ ਬਿਤਾ ਕੇ 55 ਸਾਲ ਕੈਦ ਕੱਟਣ ਪਿੱਛੋਂ ਹੀ ਜਮਾਨਤ ਲਈ ਅਰਜੀ ਦੇ ਸਕਣ ਦੇ ਯੋਗ ਹੋਵੇਗਾ।
ਇਸ ਤੋਂ ਪਹਿਲਾਂ ਉਹ ਇਸੇ ਕੇਸ ਵਿਚ ਮੈਕਲੀਨ ਕਾਉਂਟੀ ਜੇਲ੍ਹ ‘ਚ 407 ਦਿਨ ਬਿਤਾ ਚੁੱਕਾ ਹੈ ਤੇ ਇਸੇ ਸਾਲ ਮਾਰਚ ਵਿਚ ਜਿਊਰੀ ਨੇ ਸਿੰਘ ਨੂੰ ਪਾਬੰਦੀ ਸ਼ੁਦਾ ਪਦਾਰਥਾਂ ਕੋਕੀਨ ਦੀ ਤਸਕਰੀ ਤੇ ਡਿਲੀਵਰੀ ਦੇ ਇਰਾਦੇ ਨਾਲ ਜਾਣਬੁਝ ਕੇ ਇਹ ਸਭ ਕੁਝ ਕਰਨ ਲਈ ਦੋਸ਼ੀ ਕਰਾਰ ਦਿੱਤਾ ਸੀ।
ਸਟੇਟ ਪੁਲਿਸ ਦੇ ਇਕ ਜਵਾਨ ਨੇ ਅਪ੍ਰੈਲ, 2025 ਵਿਚ ਹਾਈ ਵੇ-74 ‘ਤੇ ਲੇਰੋਏ ਐਗਜ਼ਿਟ ‘ਤੇ ਇਕ ਟ੍ਰੈਫਿਕ ਸਟਾਪ ਦੌਰਾਨ ਉਸ ਤੋਂ ਇਹ ਕੋਕੀਨ ਬਰਾਮਦ ਕੀਤੀ ਸੀ ਜਦੋਂ ਉਹ ਪੋਲਟਰੀ ਨਾਲ ਸਬੰਧਿਤ ਇਕ ਲੋਡ ਲੈ ਕੇ ਜਾ ਰਿਹਾ ਸੀ।

ਰਾਜ ਦੀ ਅਟਾਰਨੀ ਏਰਿਕਾ ਰੇਨੋਲਡਜ਼ ਵਲੋਂ ਜਾਰੀ ਇਕ ਰਿਲੀਜ਼ ਅਨੁਸਾਰ ਜੋਬਨਪ੍ਰੀਤ ਸਿੰਘ ਦੁਆਰਾ ਚਲਾਏ ਜਾ ਰਹੇ ਇੱਕ ਟਰੱਕ ਵਿਚ ਮਿਲੇ ਲਗਭਗ 234 ਪੌਂਡ(ਅੰਦਾਜਨ 106 ਕਿੱਲੋ) ਕੋਕੀਨ ਦੀ ਬਾਜਾਰੀ ਕੀਮਤ $10.6 ਮਿਲੀਅਨ ਡਾਲਰ(ਕਰੀਬ ਸੌ ਕਰੋੜ ਰੁਪਏ)ਤੋਂ ਵੱਧ ਸੀ। ਅਟਾਰਨੀ ਅਨੁਸਾਰ ਜਦੋਂ ਸਿੰਘ ਨੂੰ ਰੁਕਣ ਲਈ ਕਿਹਾ ਗਿਆ ਸੀ ਤਾਂ ਉਸ ਨੇ ਅਜਿਹਾ ਕਰਨ ਵਿਚ ਕਾਫੀ ਸਮਾਂ ਲਗਾਇਆ।
ਜਦੋਂ ਪੁਲਿਸ ਨੇ ਉਸ ਤੋਂ ਪੁੱਛਗਿੱਛ ਕੀਤੀ ਤਾਂ ਉਹ ਬਹੁਤ ਜ਼ਿਆਦਾ ਘਬਰਾਹਟ ਵਿਚ ਸੀ ਤੇ ਉਸ ਦੇ ਸਰੀਰਕ ਸੰਕੇਤ ਪੂਰੇ ਸ਼ੱਕੀ ਸਨ। ਉਦੋਂ ਉਸ ਨੇ ਅਧਿਕਾਰੀਆਂ ਕੋਲ ਦਾਅਵਾ ਕੀਤਾ ਸੀ ਕਿ ਉਸਨੂੰ ਚਾਰ ਵੱਡੇ ਕੂੜੇ ਦੇ ਥੈਲਿਆਂ ਵਿਚ ਮੌਜੂਦ ਨਸ਼ੀਲੇ ਪਦਾਰਥਾਂ ਬਾਰੇ ਨਹੀਂ ਪਤਾ ਸੀ ਪਰ ਵਕੀਲ ਨੇ ਦੱਸਿਆ ਕਿ ਸਿੰਘ ਦੇ ਸੈੱਲਫੋਨ ਦੀ ਦੀ ਛਾਣ-ਬੀਣ ਤੋਂ ਦੇਸ਼ ਭਰ ਵਿਚ 5,400 ਡਾਲਰ ਵਿਚ ਲੋਡ ਢੋਣ ਬਾਰੇ ਅਸਪੱਸ਼ਟ ਸੰਚਾਰ ਸੰਕੇਤ ਸਾਹਮਣੇ ਆਏ, ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ‘ਡਰੱਗ ਮਿਊਲ’ਵਜੋਂ ਪੈਸਾ ਕਮਾ ਰਿਹਾ ਸੀ।