Breaking News

Punajb ED Raids: ਸਰਕਾਰੀ ਏਜੰਸੀਆਂ ਨੂੰ ਰਾਜਨੀਤੀ ਲਈ ਵਰਤ ਰਹੀ ਭਾਜਪਾ: ਮੁੱਖ ਮੰਤਰੀ

Punajb ED Raids: ਸਰਕਾਰੀ ਏਜੰਸੀਆਂ ਨੂੰ ਰਾਜਨੀਤੀ ਲਈ ਵਰਤ ਰਹੀ ਭਾਜਪਾ

ਮੋਦੀ ਮਨ ਚ ਰੱਖੀਂ ਬੈਠੇ ਨੇ ਤਿੰਨ ਖੇਤੀ ਕਾਨੂੰਨਾਂ ਮੌਕੇ ਪੰਜਾਬੀਆਂ ਅੱਗੇ ਝੁਕਣ ਦਾ ਦਰਦ: ਭਗਵੰਤ ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਭਾਜਪਾ ਕੋਲ ਈ.ਡੀ, ਸੀ.ਬੀ.ਆਈ, ਇਨਕਮ ਟੈਕਸ, ਚੋਣ ਕਮਿਸ਼ਨਰ ਆਦਿ 4/5 ਅਜਿਹੇ ਹਥਿਆਰ ਹਨ ਜਿੰਨ੍ਹਾਂ ਨੂੰ ਭਾਜਪਾ ਰਾਜਨੀਤੀ ਕਰਨ ਵਾਸਤੇ ਵਰਤ ਰਹੀ ਹੈ ਪਰੰਤੂ ਇਹ ਹਥਿਆਰ ਪੰਜਾਬ ਵਿਚ ਨਹੀਂ ਚੱਲਣੇ। ਸ੍ਰੀ ਮਾਨ ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਟਿਕਾਣਿਆਂ ਉਪਰ ਈ.ਡੀ.ਦੀ ਛਾਪੇਮਾਰੀ ਦੇ ਵਿਰੋਧ ਚ ਬੁਲਾਈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।

ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਭਾਜਪਾ ਈ.ਡੀ.ਦੀ ਛਾਪੇਮਾਰੀ ਕਰਵਾ ਕੇ ਧਮਕਾਉਂਦੀ ਹੈ ਕਿ ਭਾਜਪਾ ਜੁਆਇੰਨ ਕਰ ਲਓ, ਫਿਰ ਸਭ ਕੁੱਝ ਮਾਫ਼ ਹੈ। ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੇ ਕਾਰੋਬਾਰ ਉਪਰ ਦੋ ਦਿਨ ਛਾਪੇਮਾਰੀ ਚੱਲੀ ਅਤੇ ਤੀਜੇ ਦਿਨ ਅਸ਼ੋਕ ਮਿੱਤਲ ਭਾਜਪਾ ਚ ਸ਼ਾਮਲ ਹੋ ਗਏ। ਕਮਾਲ ਦੀ ਗੱਲ ਕਿ ਨਾਲ ਸਨਮਾਨ ਵੀ ਦਿੰਦੇ ਹਨ। ਮਿੱਤਲ ਨੂੰ ਵਾਈ ਪਲੱਸ ਸਕਿਊਰਟੀ ਵੀ ਦੇ ਦਿੱਤੀ।
ਸ੍ਰੀ ਮਾਨ ਨੇ ਕਿਹਾ ਕਿ ਉਹ ਮੋਦੀ ਅਤੇ ਸ਼ਾਹ ਨੂੰ ਦੱਸਣਾ ਚਾਹੁੰਦੇ ਹਨ ਕਿ ਇਹ ਪੰਜਾਬ ਹੈ, ਗਿੱਦੜ ਧਮਕੀਆਂ ਤੋਂ ਡਰਨ ਵਾਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਮੋਦੀ ਨੂੰ ਇੱਕ ਵਾਰ ਤਿੰਨ ਕਾਲੇ ਖੇਤੀ ਕਾਨੂੰਨਾਂ ਮੌਕੇ ਪੰਜਾਬੀਆਂ ਅੱਗੇ ਝੁਕਣਾ ਪਿਆ ਸੀ ਅਤੇ ਮੁਆਫ਼ੀ ਵੀ ਮੰਗੀ ਸੀ। ਸ਼ਾਇਦ ਉਦੋਂ ਦਾ ਹੀ ਦਰਦ ਮਨ ਵਿਚ ਰੱਖੀ ਬੈਠੇ ਹਨ।

ਸ੍ਰੀ ਮਾਨ ਨੇ ਕਿਹਾ ਕਿ ਪੱਛਮੀ ਬੰਗਾਲ ਵਿਚ ਭਾਜਪਾ ਸਰਕਾਰ ਨੇ ਅੱਜ ਸਹੁੰ ਚੁੱਕਣੀ ਹੈ ਪਰੰਤੂ ਬੰਗਾਲ ਵਿਚ ਪਿਛਲੇ ਕਈ ਦਿਨਾਂ ਤੋਂ ਅੱਗ ਲੱਗੀ ਹੋਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਦੋ ਫਿਰਕਿਆਂ ਨੂੰ ਲੜਾਉਣਾ ਇਨ੍ਹਾਂ ਦਾ ਕੰਮ ਕਰਨ ਦਾ ਤਰੀਕਾ ਹੈ ਪਰੰਤੂ ਨਫਰ਼ਤ ਦੀ ਰਾਜਨੀਤੀ ਪੰਜਾਬ ਵਿਚ ਨਹੀਂ ਚੱਲਣੀ। ਜੇ ਕੋਈ ਪੰਜਾਬ ਵੱਲ ਮੈਲੀ ਅੱਖ ਨਾਲ ਵੇਖੇਗਾ ਤਾਂ ਪੰਜਾਬੀ ਅੱਖ ਕੱਢ ਲੈਂਦੇ ਹਨ।
ਉਨ੍ਹਾਂ ਦੋਸ਼ ਲਾਇਆ ਕਿ ਇਹ ਈ.ਡੀ. ਦੇ ਛਾਪਿਆਂ ਨਾਲ ਚੋਣਾਂ ਦੀ ਤਿਆਰੀ ਕਰਦੇ ਹਨ। ਉਨ੍ਹਾਂ ਬੀ.ਜੇ.ਪੀ. ਨੂੰ ਭਾਰਤ ਜਲਾਓ ਪਾਰਟੀ ਕਰਾਰ ਦਿੰਦਿਆਂ ਚਿਤਾਵਨੀ ਦਿੱਤੀ ਕਿ ਅਜਿਹੀ ਖੇਡ ਪੰਜਾਬ ਨਾਲ ਨਾ ਖੇਡੋ ਕਿਉਂਕਿ ਪੰਜਾਬੀ ਲੋਕਤੰਤਰ ਦਾ ਘਾਣ ਨਹੀਂ ਹੋਣ ਦੇਣਗੇ।

ਬੇਅਦਬੀ ਖਿਲਾਫ਼ ਬਣਾਏ ਸਖਤ ਕਾਨੂੰਨ ਦੇ ਸਬੰਧ ਵਿਚ ਡਿਪਟੀ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉਪਰ ਤਲਬ ਕਰਨ ਬਾਰੇ ਸ੍ਰੀ ਮਾਨ ਨੇ ਕਿਹਾ ਕਿ ਜੁਲਾਈ-2007 ਵਿਚ ਐੱਸ.ਜੀ.ਪੀ.ਸੀ. ਨੇ ਮਤਾ ਪਾਸ ਕਰਕੇ ਕਾਨੂੰਨ ਬਣਾਉਣ ਦਾ ਅਧਿਕਾਰ ਪੰਜਾਬ ਸਰਕਾਰ ਨੂੰ ਦਿੱਤਾ ਸੀ ਪਰੰਤੂ ਉਹ ਹੁਣ ਕਾਨੂੰਨ ਦਾ ਵਿਰੋਧ ਕਰ ਰਹੇ ਹਨ। ਇਸ ਮੌਕੇ ਮੀਡੀਆ ਸਲਾਹਕਾਰ ਬਲਤੇਜ ਸਿੰਘ ਪਨੂੰ ਅਤੇ ਵਿਧਾਇਕ ਨਰਿੰਦਰ ਕੌਰ ਭਰਾਜ ਵੀ ਮੌਜੂਦ ਸਨ।

ਅੱਜ ਸੰਗਰੂਰ ਵਿਖੇ ਮੀਡੀਆ ਦੇ ਸਾਥੀਆਂ ਨਾਲ ਇੱਕ ਗੰਭੀਰ ਮੁੱਦੇ ‘ਤੇ ਵਿਸ਼ੇਸ਼ ਗੱਲਬਾਤ ਕੀਤੀ। ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਦੇਸ਼ ਦੇ ਸੰਵਿਧਾਨਿਕ ਢਾਂਚੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਭਾਜਪਾ ਲਗਾਤਰ CBI, ED, ਇਨਕਮ ਟੈਕਸ ਅਤੇ ਚੋਣ ਕਮਿਸ਼ਨ ਵਰਗੀਆਂ ਸੰਸਥਾਵਾਂ ਨੂੰ ਆਪਣੇ ਸਿਆਸੀ ਫ਼ਾਇਦੇ ਲਈ ਇਸਤੇਮਾਲ ਕਰ ਰਹੀ ਹੈ।

ਆਖ਼ਿਰ ED ਦੇ ਛਾਪੇ ਸਿਰਫ਼ ਉਨ੍ਹਾਂ ਸੂਬਿਆਂ ਵਿੱਚ ਹੀ ਕਿਉਂ ਮਾਰੇ ਜਾ ਰਹੇ ਹਨ ਜਿੱਥੇ ਭਾਜਪਾ ਦੀ ਸਰਕਾਰ ਨਹੀਂ ਹੈ? ਇਹ ਸਿੱਧੇ ਤੌਰ ‘ਤੇ ਲੋਕਤੰਤਰ ਦਾ ਕਤਲ ਹੈ। ਪੰਜਾਬੀਆਂ ਨਾਲ ਨਫ਼ਰਤ ਅਤੇ ਵਿਤਕਰੇ ਦੀ ਰਾਜਨੀਤੀ ਕੀਤੀ ਜਾ ਰਹੀ ਹੈ। ਸਾਨੂੰ ਡਰਾਉਣ-ਧਮਕਾਉਣ ਲਈ ਨਿੱਤ ਨਵੇਂ ਹੱਥਕੰਡੇ ਵਰਤੇ ਜਾ ਰਹੇ ਹਨ। ਮੈਂ ਇੱਕ ਗੱਲ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਪੰਜਾਬ ਗੁਰੂਆਂ-ਪੀਰਾਂ ਦੀ ਧਰਤੀ ਹੈ, ਇਸ ਜ਼ਰਖ਼ੇਜ਼ ਮਿੱਟੀ ਵਿੱਚ ਹਰ ਬੀਜ ਪੁੰਗਰ ਸਕਦਾ ਹੈ, ਪਰ ਨਫ਼ਰਤ ਦਾ ਬੀਜ ਇੱਥੇ ਕਦੇ ਜੜ੍ਹ ਨਹੀਂ ਫੜ ਸਕਦਾ।

ਅਸਲ ਵਿੱਚ, ਬੇਅਦਬੀ ਖਿਲਾਫ਼ ਸਖ਼ਤ ਕਾਨੂੰਨ ਪਾਸ ਹੋਣ ਤੋਂ ਬਾਅਦ ਭਾਜਪਾ ਪੂਰੀ ਤਰ੍ਹਾਂ ਬੌਖਲਾਈ ਹੋਈ ਹੈ। ਪੰਜਾਬ ਦੇ ਲੋਕਾਂ ਨਾਲ ਅਜਿਹੀਆਂ ਖੇਡਾਂ ਖੇਡਣੀਆਂ ਬੰਦ ਕਰੋ। ਇਹ ਤਾਨਾਸ਼ਾਹੀ ਵਤੀਰਾ ਇੱਥੇ ਨਹੀਂ ਚੱਲ ਸਕਦਾ। ਅਸੀਂ ਪੂਰੀ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਰਦੇ ਰਹਾਂਗੇ। ਨਾ ਅਸੀਂ ਝੁਕਾਂਗੇ, ਨਾ ਅਸੀਂ ਰੁਕਾਂਗੇ।

ਇਨਕਲਾਬ ਜ਼ਿੰਦਾਬਾਦ!

Check Also

Dog Surgery Viral Video: ਇਨਸਾਨ ਤੋਂ ‘ਕੁੱਤਾ’ ਬਣਨ ਲਈ ਖ਼ਰਚ ਦਿੱਤੇ 220 ਕਰੋੜ; ਵੀਡੀਓ ਵਾਇਰਲ

Dog Surgery Viral Video: ਇਨਸਾਨ ਤੋਂ ‘ਕੁੱਤਾ’ ਬਣਨ ਲਈ ਖ਼ਰਚ ਦਿੱਤੇ 220 ਕਰੋੜ; ਵੀਡੀਓ ਵਾਇਰਲ …