Moga News: ਪਿੰਡ ਲੰਡੇ ਦੇ ਸਕੂਲ ਵਿੱਚ ਦਰੱਖ਼ਤ ਨਾਲ ਲਟਕਦੀ ਮਿਲੀ ਨੌਜਵਾਨ ਦੀ ਲਾਸ਼, ਇਲਾਕੇ ਵਿੱਚ ਫੈਲੀ ਦਹਿਸ਼ਤ
ਪਰਿਵਾਰ ਵੱਲੋਂ ਕਤਲ ਦਾ ਖਦਸ਼ਾ ਜਤਾਕੇ ਇਨਸਾਫ ਦੀ ਮੰਗ
ਮੋਗਾ ਦੇ ਬਾਘਾ ਪੁਰਾਣਾ ਕਸਬੇ ਅਧੀਨ ਪੈਂਦੇ ਪਿੰਡ ਲੰਡੇ ਵਿੱਚ ਉਸ ਵੇਲੇ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਇੱਕ ਨੌਜਵਾਨ ਦੀ ਲਾਸ਼ ਸਰਕਾਰੀ ਸਕੂਲ ਦੇ ਅੰਦਰ ਦਰੱਖ਼ਤ ਨਾਲ ਲਟਕਦੀ ਮਿਲੀ। ਮ੍ਰਿਤਕ ਦੀ ਪਹਿਚਾਣ ਮਨਪ੍ਰੀਤ ਸਿੰਘ (32) ਵਾਸੀ ਪਿੰਡ ਲੰਡੇ ਵਜੋਂ ਹੋਈ ਹੈ।

ਮਿਲੀ ਜਾਣਕਾਰੀ ਮੁਤਾਬਿਕ ਮਨਪ੍ਰੀਤ ਸਿੰਘ ਮਜ਼ਦੂਰੀ ਦਾ ਕੰਮ ਕਰਦਾ ਸੀ ਅਤੇ ਬੀਤੀ ਸ਼ਾਮ ਘਰੋਂ ਗਿਆ ਹੋਇਆ ਸੀ ਪਰ ਵਾਪਸ ਨਹੀਂ ਆਇਆ। ਇਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਵੱਲੋਂ ਉਸਦੀ ਕਾਫੀ ਭਾਲ ਕੀਤੀ ਗਈ। ਅੱਜ ਤੜਕੇ ਕਰੀਬ 7 ਵਜੇ ਪਰਿਵਾਰ ਨੂੰ ਸੂਚਨਾ ਮਿਲੀ ਕਿ ਸਕੂਲ ਦੇ ਅੰਦਰ ਇੱਕ ਨੌਜਵਾਨ ਦੀ ਲਾਸ਼ ਦਰੱਖ਼ਤ ਨਾਲ ਲਟਕ ਰਹੀ ਹੈ।

ਸੂਚਨਾ ਮਿਲਣ ਉਪਰੰਤ ਪਰਿਵਾਰਿਕ ਮੈਂਬਰ ਮੌਕੇ ‘ਤੇ ਪਹੁੰਚੇ ਤਾਂ ਉਨ੍ਹਾਂ ਨੇ ਮਨਪ੍ਰੀਤ ਸਿੰਘ ਦੀ ਲਾਸ਼ ਦਰੱਖ਼ਤ ਨਾਲ ਲਟਕਦੀ ਦੇਖੀ। ਘਟਨਾ ਤੋਂ ਬਾਅਦ ਪਿੰਡ ਅਤੇ ਆਸ-ਪਾਸ ਦੇ ਇਲਾਕੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣ ਗਿਆ।

ਮੌਕੇ ‘ਤੇ ਪੁਲਿਸ ਪ੍ਰਸ਼ਾਸਨ ਪਹੁੰਚ ਗਿਆ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਪਰਿਵਾਰਿਕ ਮੈਂਬਰਾਂ ਵੱਲੋਂ ਇਸ ਮਾਮਲੇ ਵਿੱਚ ਕਤਲ ਦਾ ਸ਼ੱਕ ਜਤਾਇਆ ਜਾ ਰਿਹਾ ਹੈ ਅਤੇ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।