BJP Punjab President Sunil Jakhar has written to Union Minister Pralhad Joshi seeking a probe into an alleged scam in the purchase of old gunny bags by the Punjab government.
He claimed that bags available at around ₹22 were procured at ₹43.89 each, raising concerns of large-scale corruption, and urged immediate investigation and accountability.
ਸੁਨੀਲ ਜਾਖੜ ਨੇ ਪੰਜਾਬ ਸਰਕਾਰ ’ਤੇ ਲਗਾਇਆ ‘ਬਾਰਦਾਨਾ ਘੁਟਾਲੇ’ ਦਾ ਦੋਸ਼; ਕੇਂਦਰੀ ਮੰਤਰੀ ਨੂੰ ਲਿਖੀ ਚਿੱਠੀ
ਭਾਜਪਾ ਪ੍ਰਧਾਨ ਵੱਲੋਂ ਉੱਚ ਪੱਧਰੀ ਜਾਂਚ ਦੀ ਮੰਗ
ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ’ਤੇ ਕਣਕ ਦੀ ਭਰਾਈ ਲਈ ਵਰਤੇ ਜਾਣ ਵਾਲੇ ਪੁਰਾਣੇ ਬਾਰਦਾਨੇ (ਗੰਨੀ ਬੈਗਸ) ਦੀ ਖਰੀਦ ਵਿੱਚ ਵੱਡੇ ਘੁਟਾਲੇ ਦਾ ਖ਼ਦਸ਼ਾ ਜਤਾਇਆ ਹੈ। ਜਾਖੜ ਨੇ ਇਸ ਸਬੰਧ ਵਿੱਚ ਕੇਂਦਰੀ ਖੁਰਾਕ ਅਤੇ ਸਪਲਾਈ ਮੰਤਰੀ ਪ੍ਰਹਿਲਾਦ ਜੋਸ਼ੀ ਨੂੰ ਪੱਤਰ ਲਿਖ ਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।

ਸੁਨੀਲ ਜਾਖੜ ਨੇ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਬਾਜ਼ਾਰ ਵਿੱਚ ਜੋ ਪੁਰਾਣਾ ਬਾਰਦਾਨਾ ਕਰੀਬ 22 ਰੁਪਏ ਪ੍ਰਤੀ ਬੈਗ ਉਪਲਬਧ ਹੈ, ਪੰਜਾਬ ਦੀ ‘ਕੱਟੜ ਇਮਾਨਦਾਰ’ ਕਹਾਉਣ ਵਾਲੀ ਸਰਕਾਰ ਨੇ ਉਸ ਨੂੰ ਕਥਿਤ ਤੌਰ ’ਤੇ 43.89 ਰੁਪਏ ਦੀ ਮਹਿੰਗੀ ਦਰ ’ਤੇ ਖਰੀਦਿਆ ਹੈ। ਉਨ੍ਹਾਂ ਕਿਹਾ ਕਿ ਕੀਮਤਾਂ ਵਿੱਚ ਇੰਨਾ ਵੱਡਾ ਅੰਤਰ ਸਿੱਧੇ ਤੌਰ ’ਤੇ ਭ੍ਰਿਸ਼ਟਾਚਾਰ ਅਤੇ ਮੋਟੇ ਕਮਿਸ਼ਨ ਵੱਲ ਇਸ਼ਾਰਾ ਕਰਦਾ ਹੈ।
ਜਾਖੜ ਅਨੁਸਾਰ, ਡੀ.ਸੀ.ਪੀ. ਸਕੀਮ ਤਹਿਤ ਪੰਜਾਬ ਸਰਕਾਰ ਕਣਕ ਦੀ ਭਰਾਈ ਲਈ ਪੁਰਾਣੇ ਬਾਰਦਾਨੇ ਦੀ ਵਰਤੋਂ ਕਰ ਰਹੀ ਹੈ, ਪਰ ਇਸ ’ਤੇ ਕੀਤਾ ਗਿਆ ਖਰਚਾ ਸ਼ੱਕੀ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਪੂਰੀ ਪ੍ਰਕਿਰਿਆ ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਸੱਚਾਈ ਸਾਹਮਣੇ ਆ ਸਕੇ। ਇਸ ਦੇ ਨਾਲ ਹੀ ਜਾਖੜ ਨੇ ਪੰਜਾਬ ਦੇ ਕਿਸਾਨਾਂ ਦੀ ਮੰਗ ’ਤੇ ਕਣਕ ਦੀ ਖਰੀਦ ਦੇ ਨਿਯਮਾਂ ਵਿੱਚ ਢਿੱਲ ਦੇਣ ਲਈ ਕੇਂਦਰ ਸਰਕਾਰ ਦਾ ਧੰਨਵਾਦ ਵੀ ਕੀਤਾ।