MP ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਾਲੇ ‘ਵਾਰਿਸ ਪੰਜਾਬ ਦੇ’ ਅਤੇ ‘ਪੁਨਰ ਸੁਰਜੀਤ’ ਵਿਚਾਲੇ ਗਠਜੋੜ
Update-
ਅੱਜ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਪੰਥਕ ਏਕਤਾ ਕਰਦਿਆਂ ਗਠਜੋੜ ਦਾ ਐਲਾਨ ਕੀਤਾ ਗਿਆ ਹੈ। ਦਰਅਸਲ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵੱਖ-ਵੱਖ ਚੁੱਲ੍ਹੇ ਇਕੱਠੇ ਕਰਨ ਦਾ ਹੁਕਮ ਜਾਰੀ ਹੋਇਆ ਸੀ ਜਿਸ ਕਰਕੇ ਇਸ ਵਰਤਾਰੇ ਦਾ ਆਪਣਾ ਇੱਕ ਖ਼ਾਸ ਮਹੱਤਵ ਹੈ।

ਮੇਰੀ ਜਾਣਕਾਰੀ ਮੁਤਾਬਿਕ ਇਸ ਗੱਠਜੋੜ ਲਈ ਪਹਿਲਕਦਮੀ ਗਿਆਨੀ ਹਰਪ੍ਰੀਤ ਸਿੰਘ ਤੇ MP ਅੰਮ੍ਰਿਤਪਾਲ ਸਿੰਘ ਹੋਰਾਂ ਦੇ ਬਾਪੂ ਤਰਸੇਮ ਸਿੰਘ ਹੋਰਾਂ ਵੱਲੋਂ ਕਾਫੀ ਸਮੇਂ ਪਹਿਲਾਂ ਕੀਤੀ ਗਈ ਸੀ ਜਿਸ ਲਈ ਬਰਜਿੰਦਰ ਸਿੰਘ ਹੁਸੈਨਪੁਰ (ਵਾਰਿਸ ਪੰਜਾਬ ਦੇ) ਤੇ ਸੁਖਵਿੰਦਰ ਸਿੰਘ ਫਗਵਾੜਾ ਤਾਲਮੇਲ ਕਰਦਿਆਂ ਮੁਸ਼ੱਕਤ ਕੀਤੀ ਸੀ, ਜਿਸਨੂੰ ਅੱਜ ਲੰਮੀ ਜੱਦੋ ਜਹਿਦ ਮਗਰੋਂ ਬੂਰ ਪਿਆ ਹੈ।
ਬੇਸ਼ੱਕ ਕਨਵੀਨਰ ਮਨਪ੍ਰੀਤ ਸਿੰਘ ਇਆਲੀ ਨੂੰ ਇਸ ਗੱਠਜੋੜ ਦਾ ਕਨਵੀਨਰ ਬਣਾਇਆ ਗਿਆ ਹੈ ਪਰ ਇਸ ਗੱਠਜੋੜ ਲਈ ਡਿਊਟੀ ਇਕਬਾਲ ਸਿੰਘ ਝੂੰਦਾਂ ਹੋਰਾਂ ਦੀ ਲਗਾਈ ਗਈ ਸੀ ਤੇ ਮੇਰੀ ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਹੀ ਦੋਵੇਂ ਧਿਰਾਂ ਨੇ ਬਤੌਰ ਕਨਵੀਨਰ ਚੁਣਿਆ ਸੀ ਜਿਸ ਕਰਕੇ ਇਸ ਪੰਥਕ ਏਕਤਾ ‘ਚ ਬਹੁਤ ਅਹਿਮ ਰੋਲ ਰਿਹਾ ਹੈ। ਜਿਸ ਤਰ੍ਹਾਂ ਮੈਂ ਸ਼ੁਰੂਆਤ ‘ਚ ਜ਼ਿਕਰ ਕੀਤਾ ਹੈ ਕਿ ਸ੍ਰੀ ਅਕਾਲ ਤਖ਼ਤ ਦੇ ਇਹ ਹੁਕਮ ਸਨ ਤਾਂ ਇਸ ਗਠਜੋੜ ਦਾ ਐਲਾਨ ਕੱਲ੍ਹ ਨਿਯੁਕਤ ਕੀਤੀ ਕਿਸੇ ਤਾਲਮੇਲ ਕਮੇਟੀ ਦੀ ਪਲੇਠੀ ਬੈਠਕ ਦੀ ਬਜਾਏ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਕੀਤਾ ਜਾਂਦਾ ਤਾਂ ਇਹ ਪੰਥਕ ਭਾਵਨਾਵਾਂ ਦੀ ਤਰਜਮਾਨੀ ਹੁੰਦੀ।

ਹੁਣ ਇੱਕ ਏਕਤਾ ਦੇ ਨਤੀਜੇ ਕਿਹੋ ਜਿਹੇ ਹੋਣਗੇ ਭਵਿੱਖ ਦੇ ਗਰਭ ਵਿੱਚ ਲੁਕਿਆ ਹੈ ਪਰ ਇਸਨੂੰ ਸਰਕਾਰੀ ਚਾਲਾਂ ਤੋਂ ਬਚਣ ਦੀ ਜ਼ਰੂਰਤ ਹੈ।
~ਕੁਲਵਿੰਦਰ ਸਿੰਘ ਛਲੇੜੀ
ਅਕਾਲੀ ਰਾਜਨੀਤੀ ਵਿੱਚ ਇੱਕ ਵੱਡੇ ਘਟਨਾਕ੍ਰਮ ਤਹਿਤ ਅਕਾਲੀ ਦਲ ‘ਪੁਨਰ ਸੁਰਜੀਤ’ ਦੇ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਾਲੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਨਾਲ ਗਠਜੋੜ ਕਰਨ ਦੀ ਸੰਭਾਵਨਾ ਹੈ।

ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਦੋਵੇਂ ਧੜੇ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਸ਼ਨਿੱਚਰਵਾਰ ਸ਼ਾਮ ਨੂੰ ਮੀਟਿੰਗ ਕਰਨ ਜਾ ਰਹੇ ਹਨ।

ਇਸ ਸਾਰੇ ਮਾਮਲੇ ਵਿੱਚ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵਿਚੋਲੇ ਵਜੋਂ ਅਹਿਮ ਭੂਮਿਕਾ ਨਿਭਾ ਰਹੇ ਹਨ। ਉਹ ਚਾਹੁੰਦੇ ਹਨ ਕਿ ਇਹ ਦੋਵੇਂ ਧੜੇ ਇਕੱਠੇ ਹੋ ਕੇ 2027 ਦੀਆਂ ਵਿਧਾਨ ਸਭਾ ਚੋਣਾਂ ਲੜਨ।
ਸੂਤਰਾਂ ਨੇ ਇਹ ਵੀ ਦੱਸਿਆ ਕਿ ਜੇਕਰ ਦੋਵੇਂ ਧੜੇ ਗਠਜੋੜ ਕਰਨ ਲਈ ਸਹਿਮਤ ਨਹੀਂ ਹੁੰਦੇ, ਤਾਂ ਇਯਾਲੀ ਦੇ ‘ਵਾਰਿਸ ਪੰਜਾਬ ਦੇ’ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ।
ਸੂਤਰਾਂ ਅਨੁਸਾਰ, ਉਨ੍ਹਾਂ ਦੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਵਿੱਚ ਸ਼ਾਮਲ ਹੋਣ ਨਾਲ ਦਲ-ਬਦਲੀ ਵਿਰੋਧੀ ਕਾਨੂੰਨ ਲਾਗੂ ਨਹੀਂ ਹੋਵੇਗਾ ਕਿਉਂਕਿ ਉਹ ਇੱਕ ਜਥੇਬੰਦੀ ਵਿੱਚ ਸ਼ਾਮਲ ਹੋ ਰਹੇ ਹਨ ਨਾ ਕਿ ਕਿਸੇ ਰਜਿਸਟਰਡ ਪਾਰਟੀ ਵਿੱਚ।
ਜਦੋਂ ਇਯਾਲੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਵੇਰਵੇ ਦੇਣ ਤੋਂ ਇਨਕਾਰ ਕਰਦਿਆਂ ਕਿਹਾ, “ਅਸੀਂ ਸਿੱਖ ਪੰਥ ਦੀ ਮੰਗ ਅਨੁਸਾਰ ਚੱਲ ਰਹੇ ਹਾਂ ਅਤੇ ਨਤੀਜਾ ਜਲਦੀ ਸਾਂਝਾ ਕੀਤਾ ਜਾਵੇਗਾ।”

‘ਪੁਨਰ ਸੁਰਜੀਤ’ ਦੇ ਪ੍ਰਮੁੱਖ ਆਗੂਆਂ ਵਿੱਚ ਗੁਰਪ੍ਰਤਾਪ ਸਿੰਘ ਵਡਾਲਾ, ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ ਅਤੇ ਪਰਮਿੰਦਰ ਸਿੰਘ ਢੀਂਡਸਾ ਸ਼ਾਮਲ ਹਨ।
ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦੇ ਪਿਛਲੇ ਕੁਝ ਸਮੇਂ ਤੋਂ ਪਾਰਟੀ ਲੀਡਰਸ਼ਿਪ ਨਾਲ ਸਬੰਧ ਠੀਕ ਨਹੀਂ ਚੱਲ ਰਹੇ ਹਨ। ਉਹ ਪੰਜ ਸਿੱਖ ਸਾਹਿਬਾਨਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪੁਨਰਗਠਨ ਦੀ ਅਗਵਾਈ ਕਰਨ ਲਈ ਬਣਾਈ ਗਈ ਕਮੇਟੀ ਦਾ ਹਿੱਸਾ ਵੀ ਸਨ।

ਇਸ ਕਮੇਟੀ ਨੂੰ ਪਾਰਟੀ ਨੇ ਰੱਦ ਕਰ ਦਿੱਤਾ ਸੀ ਅਤੇ ਆਪਣੀ ਮੈਂਬਰਸ਼ਿਪ ਮੁਹਿੰਮ ਚਲਾਈ ਤੇ ਨਤੀਜੇ ਵਜੋਂ ਸੁਖਬੀਰ ਬਾਦਲ ਨੂੰ ਮੁੜ ਤੋਂ ਪਾਰਟੀ ਪ੍ਰਧਾਨ ਨਿਯੁਕਤ ਕੀਤਾ ਗਿਆ।