Amritsar News : ਜੰਡਿਆਲਾ ਗੁਰੂ ‘ਚ ਸਰਪੰਚ ਦੇ ਪਤੀ ’ਤੇ ਜਾਨਲੇਵਾ ਹਮਲਾ , ਚਲਾਈਆਂ ਤਾਬੜਤੋੜ ਗੋਲ਼ੀਆਂ ,CCTV ‘ਚ ਕੈਦ ਹੋਈ ਘਟਨਾ
Amritsar News : ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਇਲਾਕੇ ‘ਚ ਅਣਪਛਾਤੇ ਹਮਲਾਵਰਾਂ ਨੇ ਦਿਨ-ਦਿਹਾੜੇ ਇੱਕ ਇਨੋਵਾ ਕਾਰ ਵਿੱਚ ਸਵਾਰਾਂ ‘ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਹਮਲੇ ਸਮੇਂ ਗੱਡੀ ਦੇ ਅੰਦਰ ਪੰਜ ਲੋਕ ਸਨ। ਸਵਾਰਾਂ ਵਿੱਚੋਂ ਇੱਕ ਪਿੰਡ ਦੀ ਸਰਪੰਚ ਦਾ ਪਤੀ ਸੀ। ਇਸ ਘਟਨਾ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਪਿੰਡ ਤਿੰਮੋਵਾਲ ਦੀ ਸਰਪੰਚ ਦਾ ਪਤੀ ਸੁਖਦੇਵ ਸਿੰਘ ਉਰਫ ਚੰਡਾ ਆਪਣੇ ਸਾਥੀਆਂ ਸਮੇਤ ਇਨੋਵਾਂ ਕਾਰ ’ਚ ਜਾ ਰਹੇ ਸਨ। ਇਸ ਦੌਰਾਨ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਉਨ੍ਹਾਂ ਦੀ ਇਨੋਵਾ ਕਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਤਾਬੜਤੋੜ ਗੋਲ਼ੀਆਂ ਚਲਾਈਆਂ ਗਈਆਂ।
ਸਰਪੰਚ ਦੇ ਪਤੀ ਨੇ ਦੱਸਿਆ ਕਿ ਸੱਤ ਹਮਲਾਵਰ ਚਾਰ ਮੋਟਰਸਾਈਕਲਾਂ ‘ਤੇ ਆਏ ਸਨ। ਉਨ੍ਹਾਂ ਨੇ ਸੜਕ ਦੇ ਵਿਚਕਾਰ ਹੀ ਕਰੀਬ 8 ਤੋਂ 10 ਰਾਊਂਡ ਫਾਇਰ ਕੀਤੇ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਗੋਲ਼ੀਬਾਰੀ ਦੌਰਾਨ ਕਾਰ ਵਿਚ ਸਵਾਰ ਇਕ ਵਿਅਕਤੀ ਜ਼ਖਮੀ ਹੋ ਗਿਆ ,ਜਿਸ ਨੂੰ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਕਾਰ ਦਾ ਡਰਾਈਵਰ ਕੰਟਰੋਲ ਗੁਆ ਬੈਠਾ ਅਤੇ ਇਕ ਸਕੂਟਰ ਨਾਲ ਟਕਰਾ ਗਿਆ। ਇਸ ਹਾਦਸੇ ਵਿਚ ਸਕੂਟਰ ਸਵਾਰ ਵਿਅਕਤੀ ਜ਼ਖ਼ਮੀ ਹੋ ਗਿਆ। ਇਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਹਮਲਾਵਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।