Badshah ਦੀ ‘Tateeree’ ‘ਤੇ ਪੁਲੀਸ ਦਾ ਸ਼ਿਕੰਜਾ; ਗਾਇਕ ਖ਼ਿਲਾਫ਼ LOC ਜਾਰੀ ਕਰਨ ਦੀ ਤਿਆਰੀ
ਪੰਚਕੂਲਾ ਪੁਲੀਸ ਨੇ ਯੂਟਿਊਬ ਤੋਂ ਗਾਣਾ ਹਟਾ ਦਿੱਤਾ ਹੈ ਅਤੇ ਹੋਰ ਪਲੇਟਫਾਰਮਾਂ ਤੋਂ ਸਬੰਧਤ ਵੀਡੀਓਜ਼ ਹਟਾਉਣ ਲਈ ਵੀ ਕਾਰਵਾਈ ਜਾਰੀ
ਸੋਸ਼ਲ ਮੀਡੀਆ ਅਤੇ ਗਾਣਿਆਂ ਵਿੱਚ ਇਤਰਾਜ਼ਯੋਗ ਸਮੱਗਰੀ ਦੇ ਪ੍ਰਸਾਰ ਵਿਰੁੱਧ ਸਖ਼ਤ ਰੁਖ ਅਖਤਿਆਰ ਕਰਦਿਆਂ ਹਰਿਆਣਾ ਪੁਲੀਸ ਨੇ ਗਾਇਕ ਆਦਿਤਿਆ ਪ੍ਰਤੀਕ ਸਿੰਘ ਸਿਸੋਦੀਆ ਉਰਫ਼ Badshah ਵਿਰੁੱਧ ਕਾਰਵਾਈ ਕੀਤੀ ਹੈ। ਪੰਚਕੂਲਾ ਪੁਲੀਸ ਨੇ ਉਸ ਦੇ ਹਾਲ ਹੀ ਵਿੱਚ ਰਿਲੀਜ਼ ਹੋਏ ਗੀਤ/ਵੀਡੀਓ “ਟਟੀਰੀ” (Tateeree) ਦੇ ਸਬੰਧ ਵਿੱਚ ਇੱਕ ਐੱਫ ਆਈ ਆਰ (FIR) ਦਰਜ ਕੀਤੀ ਹੈ ਅਤੇ ਉਸ ਦੇ ਖ਼ਿਲਾਫ਼ ਲੁੱਕ ਆਊਟ ਸਰਕੂਲਰ (LOC) ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਤਾਂ ਜੋ ਉਸਨੂੰ ਦੇਸ਼ ਛੱਡ ਕੇ ਜਾਣ ਤੋਂ ਰੋਕਿਆ ਜਾ ਸਕੇ।
ਪੰਚਕੂਲਾ ਪੁਲੀਸ ਨੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਸਬੰਧਤ ਵੀਡੀਓ ਹਟਾਉਣ ਲਈ ਨੋਟਿਸ ਵੀ ਜਾਰੀ ਕੀਤੇ ਹਨ। ਇਸ ਸਬੰਧ ਵਿੱਚ, ਸਾਈਬਰ ਪੁਲੀਸ ਸਟੇਸ਼ਨ ਸੈਕਟਰ-20, ਪੰਚਕੂਲਾ ਵਿਖੇ ਐੱਫ ਆਈ ਆਰ ਨੰਬਰ 28, ਮਿਤੀ 6 ਮਾਰਚ, 2026 ਨੂੰ ਭਾਰਤੀ ਦੰਡਾਵਲੀ (IPC) ਦੀ ਧਾਰਾ 296 ਅਤੇ ਇਸਤਰੀਆਂ ਦੀ ਅਸ਼ਲੀਲ ਪੇਸ਼ਕਾਰੀ (ਰੋਕੂ) ਐਕਟ, 1986 ਦੀਆਂ ਧਾਰਾਵਾਂ 3 ਅਤੇ 4 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਪੁਲੀਸ ਅਨੁਸਾਰ ਵੀਡੀਓ ਵਿੱਚ ਸਕੂਲੀ ਵਰਦੀ ਪਹਿਨੀਆਂ ਨਾਬਾਲਗ ਲੜਕੀਆਂ ਆਪਣੇ ਸਕੂਲ ਦੇ ਬੈਗ ਸੁੱਟ ਕੇ ਪੜ੍ਹਾਈ ਤੋਂ ਭੱਜਦੀਆਂ ਦਿਖਾਈਆਂ ਗਈਆਂ ਹਨ। “ਬੈਡਸ਼ਾਲਾ” ਵਰਗੇ ਸ਼ਬਦਾਂ ਦੀ ਵਰਤੋਂ ਵੀ ਸਕੂਲ ਅਤੇ ਵਿਦਿਅਕ ਮਾਹੌਲ ਨੂੰ ਗਲਤ ਤਰੀਕੇ ਨਾਲ ਪੇਸ਼ ਕਰਦੀ ਹੈ। ਇਸ ਤੋਂ ਇਲਾਵਾ ਗਾਣੇ ਵਿੱਚ ਔਰਤਾਂ ਅਤੇ ਲੜਕੀਆਂ ਲਈ ਇਤਰਾਜ਼ਯੋਗ ਅਤੇ ਅਸ਼ਲੀਲ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ।
ਜਾਂਚ ਦੌਰਾਨ ਇਹ ਵੀ ਖੁਲਾਸਾ ਹੋਇਆ ਹੈ ਕਿ ਵੀਡੀਓ ਵਿੱਚ ਜੀਂਦ ਡਿਪੂ ਦੀ ਹਰਿਆਣਾ ਰੋਡਵੇਜ਼ ਦੀ ਬੱਸ ਦਿਖਾਈ ਗਈ ਹੈ। ਪੁਲੀਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਵੀਡੀਓ ਵਿੱਚ ਬੱਸ ਦੀ ਵਰਤੋਂ ਕਰਨ ਲਈ ਸਬੰਧਤ ਵਿਭਾਗ ਤੋਂ ਉਚਿਤ ਇਜਾਜ਼ਤ ਲਈ ਗਈ ਸੀ। ਜੇ ਬੱਸ ਬਿਨਾਂ ਇਜਾਜ਼ਤ ਦੇ ਵਰਤੀ ਗਈ ਪਾਈ ਗਈ ਤਾਂ ਇਸ ਵਿੱਚ ਸ਼ਾਮਲ ਵਿਅਕਤੀਆਂ ਵਿਰੁੱਧ ਅਪਰਾਧਿਕ ਸਾਜ਼ਿਸ਼ ਤਹਿਤ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਵਿੱਚ ਇੱਕ ਸਰਕਾਰੀ ਸਕੂਲ ਦਾ ਕੈਂਪਸ ਵੀ ਦਿਖਾਇਆ ਗਿਆ ਹੈ। ਪੁਲੀਸ ਜਾਂਚ ਕਰ ਰਹੀ ਹੈ ਕਿ ਕੀ ਸ਼ੂਟਿੰਗ ਲਈ ਸਮਰੱਥ ਅਧਿਕਾਰੀ ਤੋਂ ਇਜਾਜ਼ਤ ਲਈ ਗਈ ਸੀ। ਜੇ ਇਹ ਪਾਇਆ ਗਿਆ ਕਿ ਸਰਕਾਰੀ ਕੈਂਪਸ ਦੀ ਵਰਤੋਂ ਬਿਨਾਂ ਇਜਾਜ਼ਤ ਦੇ ਕੀਤੀ ਗਈ ਹੈ, ਤਾਂ ਨਿਯਮਾਂ ਅਨੁਸਾਰ ਸਬੰਧਤ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਪੰਚਕੂਲਾ ਪੁਲੀਸ ਨੇ ਮੁਲਜ਼ਮ ਗਾਇਕ ਨੂੰ ਤੁਰੰਤ ਪੁਲੀਸ ਅੱਗੇ ਪੇਸ਼ ਹੋਣ ਲਈ ਰਸਮੀ ਨੋਟਿਸ ਜਾਰੀ ਕੀਤਾ ਹੈ। ਮੁਲਜ਼ਮ ਦੀ ਗ੍ਰਿਫ਼ਤਾਰੀ ਨੂੰ ਯਕੀਨੀ ਬਣਾਉਣ ਲਈ ਪੁਲਿਸ ਦੀਆਂ ਕਈ ਟੀਮਾਂ ਬਣਾਈਆਂ ਗਈਆਂ ਹਨ ਅਤੇ ਵੱਖ-ਵੱਖ ਸੰਭਾਵਿਤ ਟਿਕਾਣਿਆਂ ’ਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਮੁਲਜ਼ਮ ਦੇ ਦੇਸ਼ ਛੱਡ ਕੇ ਜਾਣ ਦੀ ਸੰਭਾਵਨਾ ਨੂੰ ਦੇਖਦੇ ਹੋਏ, ਉਸ ਵਿਰੁੱਧ ਲੁੱਕ ਆਊਟ ਸਰਕੂਲਰ (LOC) ਜਾਰੀ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਪੰਚਕੂਲਾ ਪੁਲੀਸ ਨੇ ਯੂਟਿਊਬ ਚੈਨਲ ਤੋਂ ਗਾਣਾ ਹਟਾ ਦਿੱਤਾ ਹੈ। ਇਸ ਤੋਂ ਇਲਾਵਾ ਇਤਰਾਜ਼ਯੋਗ ਸਮੱਗਰੀ ਦੇ ਫੈਲਾਅ ਨੂੰ ਰੋਕਣ ਲਈ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਸਬੰਧਤ ਵੀਡੀਓ ਹਟਾਉਣ ਲਈ ਨੋਟਿਸ ਜਾਰੀ ਕੀਤੇ ਗਏ ਹਨ। ਪੰਚਕੂਲਾ ਪੁਲੀਸ ਦੀ ਮੁਸਤੈਦੀ ਅਤੇ ਯਤਨਾਂ ਦੇ ਸਿੱਟੇ ਵਜੋਂ, ਵਿਵਾਦਿਤ ਗਾਣੇ ਨੂੰ ਮੁਲਜ਼ਮ ਦੇ ਅਧਿਕਾਰਤ ਯੂਟਿਊਬ ਚੈਨਲ ਤੋਂ ਹਟਾ ਦਿੱਤਾ ਗਿਆ ਹੈ।
ਹੋਰ ਸੰਗੀਤ ਪਲੇਟਫਾਰਮਾਂ, ਯੂਟਿਊਬ ਚੈਨਲਾਂ ਅਤੇ ਨਿੱਜੀ ਸੋਸ਼ਲ ਮੀਡੀਆ ਹੈਂਡਲਾਂ ਤੋਂ ਇਸ ਗਾਣੇ ਨਾਲ ਸਬੰਧਤ ਰੀਲਾਂ ਅਤੇ ਛੋਟੇ ਵੀਡੀਓ ਹਟਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਪੰਚਕੂਲਾ ਪੁਲੀਸ ਨੇ ਸਪੱਸ਼ਟ ਕੀਤਾ ਹੈ ਕਿ ਜੇ ਕੋਈ ਵੀ ਇਸ ਵਿਵਾਦਿਤ ਗੀਤ ਨਾਲ ਸਬੰਧਤ ਰੀਲਾਂ ਜਾਂ ਵੀਡੀਓ ਬਣਾ ਕੇ ਜਾਂ ਸ਼ੇਅਰ ਕਰਕੇ ਇਤਰਾਜ਼ਯੋਗ ਸਮੱਗਰੀ ਫੈਲਾਉਂਦਾ ਪਾਇਆ ਗਿਆ ਤਾਂ ਉਸ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੁਲਿਸ ਮਾਮਲੇ ਦੀ ਨਿਰਪੱਖ ਅਤੇ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਕਾਨੂੰਨ ਅਨੁਸਾਰ ਅਗਲੇਰੀ ਕਾਰਵਾਈ ਕਰ ਰਹੀ ਹੈ।