Famous Youtuber ਦੀ ਮੌ.ਤ ਪਿੱਛੋਂ ਮਾਂ ਨੂੰ ਮਿਲਿਆ ਆਖ਼ਰੀ ਮੈਸੇਜ !
ਹੈਦਰਾਬਾਦ : ਹੈਦਰਾਬਾਦ ਤੋਂ ਇੱਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਮਸ਼ਹੂਰ ਯੂਟਿਊਬਰ ਅਤੇ ਵਿਦਿਆਰਥਣ ਕੋਮਾਲੀ ਨੇ ਮਾਨਸਿਕ ਤਣਾਅ ਦੇ ਚਲਦਿਆਂ ਮੌਤ ਨੂੰ ਗਲੇ ਲਗਾ ਲਿਆ। ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਕੋਮਾਲੀ ਨੇ ਕੁਵੈਤ ਵਿੱਚ ਰਹਿ ਰਹੀ ਆਪਣੀ ਮਾਂ ਨੂੰ ਇੱਕ ਭਾਵੁਕ ਆਖਰੀ ਮੈਸੇਜ ਵੀ ਭੇਜਿਆ ਸੀ।

ਉਸਨੇ ਲਿਖਿਆ ਸੀ, ‘ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ, ਮੰਮੀ।’ ਇਸ ਭਾਵੁਕ ਸੁਨੇਹੇ ਵਿੱਚ, ਉਸਨੇ ਆਪਣੀ ਮਾਂ ਨੂੰ ਆਪਣੇ ਛੋਟੇ ਭਰਾ ਦਾ ਧਿਆਨ ਰੱਖਣ ਦੀ ਬੇਨਤੀ ਵੀ ਕੀਤੀ ਸੀ।
ਮਿਲੀ ਜਾਣਕਾਰੀ ਅਨੁਸਾਰ, ਕੋਮਾਲੀ ਇੱਕ ਹੋਰ ਵਲੌਗਰ (Vlogger) ਨਾਲ ਪਿਛਲੇ 3 ਸਾਲਾਂ ਤੋਂ ਰਿਲੇਸ਼ਨਸ਼ਿਪ ਵਿੱਚ ਸੀ। ਦੋਵੇਂ ਵਿਸ਼ਾਖਾਪਟਨਮ ਦੇ ਹੀ ਰਹਿਣ ਵਾਲੇ ਸਨ। ਪਰ ਇੱਕ ਸਾਲ ਪਹਿਲਾਂ ਕੁਝ ਮੱਤਭੇਦਾਂ ਕਾਰਨ ਦੋਵਾਂ ਦਾ ਬ੍ਰੇਕਅੱਪ ਹੋ ਗਿਆ ਸੀ, ਜਿਸ ਕਾਰਨ ਉਹ ਕਾਫੀ ਤਣਾਅ ਵਿਚ ਸੀ। ਦੱਸਿਆ ਜਾ ਰਿਹਾ ਹੈ ਕਿ ਦੋ ਦਿਨ ਪਹਿਲਾਂ ਉਸ ਦੇ ਪ੍ਰੇਮੀ ਨੇ ਕੋਮਾਲੀ ਨੂੰ ਫੋਨ ਕੀਤਾ ਸੀ, ਜਿਸ ਦੌਰਾਨ ਦੋਵਾਂ ਵਿਚਾਲੇ ਕਾਫੀ ਬਹਿਸ ਹੋਈ ਸੀ।
ਇਹ ਵੀ ਸਾਹਮਣੇ ਆਇਆ ਹੈ ਕਿ 6 ਮਹੀਨੇ ਪਹਿਲਾਂ ਵੀ ਕੋਮਾਲੀ ਨੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ, ਜਿਸ ਤੋਂ ਪਤਾ ਲੱਗਦਾ ਹੈ ਕਿ ਕੋਮਾਲੀ ਇਸ ਬ੍ਰੇਕਅੱਪ ਕਾਰਨ ਗਾਤਾਰ ਮਾਨਸਿਕ ਪਰੇਸ਼ਾਨੀ ਵਿੱਚੋਂ ਗੁਜ਼ਰ ਰਹੀ ਸੀ। ਘਟਨਾ ਦਾ ਉਦੋਂ ਪਤਾ ਲੱਗਾ, ਜਦੋਂ ਮਾਂ ਨੇ ਕੁਵੈਤ ਤੋਂ ਆਪਣੀ ਧੀ ਨੂੰ ਵਾਰ-ਵਾਰ ਫ਼ੋਨ ਕੀਤਾ, ਪਰ ਫ਼ੋਨ ਬੰਦ ਆ ਰਿਹਾ ਸੀ। ਘਬਰਾ ਕੇ, ਉਸਨੇ ਹੈਦਰਾਬਾਦ ਵਿੱਚ ਇੱਕ ਜਾਣਕਾਰ ਨੂੰ ਘਰ ਵਿਚ ਭੇਜਿਆ। ਦਰਵਾਜ਼ਾ ਖੜਕਾਉਣ ‘ਤੇ ਕੋਈ ਜਵਾਬ ਨਾ ਮਿਲਣ ‘ਤੇ ਜਦੋਂ ਦਰਵਾਜ਼ਾ ਤੋੜਿਆ ਗਿਆ ਤਾਂ ਕੋਮਾਲੀ ਦੀ ਲਾਸ਼ ਅੰਦਰੋਂ ਮਿਲੀ।
ਪੁਲਸ ਮੁਤਾਬਕ, ਵਿਸ਼ਾਖਾਪਟਨਮ ਦੀ ਰਹਿਣ ਵਾਲੀ ਕੋਮਾਲੀ ਇੱਥੇ ਮਣੀਕੋਂਡਾ ਸਥਿਤ ਚਿਤਰਪੁਰੀ ਕਲੋਨੀ ਵਿੱਚ ਆਪਣੇ ਚਾਚੇ ਦੇ ਘਰ ਰਹਿ ਰਹੀ ਸੀ। ਬੁੱਧਵਾਰ ਨੂੰ ਜਦੋਂ ਪਰਿਵਾਰਕ ਮੈਂਬਰ ਘਰ ਵਿੱਚ ਨਹੀਂ ਸਨ, ਤਾਂ ਕੋਮਾਲੀ ਨੇ ਸਾੜੀ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਕੋਮਾਲੀ ਮੱਲਾਰੈੱਡੀ ਯੂਨੀਵਰਸਿਟੀ ਵਿੱਚ ਬੀ.ਐੱਸ.ਸੀ (B.Sc) ਦੀ ਵਿਦਿਆਰਥਣ ਸੀ ਅਤੇ ਪੜ੍ਹਾਈ ਦੇ ਨਾਲ-ਨਾਲ ਪਾਰਟ-ਟਾਈਮ ਯੂਟਿਊਬ ਵੀਡੀਓਜ਼ ਬਣਾਉਂਦੀ ਸੀ। ਉਸ ਦੇ ਸੋਸ਼ਲ ਮੀਡੀਆ ‘ਤੇ ਚੰਗੇ ਫਾਲੋਅਰਜ਼ ਸਨ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕੋਮਾਲੀ ਦੀ ਮੌਤ ਨਾਲ ਉਸ ਦੇ ਚਾਹੁਣ ਵਾਲਿਆਂ ਅਤੇ ਸੋਸ਼ਲ ਮੀਡੀਆ ਜਗਤ ਵਿੱਚ ਸੋਗ ਦੀ ਲਹਿਰ ਹੈ।