Punjab -ਅਫਸਰਾਂ ਨੇ ਹਾਲ ਦੀ ਘੜੀ ਅੜ ਕੇ ਰੋਕ ਲਿਆ ਪੰਜਾਬ ਦਾ ਪਾਣੀ
ਗੇਂਦ ਹੁਣ ਪੰਜਾਬ ਦੀ ਸਿਆਸੀ ਸਥਾਪਤੀ ਭਾਵ ਸੱਤਾਧਾਰੀ ਪਾਰਟੀ ਦੇ ਪਾਲੇ ਵਿੱਚ ਹੈ।
ਅਫਸਰਾਂ ਦੀ ਦਿਆਨਤਦਾਰੀ ਅਤੇ ਜੁਰਅਤ ਕਾਨੂੰਨ ਅਤੇ ਸਰਕਾਰ ਦੀਆਂ ਨੀਤੀਆਂ ਦੇ ਅੰਦਰ-ਅੰਦਰ ਆਪਣਾ ਮਹੱਤਵਪੂਰਨ ਰੋਲ ਅਦਾ ਕਰ ਸਕਦੀ ਹੈ। ਕੋਈ ਕਮਜ਼ੋਰ ਤੇ ਬੇਈਮਾਨ ਅਫਸਰ ਇਹੋ ਜਿਹੀ ਸਥਿਤੀ ਵਿੱਚ ਹਥਿਆਰ ਛੇਤੀ ਵੀ ਸੁੱਟ ਸਕਦਾ ਸੀ। ਪੰਜਾਬ ਵਿੱਚ ਬਥੇਰੇ ਰਹੇ ਨੇ ਜਿਨ੍ਹਾਂ ਨੇ ਹਥਿਆਰ ਸੁੱਟੀ ਰੱਖੇ ਨੇ ਤੇ ਕਦੇ ਕਦਾਈਂ ਕੋਈ ਚੰਗੇ ਡਟਦੇ ਵੀ ਰਹੇ ਨੇ।
ਪਰ ਅਸਲ ਜਿੰਮੇਵਾਰੀ ਸਿਆਸੀ ਸਥਾਪਤੀ ਦੀ ਹੁੰਦੀ ਹੈ। ਅਫਸਰਾਂ ਨੇ ਇੱਕ ਮੌਕੇ ‘ਤੇ ਆਪਣਾ ਰੋਲ ਨਿਭਾ ਦਿੱਤਾ। ਗੇਂਦ ਹੁਣ ਪੰਜਾਬ ਸਰਕਾਰ ਦੇ ਪਾਲੇ ਵਿੱਚ ਹੈ।
ਪਾਣੀ ਦਾ ਮਸਲਾ ਹਾਲੇ ਵਿਚਾਲੇ ਹੈ ਪਰ ਇਸ਼ਤਿਹਾਰਬਾਜ਼ੀ ਵਾਲੀ ਪਾਰਟੀ ਨੇ ਆਰਟੀਫਿਸ਼ਅਲ ਇੰਟੈਲੀਜੈਂਸ ਨਾਲ ਬਣਾਈਆਂ ਮੁੱਖ ਮੰਤਰੀ ਦੀਆਂ ਰੀਲਾਂ ਵੀ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ।
ਹੁਣ ਇਹ ਖਬਰ ਵੀ ਸਾਹਮਣੇ ਆ ਗਈ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਪਾਣੀ ਛੱਡਣ ਲਈ ਵੀ ਕਹਿ ਦਿੱਤਾ ਹੈ ਤੇ ਇਹ ਹਰਿਆਣੇ ਨੂੰ ਸਿਰਫ ਉਧਾਰ ਮੰਨਿਆ ਜਾਏਗਾ। ਪਾਣੀ ਛੱਡਣ ਲਈ ਬੀਬੀਐਮਬੀ ਦੀ ਮੀਟਿੰਗ ਵੀ ਸੱਦ ਲਈ ਗਈ ਹੈ।
ਕੇਂਦਰ ਸਰਕਾਰ ਅਤੇ ਭਾਜਪਾ ਨੇ ਪੰਜਾਬ ਕੋਲੋਂ ਪਾਣੀ ਖੋਹ ਕੇ ਤਾਂ ਜੋ ਨੁਕਸਾਨ ਕਰਨਾ ਹੈ ਉਹ ਹੈ ਹੀ, ਇਸ ਲੜਾਈ ਵਿੱਚ ਪੰਜਾਬ ਦੇ ਕਈ ਕਰੋੜ ਹੋਰ ਭਗਵੰਤ ਮਾਨ ਅਤੇ “ਆਪ” ਦੀ ਇਸ਼ਤਿਹਾਰਬਾਜ਼ੀ ‘ਤੇ ਉਡਾਏ ਜਾਣਗੇ।
ਅੱਜ ਦੀ ਸਰਬ ਪਾਰਟੀ ਮੀਟਿੰਗ ਦੇ ਨਤੀਜੇ ਬਾਰੇ ਅਸੀਂ ਵੀ ਇਸੇ ਨਤੀਜੇ ਤੇ ਪਹੁੰਚੇ ਹਾਂ – “ਬਿੱਗ ਜ਼ੀਰੋ”
ਭਗਵੰਤ ਮਾਨ ਅਤੇ “ਆਪ” ਦੀ ਪੰਜਾਬ ਨਾਲ ਬੇਈਮਾਨੀ ਬਾਰੇ ਕੱਲ੍ਹ ਕੀਤੀ ਸਾਡੀ ਟਿੱਪਣੀ ਬਿਲਕੁਲ ਠੀਕ ਸਿੱਧ ਹੋਈ ਹੈ।
ਇਹ ਥੋੜੇ ਜਿਹੇ ਵੀ ਸੁਧਰਨ ਨੂੰ ਤਿਆਰ ਨਹੀਂ।
ਜਿਨ੍ਹਾਂ ਨੂੰ ਕੱਲ੍ਹ ਤੱਕ ਜਾਪਦਾ ਸੀ ਕਿ ਭਗਵੰਤ ਮਾਨ ਸ਼ਾਇਦ ਇਕਦਮ ਸ਼ੇਰ ਬਣ ਗਿਆ ਜਾਂ ਉਸਨੂੰ ਸੱਚੀ ਪੰਜਾਬ ਦਾ ਹੇਜ ਆ ਗਿਆ, ਉਨ੍ਹਾਂ ਨੂੰ ਅਸਲੀਅਤ ਸਮਝ ਆ ਗਈ ਹੋਵੇਗੀ।
ਪੰਜਾਬ ਲਈ ਜੀਵਨ ਮੌਤ ਦੇ ਇਸ ਮਸਲੇ ਤੇ ਲੋਕੀਂ ਹਾਲੇ ਵੀ ਪੰਜਾਬ ਸਰਕਾਰ ਮਗਰ ਖੜ੍ਹਨ ਲਈ ਤਿਆਰ ਦਿਸਦੇ ਨੇ ਪਰ ਜਿਨ੍ਹਾਂ ਦੀ ਜਿੰਮੇਵਾਰੀ ਹੈ ਉਨ੍ਹਾਂ ਵਿੱਚ ਨਾ ਸੁਹਿਰਦਤਾ ਹੈ ਤੇ ਨਾ ਹੀ ਜੁਰਅਤ।
#Unpopular_Opinions
#Unpopular_Ideas
#Unpopular_Facts
ਕੇਂਦਰੀ ਸ਼ਹਿ ‘ਤੇ ਭਾਜਪਾ ਦੀਆਂ ਹਰਿਆਣਾ, ਰਾਜਸਥਾਨ ਦੀਆਂ ਰਾਜ ਸਰਕਾਰਾਂ ਅਤੇ ਬੀਬੀਐਮਬੀ ਦੀ ਬਦਮਾਸ਼ੀ ਇਸੇ ਗੱਲ ਤੋਂ ਸਮਝ ਆ ਜਾਂਦੀ ਹੈ ਕਿ ਪਿਛਲੇ ਸਾਲ ਦੀ ਜਨਵਰੀ ਤੋਂ ਜਲ ਸਰੋਤਾਂ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਬੀਬੀਐਮਬੀ ਨੂੰ ਦੂਜੇ ਰਾਜਾਂ ਵੱਲੋਂ ਵਾਧੂ ਪਾਣੀ ਵਰਤਣ ਬਾਰੇ ਲਗਾਤਾਰ ਲਿਖ ਰਹੇ ਸਨ। ਇਹ ਵੀ ਲਿਖਿਆ ਕਿ ਇਹ ਰਾਜ ਪਾਣੀ ਠੀਕ ਤਰੀਕੇ ਨਾਲ ਨਹੀਂ ਵਰਤ ਰਹੇ।
24 ਮਾਰਚ ਦੇ ਆਪਣੇ ਪੱਤਰ ਵਿੱਚ ਉਨ੍ਹਾਂ ਨੇ ਹਰਿਆਣਾ ਤੇ ਰਾਜਸਥਾਨ ਨੂੰ ਅਲਾਟ ਹੋਏ ਸ਼ੇਅਰ ਬਾਰੇ ਬਿਲਕੁਲ ਸਪਸ਼ਟ ਲਿਖਿਆ। ਪੰਜਾਬ ਦੇ ਇਤਰਾਜ਼ਾਂ ਦੇ ਬਾਵਜੂਦ ਬੀਬੀਐਮਬੀ ਨੇ ਦੋਹਾਂ ਰਾਜਾਂ ਨੂੰ ਕਰੀਬ ਤਿੰਨ-ਤਿੰਨ ਗੁਣਾ ਪਾਣੀ ਵੱਧ ਅਲਾਟ ਕਰ ਦਿੱਤਾ।
ਇੱਕ ਗੱਲ ਇਹ ਵੀ ਸਪਸ਼ਟ ਹੈ ਕਿ ਹਰਿਆਣਾ ਵਾਧੂ ਪਾਣੀ ਪੀਣ ਦੀਆਂ ਲੋੜਾਂ ਨਹੀਂ ਲਈ ਮੰਗ ਰਿਹਾ ਸਗੋਂ ਸਿੰਜਾਈ ਲਈ ਚਾਹੁੰਦਾ ਹੈ।
ਪਿਛਲੇ ਛੇ ਸੱਤ ਦਹਾਕਿਆਂ ਤੋਂ ਦਿੱਲੀ ਦੀ ਨੀਤੀ ਬਿਲਕੁਲ ਸਪੱਸ਼ਟ ਹੈ ਕਿ ਪੰਜਾਬ ਨੂੰ ਬੰਜਰ ਕਰਨਾ ਹੈ। ਬੰਦੂਕ ਹਰਿਆਣੇ ਦੇ ਮੋਢੇ ‘ਤੇ ਰੱਖ ਕੇ ਚਲਾਈ ਜਾ ਰਹੀ ਹੈ।
#Unpopular_Opinions
#Unpopular_Ideas
#Unpopular_Facts
ਜੰਗ ਦੀਆਂ ਟਾਹਰਾਂ ਦੌਰਾਨ ਦਿੱਲੀ ਕਹਿੰਦੀ ਹੈ ਕਿ ਪੰਜਾਬ ਆਪਣਾ ਪਾਣੀ ਵੀ ਦੇਵੇ ਤੇ ਖ਼ੂਨ ਵੀ ਦੇਵੇ।
ਪਿਛਲੇ ਸੱਤ ਦਹਾਕਿਆਂ ਤੋਂ ਇਹੀ ਸ਼ਰਤ ਚੱਲੀ ਆਉਂਦੀ ਹੈ।
ਕਿਸੇ ਹੋਰ ਖਿੱਤੇ ਦੇ ਲੋਕਾਂ ਲਈ ਦੇਸ਼ ਪ੍ਰਤੀ ਵਫ਼ਾਦਾਰੀ ਵਿਖਾਉਣ ਲਈ ਇਹ ਦੋਹਰੀ ਸ਼ਰਤ ਨਹੀਂ ਹੈ।
ਗੁਰਾਂ ਦੇ ਨਾਂ ‘ਤੇ ਜਿਉਂਦਾ ਪੰਜਾਬ ਸਾਰੇ ਖਿੱਤੇ ਦਾ ਸ਼ਿੰਗਾਰ ਸੀ ਅਤੇ ਉਹ ਫ਼ਲਸਫ਼ਾ ਸਾਰੇ ਮੁਲਕ ਦਾ ਹੀ ਭਲਾ ਕਰ ਸਕਦਾ ਸੀ ਤੇ ਹੈ ਪਰ ਇਨ੍ਹਾਂ ਨੂੰ ਪੰਜਾਬ ਅੱਖ ‘ਚ ਤੀਲੇ ਵਾਂਗ ਰੜਕਦਾ ਹੈ।
#Unpopular_Opinions
#Unpopular_Ideas
#Unpopular_Facts
ਜੇ ਅਫਸਰ ਕਾਬਲ, ਦ੍ਰਿੜ ਅਤੇ ਸੁਹਿਰਦ ਹੋਣ ਅਤੇ ਕਿਸੇ ਵੀ ਸਰਕਾਰ ਵਿੱਚ ਸਿਆਸੀ ਇੱਛਾ ਸ਼ਕਤੀ ਹੋਵੇ ਤਾਂ ਕੀ ਕੀਤਾ ਜਾ ਸਕਦਾ ਹੈ, ਇਸ ਦੀ ਉਦਾਹਰਨ ਬੀਬੀਐਮਬੀ ਦੀ ਮੀਟਿੰਗ ਵਿੱਚ ਜਲ ਸਰੋਤ ਮਹਿਕਮੇ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ਵਿੱਚ ਪੰਜਾਬ ਦੇ ਅਫਸਰਾਂ ਵੱਲੋਂ ਮੌਕੇ ‘ਤੇ ਹੀ ਨਿਭਾਏ ਗਏ ਰੋਲ ਤੋਂ ਸਪਸ਼ਟ ਹੋ ਜਾਂਦਾ ਹੈ। ਜਦੋਂ ਬੇਹੱਦ ਗੰਭੀਰ ਮਸਲਿਆਂ ਤੇ ਪਲਾਂ ਵਿੱਚ ਫੈਸਲੇ ਲੈਣੇ ਹੋਣ ਤਾਂ ਸਿਆਸੀ ਆਗੂਆਂ ਅਤੇ ਅਫਸਰਾਂ ਦੀ ਕਾਬਲੀਅਤ ਦੀ ਪਛਾਣ ਹੁੰਦੀ ਹੈ।
ਕਾਨੂੰਨ ਉਹੀ ਹੁੰਦਾ ਹੈ, ਵਰਤਣ ਵਾਲੇ ਬੰਦਿਆਂ ‘ਤੇ ਨਿਰਭਰ ਕਰਦਾ ਹੁੰਦਾ ਹੈ।
2012 ਵਿੱਚ ਸ਼ੁਰੂਆਤੀ ਢਿੱਲ ਮੱਠ ਤੋਂ ਬਾਅਦ ਜਦੋਂ ਵੱਡੇ ਜਨਤਕ ਰੋਹ ਕਰਕੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੇ ਰੱਸੇ ਤੋਂ ਬਚਾਉਣਾ ਬਾਦਲ ਸਰਕਾਰ ਦੀ ਵੱਡੀ ਮਜਬੂਰੀ ਬਣ ਗਈ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਕੇਂਦਰ ਨਾਲ ਗੱਲ ਤੋਂ ਇਲਾਵਾ ਉਸ ਵੇਲੇ ਦੇ ਜੇਲ੍ਹ ਸੁਪਰਡੈਂਟ ਲਖਵਿੰਦਰ ਸਿੰਘ ਜਾਖੜ ਨੂੰ ਵੀ ਛੁੱਟੀ ਭੇਜ ਦਿੱਤਾ ਸੀ। ਸਾਰੇ ਅਦਾਲਤੀ ਹੁਕਮਾਂ ਦੇ ਬਾਵਜੂਦ ਜੇ ਸਰਕਾਰ ਨੇ ਚਾਹਿਆ ਤਾਂ ਫਾਂਸੀ ਨਹੀਂ ਦਿੱਤੀ ਜਾ ਸਕੀ।
ਕੋਈ ਵੱਡੀ ਗੱਲ ਨਹੀਂ ਹੁਣ ਕੇਂਦਰ ਸਰਕਾਰ ਪੰਜਾਬ ਦੇ ਸੁਹਿਰਦ ਅਫਸਰਾਂ ਨੂੰ ਵੀ ਵਿੰਗੇ ਟੇਢੇ ਢੰਗ ਨਾਲ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰੇ। ਇਸ ਕੰਮ ਲਈ ਉਹ ਪੰਜਾਬ ਸਰਕਾਰ ਨੂੰ ਵੀ ਵਰਤ ਸਕਦੀ ਹੈ।
#Unpopular_Opinions
#Unpopular_Ideas
#Unpopular_Facts
ਪਾਣੀ ਦੇ ਨਾਇਕ
ਜਿਨ੍ਹਾਂ ਪੰਜਾਬ ਦੀ ਪਿੱਠ ਨਾ ਲੱਗਣ ਦਿੱਤੀ
ਚਰਨਜੀਤ ਭੁੱਲਰ
ਚੰਡੀਗੜ੍ਹ :ਪੰਜਾਬ-ਹਰਿਆਣਾ ਦਰਮਿਆਨ ਵਾਧੂ ਪਾਣੀ ਨੂੰ ਲੈ ਕੇ ਛਿੜੀ ਜੰਗ ’ਚ ਪੰਜਾਬ ਦੇ ਅਫ਼ਸਰ ਨਾਇਕ ਵਜੋਂ ਉੱਭਰੇ ਹਨ। ਜਲ ਸਰੋਤ ਵਿਭਾਗ ਦਾ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਔਖ ਦੀ ਘੜੀ ’ਚ ਆਪਣੀ ਕਰਮ ਭੂਮੀ ਦੀ ਪਿੱਠ ’ਤੇ ਡਟਿਆ ਰਿਹਾ। ਬੀਬੀਐੱਮਬੀ ਦੀ ਬੋਰਡ ਮੀਟਿੰਗ ’ਚ ਕੁੱਲ ਨੌਂ ਮੈਂਬਰਾਂ ’ਚੋਂ ਅੱਠ ਮੈਂਬਰ ਪੰਜਾਬ ਖ਼ਿਲਾਫ਼ ਡਟ ਗਏ ਤਾਂ ਕ੍ਰਿਸ਼ਨ ਕੁਮਾਰ ਨੇ ਮੈਦਾਨ ਨਾ ਛੱਡਿਆ। ਬੋਰਡ ਨੇ ਹਾਲਾਂਕਿ ਹਰਿਆਣਾ ਨੂੰ ਵਾਧੂ ਪਾਣੀ ਦੇਣ ਦਾ ਫ਼ੈਸਲਾ ਕਰ ਲਿਆ ਸੀ ਪਰ ਇਸ ਅਧਿਕਾਰੀ ਨੇ ਅੱਧੇ ਘੰਟੇ ’ਚ ਖ਼ਤਮ ਹੋਣ ਵਾਲੀ ਮੀਟਿੰਗ ਨੂੰ ਕਰੀਬ ਸਾਢੇ ਪੰਜ ਘੰਟੇ ਤੱਕ ਖਿੱਚ ਕੇ ਬਾਕੀ ਮੈਂਬਰਾਂ ਦੇ ਪੈਰ ਨਾ ਲੱਗਣ ਦਿੱਤੇ। ਭਾਜਪਾ ਸ਼ਾਸਿਤ ਸੂਬਿਆਂ ਤੇ ਕੇਂਦਰੀ ਪ੍ਰਤੀਨਿਧਾਂ ਨੇ ਜਦੋਂ ਪੰਜਾਬ ਖ਼ਿਲਾਫ਼ ਵੋਟ ਪਾਈ ਤਾਂ ਇਸ ਅਧਿਕਾਰੀ ਦੇ ਤੱਥਾਂ ਨੇ ਉਨ੍ਹਾਂ ਨੂੰ ਨਿਰਉੱਤਰ ਕਰ ਦਿੱਤਾ। ਬੀਬੀਐੱਮਬੀ ਦੇ ਚੇਅਰਮੈਨ ਮਨੋਜ ਤ੍ਰਿਪਾਠੀ ਨੇ ਮੀਟਿੰਗ ’ਚ ਕਿਹਾ ਕਿ ਉਹ ਪੰਜਾਬ ਨੂੰ ਮੀਟਿੰਗ ਦੇ ਮਿੰਟਸ ਭੇਜ ਦੇਣਗੇ ਅਤੇ ਪੰਜਾਬ ਈ-ਮੇਲ ਜ਼ਰੀਏ ਇਤਰਾਜ਼ ਦਾਇਰ ਕਰ ਦੇਵੇ। ਕ੍ਰਿਸ਼ਨ ਕੁਮਾਰ ਨੇ ਮੀਟਿੰਗ ’ਚ ਖ਼ੁਦ ਹੀ ਟਾਈਪ ਕਰਕੇ ਪੰਜਾਬ ਦੇ ਇਤਰਾਜ਼ ਲਿਖੇ।
ਮੀਟਿੰਗ ਦੀ ਸਮੁੱਚੀ ਕਾਰਵਾਈ ਦਾ ਡੇਢ ਪੰਨਾ ਸੀ ਜਦਕਿ ਇਸ ਅਧਿਕਾਰੀ ਵੱਲੋਂ ਇਤਰਾਜ਼ ਤਿੰਨ ਪੰਨਿਆਂ ਦਾ ਦਿੱਤਾ ਗਿਆ। ਇਸ ਅਧਿਕਾਰੀ ਦੇ ਜ਼ਿਆਦਾ ਬੋਲੇ ਜਾਣ ’ਤੇ ਹਰਿਆਣਾ ਇਤਰਾਜ਼ ਵੀ ਕਰਦਾ ਰਿਹਾ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਪ੍ਰਮੁੱਖ ਸਕੱਤਰ ਨੂੰ ਥਾਪੜਾ ਦਿੱਤਾ ਹੋਇਆ ਹੈ ਅਤੇ ਮੁੱਖ ਮੰਤਰੀ ਦੀ ਨੰਗਲ ਫੇਰੀ ਨੇ ਵੀ ਜਲ ਸਰੋਤ ਵਿਭਾਗ ਦੇ ਅਫ਼ਸਰਾਂ ਦੇ ਹੌਸਲੇ ਵਧਾ ਦਿੱਤੇ ਹਨ। ਪੰਜਾਬ ਭਲੀ ਭਾਂਤ ਜਾਣੂ ਹੈ ਕਿ ਟੇਲਾਂ ’ਤੇ ਪਾਣੀ ਪੁੱਜਦਾ ਕਰਨ ’ਚ ਇਸ ਅਧਿਕਾਰੀ ਦਾ ਵੱਡਾ ਹੱਥ ਹੈ। ਇਸ ਜੰਗ ’ਚ ਦੂਜਾ ਨਾਇਕ ਭਾਖੜਾ ਡੈਮ ਦਾ ਮੁੱਖ ਇੰਜਨੀਅਰ ਚਰਨਪ੍ਰੀਤ ਸਿੰਘ ਹੈ, ਜਿਸ ਨੇ ਬੀਬੀਐੱਮਬੀ ਵੱਲੋਂ ਹਰਿਆਣਾ ਦੇ ਨਵੇਂ ਤਾਇਨਾਤ ਕੀਤੇ ਡਾਇਰੈਕਟਰ (ਵਾਟਰ ਰੈਗੂਲੇਸ਼ਨ) ਸੰਜੀਵ ਕੁਮਾਰ ’ਤੇ ਇਤਰਾਜ਼ ਕੀਤਾ ਕਿ ਉਸ ਕੋਲ ਇਸ ਅਹੁਦੇ ਦਾ ਕੋਈ ਤਜਰਬਾ ਨਹੀਂ ਹੈ।ਚਰਨਪ੍ਰੀਤ ਸਿੰਘ ਨੇ ਡੈਮ ਦੇ ਗੇਟ ਖੋਲ੍ਹਣ ਲਈ ਸੰਜੀਵ ਕੁਮਾਰ ਵੱਲੋਂ ਦਿੱਤੇ ਹੁਕਮ ਇਹ ਆਖ ਕੇ ਠੁਕਰਾ ਦਿੱਤੇ ਕਿ ਸੰਜੀਵ ਕੁਮਾਰ ਨੇ ਤਾਂ ਉਨ੍ਹਾਂ ਕੋਲ ਢੁੱਕਵੀਂ ਪ੍ਰਕਿਰਿਆ ਤਹਿਤ ਜੁਆਇਨ ਹੀ ਨਹੀਂ ਕੀਤਾ।
ਇਸ ਰੌਂਅ ਮਗਰੋਂ ਬੀਬੀਐੱਮਬੀ ਨੇ ਆਪਣੇ ਹੁਕਮ ਹੀ ਬਾਈਪਾਸ ਕਰ ਦਿੱਤੇ। ਤੀਜਾ ਨਾਇਕ ਭਾਖੜਾ ਡੈਮ ਦਾ ਡਾਇਰੈਕਟਰ (ਵਾਟਰ ਰੈਗੂਲੇਸ਼ਨ) ਆਕਾਸ਼ਦੀਪ ਸਿੰਘ ਹੈ ਜਿਸ ਨੇ ਜਦੋਂ ਡੈਮ ਦੇ ਗੇਟ ਖੋਲ੍ਹਣ ਤੋਂ ਨਾਂਹ ਕਰ ਦਿੱਤੀ ਤਾਂ ਰਾਤ ਨੂੰ ਹੀ ਬੀਬੀਐੱਮਬੀ ਨੇ ਉਸ ਦਾ ਤਬਾਦਲਾ ਕਰ ਦਿੱਤਾ। ਆਕਾਸ਼ਦੀਪ ਸਿੰਘ ਨੇ ਕਿਹਾ ਕਿ ਜੇ ਪੰਜਾਬ ਵਾਧੂ ਪਾਣੀ ਲਈ ਇਨਡੈਂਟ ਦੇਵੇਗਾ ਤਾਂ ਹੀ ਉਹ ਪਾਣੀ ਛੱਡੇਗਾ। ਬੀਬੀਐੱਮਬੀ ਨੇ ਤਰਕ ਦਿੱਤਾ ਸੀ ਕਿ ਆਕਾਸ਼ਦੀਪ ਸਿੰਘ ਦੀ ਬੇਨਤੀ ਦੇ ਆਧਾਰ ’ਤੇ ਉਸ ਦਾ ਤਬਾਦਲਾ ਕੀਤਾ ਗਿਆ ਪਰ ਆਕਾਸ਼ਦੀਪ ਸਿੰਘ ਨੇ ਰਾਤ ਨੂੰ ਪੌਣੇ ਬਾਰਾਂ ਵਜੇ ਈ-ਮੇਲ ਕਰਕੇ ਇਨਕਾਰ ਕੀਤਾ ਕਿ ਉਸ ਨੇ ਬੀਬੀਐੱਮਬੀ ਨੂੰ ਅਜਿਹੀ ਕੋਈ ਬੇਨਤੀ ਕੀਤੀ ਹੀ ਨਹੀਂ । ਆਕਾਸ਼ਦੀਪ ਦੇ ਤਬਾਦਲੇ ਮਗਰੋਂ ਹੀ ਪੰਜਾਬ ਦੇ ਆਮ ਲੋਕਾਂ ’ਚ ਰੋਸ ਭਰ ਗਿਆ ਸੀ, ਜਦੋਂ 50 ਘੰਟਿਆਂ ਮਗਰੋਂ ਵੀ ਹਰਿਆਣਾ ਨੂੰ ਵਾਧੂ ਪਾਣੀ ਨਹੀਂ ਛੱਡਿਆ ਜਾ ਸਕਿਆ ਤਾਂ ਬੀਬੀਐੱਮਬੀ ਨੇ ਭਾਖੜਾ ਡੈਮ ’ਤੇ ਤਾਇਨਾਤ ਪੰਜਾਬ ਦੇ ਐਕਸੀਅਨ ਅਮਿਤ ਸਹੋਤਾ ਨੂੰ ਦਬਕੇ ਮਾਰਨੇ ਸ਼ੁਰੂ ਕਰ ਦਿੱਤੇ। ਅਮਿਤ ਸਹੋਤਾ ਅੱਜ ਪੂਰਾ ਦਿਨ ਅੜਿਆ ਰਿਹਾ ਤੇ ਉਸ ਨੇ ਡੈਮ ਦੇ ਗੇਟ ਖੋਲ੍ਹਣ ਦਾ ਇਨਕਾਰ ਕਰ ਦਿੱਤਾ। ਇਹ ਤਿੰਨੋਂ ਅਧਿਕਾਰੀ ਡੈਪੂਟੇਸ਼ਨ ’ਤੇ ਹਨ।