Bikram Majithia -ਜੇਲ੍ਹ ’ਚ ਮਜੀਠੀਆ ਦੀ ਜਾਨ ਨੂੰ ਖ਼ਤਰਾ: ਹਾਈ ਕੋਰਟ ਨੇ ਪੁਲੀਸ ਤੋਂ ਮੰਗੀ ਜਾਣਕਾਰੀ
ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਇਸ ਦਾਅਵੇ ਕਿ ਉਸ ਦੀ ਜਾਨ ਨੂੰ ਇੱਕ ਅਤਿਵਾਦੀ ਸੰਗਠਨ ਤੋਂ ਖ਼ਤਰਾ ਹੈ, ਦਾ ਨੋਟਿਸ ਲੈਂਦੇ ਹੋਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਜਸਗੁਰਪ੍ਰੀਤ ਸਿੰਘ ਪੁਰੀ ਨੇ ਸੋਮਵਾਰ ਨੂੰ ਪੰਜਾਬ ਨੂੰ ਸੀਨੀਅਰ ਪੁਲੀਸ ਅਤੇ ਜੇਲ੍ਹ ਅਧਿਕਾਰੀਆਂ ਤੋਂ ਹਦਾਇਤਾਂ ਲੈਣ ਦੇ ਨਿਰਦੇਸ਼ ਦਿੱਤੇ। ਇਸ ਮਾਮਲੇ ’ਤੇ ਹੁਣ ਭਲਕੇ ਮੰਗਲਵਾਰ ਨੂੰ ਸੁਣਵਾਈ ਹੋਵੇਗੀ।

ਇਹ ਹੁਕਮ ਮਜੀਠੀਆ ਦੇ ਵਕੀਲ ਡੀਐਸ ਸੋਬਤੀ ਵੱਲੋਂ ਕੀਤੇ ਉਸ ਦਾਅਵੇ ਤੋਂ ਬਾਅਦ ਆਇਆ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ ਪਟੀਸ਼ਨਰ, ਜੋ ਅੰਡਰ ਟਰਾਇਲ ਹੈ, ਦੀ ਜਾਨ ਨੂੰ ਏਡੀਜੀਪੀ (ਇੰਟਰਨਲ ਇੰਟੈਲੀਜੈਂਸ), ਪੰਜਾਬ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਅਤਿਵਾਦੀ ਸੰਗਠਨ ਤੋਂ ਖ਼ਤਰਾ ਹੈ। ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਉਹ ਇਸ ਸਬੰਧ ਵਿੱਚ ਇੱਕ ਵਾਧੂ ਹਲਫ਼ਨਾਮਾ ਦਾਇਰ ਕਰਨ ਦਾ ਇਰਾਦਾ ਰੱਖਦਾ ਹੈ ਤੇ ਸੁਣਵਾਈ ਮੰਗਲਵਾਰ ਤੱਕ ਮੁਲਤਵੀ ਕਰਨ ਦੀ ਬੇਨਤੀ ਕੀਤੀ।

ਬੈਂਚ ਨੇ ਬੇਨਤੀ ਨੂੰ ਸਵੀਕਾਰ ਕਰਦੇ ਹੋਏ ਸੁਣਵਾਈ 13 ਜਨਵਰੀ ਤੱਕ ਮੁਲਤਵੀ ਕਰ ਦਿੱਤੀ ਤੇ ਨਿਰਦੇਸ਼ ਦਿੱਤਾ ਕਿ ਕੇਸ ਉੱਤੇ ਜ਼ਰੂਰੀ ਮਾਮਲਿਆਂ ਤੋਂ ਫੌਰੀ ਮਗਰੋਂ ਸੁਣਵਾਈ ਕੀਤੀ ਜਾਵੇਗੀ। ਬੈਂਚ ਨੇ ਹੁਕਮਾਂ ਵਿਚ ਕਿਹਾ ਕਿ ਇਸ ਦੌਰਾਨ, ਸਰਕਾਰੀ ਵਕੀਲ ਇਸ ਸਬੰਧ ਵਿੱਚ ਸਬੰਧਤ ਇੰਸਪੈਕਟਰ-ਜਨਰਲ ਆਫ਼ ਪੁਲੀਸ ਦੇ ਨਾਲ-ਨਾਲ ਜੇਲ੍ਹ ਸੁਪਰਡੈਂਟ, ਨਾਭਾ ਤੋਂ ਨਿਰਦੇਸ਼ ਲੈਣਗੇ।