US – ਨਾਜਾਇਜ਼ ਰੂਪ ’ਚ ਅਮਰੀਕਾ ਰਹਿ ਰਹੇ ਦੋ ਪੰਜਾਬੀ ਕੋਕੀਨ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ
Two Punjabis living in US illegally arrested on charges of cocaine smuggling
ਇਕ ਟਰੱਕ ਜ਼ਰੀਏ 300 ਪਾਊਂਡ ਤੋਂ ਵੱਧ ਕੋਕੀਨ ਦੀ ਤਸਕਰੀ ਕਰਨ ਦਾ ਦੋਸ਼

ਨਿਊਯਾਰਕ: ਅਮਰੀਕਾ ’ਚ ਨਾਜਾਇਜ਼ ਰੂਪ ’ਚ ਰਹਿ ਰਹੇ ਦੋ ਭਾਰਤੀਆਂ ਨੂੰ ਸੰਘੀ ਅਧਿਕਾਰੀਆਂ ਨੇ ਇਕ ਟਰੱਕ ਜ਼ਰੀਏ 300 ਪਾਊਂਡ ਤੋਂ ਵੱਧ ਕੋਕੀਨ ਦੀ ਤਸਕਰੀ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਅਨੁਸਾਰ ਗੁਰਪ੍ਰੀਤ (25) ਅਤੇ ਜਸਵੀਰ ਸਿੰਘ (30) ਨੂੰ ਚਾਰ ਜਨਵਰੀ ਨੂੰ ਇੰਡੀਆਨਾ ਦੀ ਪੁਟਨਮ ਕਾਊਂਟੀ ’ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਹੇਠ ਸਥਾਨਕ ਅਧਿਕਾਰੀਆਂ ਨੇ ਗ੍ਰਿਫ਼ਤਾਰ ਕੀਤਾ।
ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ (ਡੀ.ਐਚ.ਐਸ.) ਨੇ ਇਸ ਹਫ਼ਤੇ ਦਸਿਆ ਕਿ ਅਮਰੀਕੀ ਇਮੀਗਰੇਸ਼ਨ ਅਤੇ ਕਸਟਮ ਲਾਗੂਕਰਨ (ਆਈ.ਸੀ.ਈ.) ਨੇ ਦੋਹਾਂ ਵਿਰੁਧ ਗ੍ਰਿਫ਼ਤਾਰੀ ਵਾਰੰਟੀ ਜਾਰੀ ਕੀਤਾ ਹੈ। ਏਜੰਸੀ ਨੇ ਕਿਹਾ ਕਿ ਦੋਹਾਂ ਵਿਅਕਤੀਆਂ ਨੇ ਨਾਜਾਇਜ਼ ਰੂਪ ’ਚ ਅਮਰੀਕਾ ’ਚ ਦਾਖ਼ਲਾ ਲਿਆ ਸੀ ਅਤੇ ਉਨ੍ਹਾਂ ਨੂੰ ਪੁਟਨਮ ਕਾਊਂਟੀ ’ਚ ਇਕ ਟਰੱਕ ਤੋਂ 300 ਪਾਊਂਡ ਤੋਂ ਵੱਧ ਕੋਕੀਨ ਦੀ ਤਸਕਰੀ ਕਰਦਿਆਂ ਫੜਿਆ ਗਿਆ।
ਡੀ.ਐਸ.ਐਸ. ਅਨੁਸਾਰ, ਦੋਹਾਂ ਕੋਲੋਂ ਕੈਨੀਫ਼ੋਰਨੀਆ ਵਲੋਂ ਜਾਰੀ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਸਨ। ਏਜੰਸੀ ਨੇ ਅਪਣੇ ਬਿਆਨ ਵਿਚ ਕਿਹਾ, ‘‘300 ਪਾਊਂਡ ਤੋਂ ਵੱਧ ਕੋਕੀਨ ਜ਼ਬਤ ਕੀਤੀ ਗਈ ਹੈ। ਕੋਕੀਨ ਦੀ ਮਾਤਰਾ 1.2 ਗ੍ਰਾਮ ਖੁਰਾਕ ਹੀ ਘਾਤਕ ਹੁੰਦੀ ਹੈ, ਅਜਿਹੇ ’ਚ ਇਹ ਮਾਤਰਾ 1,13,000 ਤੋਂ ਵੱਧ ਅਮਰੀਕੀਆਂ ਦੀ ਜਾਨ ਲੈ ਸਕਦੀ ਸੀ।’’
ਡੀ.ਐਚ.ਐਸ. ਨੇ ਇਹ ਵੀ ਦਸਿਆ ਕਿ ਗੁਰਪ੍ਰੀਤ ਸਿੰਘ ਨੇ 11 ਮਾਰਚ, 2023 ਨੂੰ ਐਰੀਜ਼ੋਨਾ ਦੇ ਲਿਊਕਵਿਲ ਕੋਲ ਨਾਜਾਇਜ਼ ਰੂਪ ’ਚ ਅਮਰੀਕਾ ’ਚ ਕਦਮ ਰਖਿਆ ਸੀ ਅਤੇ ਬਾਇਡਨ ਪ੍ਰਸ਼ਾਸਨ ਹੇਠ ਉਸ ਨੂੰ ਦੇਸ਼ ’ਚ ਰਹਿਣ ਦੀ ਇਜਾਜ਼ਤ ਦਿਤੀ ਗਈ ਸੀ। ਜਦਕਿ ਜਸਵੀਰ ਸਿੰਘ ਨੇ 21 ਮਾਰਚ, 2017 ਨੂੰ ਕੈਨੇਫ਼ੋਰਨੀਆ ਦੇ ਓਟਾਏ ਮੇਸਾ ਕੋਲ ਨਾਜਾਇਜ਼ ਰੂਪ ’ਚ ਅਮਰੀਕਾ ’ਚ ਕਦਮ ਰਖਿਆ ਸੀ।
ਉਸ ਨੂੰ ਪਿਛਲੇ ਸਾਲ ਪੰਜ ਦਸੰਬਰ ਨੂੰ ਕੈਨੇਫ਼ੋਰਨੀਆ ਦੇ ਸੈਨ ਬਾਰਨਾਡੀਨੋ ’ਚ ਚੋਰੀ ਦੀ ਜਾਇਦਾਦ ਪ੍ਰਾਪਤ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਆਈ.ਸੀ.ਈ. ਨੇ ਉਸ ਸਮੇਂ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਸੀ, ਪਰ ਉਸ ਨੂੰ ਲਾਗੂ ਨਹੀਂ ਕੀਤਾ ਗਿਆ ਅਤੇ ਉਸ ਨੂੰ ਰਿਹਾਅ ਕਰ ਦਿਤਾ ਗਿਆ। ਡੀ.ਐਚ.ਐਸ. ਨੇ ਇਸ ਲਈ ਕੈਲੇਫ਼ੋਰਨੀਆ ਦੇ ਗਵਰਨਰ ਗੇਵਿਨ ਨਿਊਸਮ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ।