Indian ਰਾਜਦੂਤ ਕਵਾਤਰਾ ਨੇ ਟਰੰਪ ਨੂੰ ਟੈਰਿਫ ਘਟਾਉਣ ਦੀ ਬੇਨਤੀ ਕੀਤੀ – ਲਿੰਡਸੇ ਗ੍ਰਾਹਮ
ਟਰੰਪ ਨੂੰ ਆਖੋ ਕਿ ਕੁਝ ਟੈਰਿਫ ਘਟਾ ਦੇਣ
ਭਾਰਤੀ ਰਾਜਦੂਤ ਕਵਾਤਰਾ ਦੇ ਹਵਾਲੇ ਨਾਲ ਅਮਰੀਕੀ ਸੈਨੇਟਰ ਲਿੰਡਸੇ ਗ੍ਰਾਹਮ ਦਾ ਦਾਅਵਾ
ਅਮਰੀਕੀ ਸੈਨੇਟਰ ਲਿੰਡਸੇ ਗ੍ਰਾਹਮ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਵਿੱਚ ਭਾਰਤੀ ਰਾਜਦੂਤ ਵਿਨੈ ਕਵਾਤਰਾ ਨੇ ਉਨ੍ਹਾਂ ਨੂੰ ਨਵੀਂ ਦਿੱਲੀ ਵੱਲੋਂ ਰੂਸੀ ਤੇਲ ਦੀ ਖਰੀਦ ਘਟਾਉਣ ਬਾਰੇ ਜਾਣਕਾਰੀ ਦਿੱਤੀ ਹੈ। ਗ੍ਰਾਹਮ ਮੁਤਾਬਕ, ਰਾਜਦੂਤ ਨੇ ਉਨ੍ਹਾਂ ਨੂੰ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਭਾਰਤ ’ਤੇ ਲਗਾਏ ਟੈਕਸ ਹਟਾਉਣ ਲਈ ਕਹਿਣ ਦੀ ਬੇਨਤੀ ਕੀਤੀ ਹੈ।

ਐਤਵਾਰ ਨੂੰ ‘ਏਅਰਫੋਰਸ ਵਨ’ ਵਿੱਚ ਟਰੰਪ ਨਾਲ ਮੌਜੂਦ ਗ੍ਰਾਹਮ ਨੇ ਆਪਣੇ ਟੈਰਿਫ ਬਿੱਲ ਬਾਰੇ ਗੱਲ ਕੀਤੀ, ਜਿਸ ਤਹਿਤ ਰੂਸੀ ਤੇਲ ਖਰੀਦਣ ਵਾਲੇ ਦੋਸ਼ਾਂ ਤਹਿਤ ਦਰਾਮਦ ਕੀਤੇ ਜਾਣ ਵਾਲੇ ਸਾਮਾਨ ’ਤੇ 500 ਫੀਸਦ ਤੱਕ ਟੈਕਸ ਲਗਾਉਣ ਦੀ ਤਜਵੀਜ਼ ਹੈ। ਉਨ੍ਹਾਂ ਕਿਹਾ ਕਿ ਰੂਸ-ਯੂਕਰੇਨ ਸੰਘਰਸ਼ ਨੂੰ ਖ਼ਤਮ ਕਰਨ ਲਈ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਗਾਹਕਾਂ ’ਤੇ ਦਬਾਅ ਪਾਉਣਾ ਜ਼ਰੂਰੀ ਹੈ। ਟਰੰਪ ਅਨੁਸਾਰ ਪਾਬੰਦੀਆਂ ਰੂਸ ਨੂੰ ਬਹੁਤ ਬੁਰੀ ਤਰ੍ਹਾਂ ਨੁਕਸਾਨ ਪਹੁੰਚਾ ਰਹੀਆਂ ਹਨ ਅਤੇ ਫਿਰ ਉਨ੍ਹਾਂ ਨੇ ਭਾਰਤ ਦਾ ਜ਼ਿਕਰ ਕੀਤਾ। ਗ੍ਰਾਹਮ ਨੇ ਕਿਹਾ, ‘‘ਮੈਂ ਲਗਪਗ ਇੱਕ ਮਹੀਨਾ ਪਹਿਲਾਂ ਭਾਰਤੀ ਰਾਜਦੂਤ ਦੇ ਘਰ ਗਿਆ ਸੀ ਅਤੇ ਉਹ ਸਿਰਫ ਇਸ ਬਾਰੇ ਗੱਲ ਕਰਨਾ ਚਾਹੁੰਦੇ ਸੀ ਕਿ ਉਹ ਰੂਸੀ ਤੇਲ ਦੀ ਖਰੀਦ ਕਿਵੇਂ ਘਟਾ ਰਹੇ ਹਨ।’’ ਸੈਨੇਟਰ ਨੇ ਅੱਗੇ ਕਿਹਾ ਕਿ ਭਾਰਤੀ ਰਾਜਦੂਤ ਨੇ ਉਨ੍ਹਾਂ ਨੂੰ ਕਿਹਾ, ‘‘ਕੀ ਤੁਸੀਂ ਰਾਸ਼ਟਰਪਤੀ ਨੂੰ ਟੈਰਿਫ ਹਟਾਉਣ ਲਈ ਕਹੋਗੇ?’’ ਗ੍ਰਾਹਮ ਦੇ ਇਸ ਦਾਅਵੇ ’ਤੇ ਭਾਰਤੀ ਅਧਿਕਾਰੀਆਂ ਵੱਲੋਂ ਫਿਲਹਾਲ ਕੋਈ ਪ੍ਰਤੀਕਿਰਿਆ ਨਹੀਂ ਆਈ।