Shocking – ਪ੍ਰੇਮੀ ਨੇ ਹੀ ਮਾਰ’ਤੀ ਅਦਾਕਾਰਾ ! 25 ਸਾਲ ਦੀ ਉਮਰ ‘ਚ ਛੱਡੀ ਦੁਨੀਆ
ਹਾਲੀਵੁੱਡ ਇੰਡਸਟਰੀ ਤੋਂ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਪ੍ਰਸਿੱਧ ਫਿਲਮ ‘The Lion King’ ਵਿੱਚ ਆਪਣੀ ਅਦਾਕਾਰੀ ਦਾ ਜੌਹਰ ਦਿਖਾਉਣ ਵਾਲੀ ਅਦਾਕਾਰਾ ਇਮਾਨੀ ਦਿਯਾ ਸਮਿਥ ਦਾ 25 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਜਾਣਕਾਰੀ ਅਨੁਸਾਰ ਅਦਾਕਾਰਾ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ, ਜਿਸ ਤੋਂ ਬਾਅਦ ਪੂਰੀ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਜ਼ਖਮੀ ਹਾਲਤ ਵਿੱਚ ਮਿਲੀ ਸੀ ਅਦਾਕਾਰਾ
ਮਿਡਲਸੈਕਸ ਕਾਉਂਟੀ ਪ੍ਰੋਸੀਕਿਊਟਰ ਆਫਿਸ ਦੁਆਰਾ ਜਾਰੀ ਪ੍ਰੈਸ ਰਿਲੀਜ਼ ਅਨੁਸਾਰ ਇਮਾਨੀ ਦਿਯਾ ਸਮਿਥ ਨੂੰ ਨਿਊ ਜਰਸੀ ਦੇ ਐਡੀਸਨ ਸਥਿਤ ਇੱਕ ਘਰ ਵਿੱਚ ਚਾਕੂ ਨਾਲ ਵਿੰਨ੍ਹੇ ਗੰਭੀਰ ਹਾਲਤ ਵਿੱਚ ਪਾਇਆ ਗਿਆ ਸੀ। ਉਸ ਨੂੰ ਤੁਰੰਤ ਨਿਊ ਬਰੰਸਵਿਕ ਦੇ ਰੌਬਰਟ ਵੁੱਡ ਜੌਨਸਨ ਯੂਨੀਵਰਸਿਟੀ ਹਸਪਤਾਲ ਲਿਜਾਇਆ ਗਿਆ, ਪਰ ਜ਼ਖਮ ਇੰਨੇ ਗਹਿਰੇ ਸਨ ਕਿ ਡਾਕਟਰਾਂ ਨੇ ਉੱਥੇ ਪਹੁੰਚਦੇ ਹੀ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਬੁਆਏਫ੍ਰੈਂਡ ਗ੍ਰਿਫਤਾਰ: ਕਤਲ ਦਾ ਲੱਗਾ ਇਲਜ਼ਾਮ
ਪੁਲਸ ਨੇ ਇਸ ਕਤਲ ਦੇ ਮਾਮਲੇ ਵਿੱਚ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਇਮਾਨੀ ਦੇ ਬੁਆਏਫ੍ਰੈਂਡ ਜੌਰਡਨ ਡੀ ਜੈਕਸਨ ਸਮਾਲ ਨੂੰ ਗ੍ਰਿਫਤਾਰ ਕਰ ਲਿਆ ਹੈ। ਰਿਪੋਰਟਾਂ ਅਨੁਸਾਰ ਜੈਕਸਨ ਸਮਾਲ ‘ਤੇ ਕਤਲ ਦੇ ਨਾਲ-ਨਾਲ ਗੈਰ-ਕਾਨੂੰਨੀ ਹਥਿਆਰ ਰੱਖਣ ਦੇ ਵੀ ਦੋਸ਼ ਲਗਾਏ ਗਏ ਹਨ। ਫਿਲਹਾਲ ਪੁਲਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
‘ਯੰਗ ਨਾਲਾ’ ਦੇ ਕਿਰਦਾਰ ਨਾਲ ਜਿੱਤਿਆ ਸੀ ਦਿਲ
ਇਮਾਨੀ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਬਹੁਤ ਛੋਟੀ ਉਮਰ ਵਿੱਚ ਹੀ ਕਰ ਦਿੱਤੀ ਸੀ। ਉਨ੍ਹਾਂ ਨੇ ‘The Lion King’ ਵਿੱਚ ਬਤੌਰ ਚਾਈਲਡ ਆਰਟਿਸਟ ‘ਯੰਗ ਨਾਲਾ’ ਦਾ ਕਿਰਦਾਰ ਨਿਭਾ ਕੇ ਦਰਸ਼ਕਾਂ ਦੇ ਦਿਲਾਂ ਵਿੱਚ ਖਾਸ ਜਗ੍ਹਾ ਬਣਾਈ ਸੀ। ਉਨ੍ਹਾਂ ਦੇ ਅਚਾਨਕ ਚਲੇ ਜਾਣ ਨਾਲ ਉਨ੍ਹਾਂ ਦਾ ਪਰਿਵਾਰ ਡੂੰਘੇ ਸਦਮੇ ਵਿੱਚ ਹੈ, ਜਿਸ ਵਿੱਚ ਉਨ੍ਹਾਂ ਦੇ ਮਾਤਾ-ਪਿਤਾ, ਦੋ ਛੋਟੇ ਭਰਾ ਅਤੇ ਇੱਕ 3 ਸਾਲ ਦਾ ਪੁੱਤਰ ਸ਼ਾਮਲ ਹਨ।