Breaking News

BJP ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਚਾਰੋਂ ਸਾਹਿਬਜ਼ਾਦਿਆਂ ਨੂੰ ਕਾਰਟੂਨ ਰੂਪ ‘ਚ ਦਰਸਾਉਣ ਦਾ ਮਾਮਲਾ

BJP ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਚਾਰੋਂ ਸਾਹਿਬਜ਼ਾਦਿਆਂ ਨੂੰ ਕਾਰਟੂਨ ਰੂਪ ‘ਚ ਦਰਸਾਉਣਾ ਨਿੰਦਣਯੋਗ ਤੇ ਸ਼ਰਮਨਾਕ ਹੈ : ਸਪੀਕਰ ਸੰਧਵਾਂ

BJP’s depiction of Guru Gobind Singh Ji and his four Sahibzada in cartoon form is condemnable and shameful: Speaker Sandhwan
ਕਿਹਾ, ‘ਮਹਾਨ ਸ਼ਖਸੀਅਤਾਂ ਨੂੰ ਕਿਸੇ ਵੀ ਤਰ੍ਹਾਂ ਦੇ ਕਾਰਟੂਨ, ਪ੍ਰਤੀਕਾਤਮਕ ਜਾਂ ਅਸੱਤਿਕਾਰਪੂਰਨ ਰੂਪ ਵਿੱਚ ਪੇਸ਼ ਕਰਨਾ ਕਤਈ ਅਸਵੀਕਾਰਯੋਗ ਹੈ’

ਫਰੀਦਕੋਟ: ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਲਈ ‘ਵੀਰ ਬਾਲ ਦਿਵਸ’ ਦੇ ਸਿਰਲੇਖ ਵਿੱਚ ਤਬਦੀਲੀ ਕਰਨ ਸਬੰਧੀ ਬੀਜੇਪੀ ਸਰਕਾਰ ਵੱਲੋਂ ਅਜੇ ਤੱਕ ਕੋਈ ਵੀ ਅਰਥਪੂਰਨ ਫੈਸਲਾ ਨਹੀਂ ਲਿਆ ਗਿਆ। ਇਸ ਦੇ ਬਾਵਜੂਦ ਅੱਜ ਬੀਜੇਪੀ ਵੱਲੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਚਾਰੋਂ ਸਾਹਿਬਜ਼ਾਦਿਆਂ ਦੀ ਕਾਰਟੂਨ ਰੂਪ ਵਿੱਚ ਤਸਵੀਰ ਪੋਸਟ ਕੀਤੀ ਗਈ, ਜੋ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਹੈ।

ਸਪੀਕਰ ਸੰਧਵਾਂ ਨੇ ਕਿਹਾ ਕਿ ਸਿੱਖ ਗੁਰੂਆਂ, ਸਾਹਿਬਜ਼ਾਦਿਆਂ ਅਤੇ ਸਿੱਖ ਸ਼ਹੀਦਾਂ ਦਾ ਸਤਿਕਾਰ ਸਿੱਖ ਧਰਮ ਦੀ ਮਰਯਾਦਾ, ਰਿਵਾਇਤਾਂ ਅਤੇ ਇਤਿਹਾਸ ਨਾਲ ਅਟੁੱਟ ਤੌਰ ‘ਤੇ ਜੁੜਿਆ ਹੋਇਆ ਹੈ। ਇਨ੍ਹਾਂ ਮਹਾਨ ਸ਼ਖਸੀਅਤਾਂ ਨੂੰ ਕਿਸੇ ਵੀ ਤਰ੍ਹਾਂ ਦੇ ਕਾਰਟੂਨ, ਪ੍ਰਤੀਕਾਤਮਕ ਜਾਂ ਅਸੱਤਿਕਾਰਪੂਰਨ ਰੂਪ ਵਿੱਚ ਪੇਸ਼ ਕਰਨਾ ਕਤਈ ਅਸਵੀਕਾਰਯੋਗ ਹੈ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਿੱਖ ਗੁਰੂਆਂ ਅਤੇ ਸ਼ਹੀਦਾਂ ਨੂੰ ਸਨਮਾਨ ਦੇਣ ਲਈ ਕੀਤੇ ਜਾ ਰਹੇ ਉਪਰਾਲੇ ਤਦ ਹੀ ਅਰਥਪੂਰਨ ਸਾਬਤ ਹੋ ਸਕਦੇ ਹਨ, ਜਦੋਂ ਧਾਰਮਿਕ ਮਸਲਿਆਂ ‘ਤੇ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਸਿੱਖ ਬੁੱਧੀਜੀਵੀਆਂ, ਇਤਿਹਾਸਕਾਰਾਂ ਅਤੇ ਪ੍ਰਮੁੱਖ ਧਾਰਮਿਕ ਸੰਸਥਾਵਾਂ ਨਾਲ ਸਲਾਹ-ਮਸ਼ਵਰਾ ਕੀਤਾ ਜਾਵੇ।

ਸਪੀਕਰ ਸੰਧਵਾਂ ਨੇ ਕਿਹਾ ਕਿ ਸਿੱਖ ਕੌਮ ਆਪਣੀ ਧਾਰਮਿਕ ਪਛਾਣ, ਇਤਿਹਾਸ ਅਤੇ ਸ਼ਹਾਦਤਾਂ ਪ੍ਰਤੀ ਬਹੁਤ ਸੰਵੇਦਨਸ਼ੀਲ ਹੈ ਅਤੇ ਇਹ ਬਹੁਤ ਜ਼ਰੂਰੀ ਹੈ ਕਿ ਇਸ ਸੰਵੇਦਨਸ਼ੀਲਤਾ ਦਾ ਪੂਰੀ ਤਰ੍ਹਾਂ ਸਤਿਕਾਰ ਕੀਤਾ ਜਾਵੇ।

ਖਹਿਰਾ ਨੇ “ਵੀਰ ਬਾਲ ਦਿਵਸ” ਦੇ ਨਾਂ ’ਤੇ ਚੁੱਕੇ ਸਵਾਲ; ਕਿਹਾ ਇਹ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਦੀ ਤੋਹੀਨ ਹੈ।
ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਦੀ ਯਾਦ ਵਿੱਚ ਮਨਾਏ ਜਾਣ ਵਾਲੇ ਸਮਾਗਮ ਨੂੰ “ਵੀਰ ਬਾਲ ਦਿਵਸ” ਦੇ ਨਾਂ ਨਾਲ ਸੰਬੋਧਨ ਕਰਨ ਦੇ ਫੈਸਲੇ ’ਤੇ ਸਖਤ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਅਜਿਹਾ ਨਾਂਮ ਸਾਹਿਬਜ਼ਾਦਿਆਂ ਦੀ ਬੇਮਿਸਾਲ ਬਹਾਦਰੀ, ਸ਼ਹੀਦੀ ਅਤੇ ਇਤਿਹਾਸਕ ਮਹੱਤਤਾ ਦੀ ਤੋਹੀਨ ਹੈ, ਜਿਨ੍ਹਾਂ ਨੇ ਮੁਗਲ ਸਾਮਰਾਜ ਦੇ ਜ਼ੁਲਮ ਖ਼ਿਲਾਫ਼ ਡਟ ਕੇ ਮੁਕਾਬਲਾ ਕੀਤਾ।

ਖਹਿਰਾ ਨੇ ਕਿਹਾ ਕਿ ਸਾਹਿਬਜ਼ਾਦੇ ਸਧਾਰਣ ਅਰਥਾਂ ਵਿੱਚ “ਬੱਚੇ” ਨਹੀਂ ਸਨ, ਸਗੋਂ ਮਹਾਨ ਯੋਧੇ ਸਨ, ਜਿਨ੍ਹਾਂ ਨੇ ਸਮਰਪਣ ਦੀ ਥਾਂ ਸ਼ਹੀਦੀ ਨੂੰ ਚੁਣਿਆ ਅਤੇ ਹਿੰਮਤ, ਧਰਮਿਕਤਾ ਤੇ ਅਨਿਆਂਏ ਦੇ ਖਿਲਾਫ ਸਭ ਤੋਂ ਉੱਚੇ ਆਦਰਸ਼ਾਂ ਨੂੰ ਕਾਇਮ ਰੱਖਿਆ। ਉਨ੍ਹਾਂ ਕਿਹਾ, “ਉਨ੍ਹਾਂ ਦੀ ਮਹਾਨ ਕੁਰਬਾਨੀ ਨੂੰ ਐਸੇ ਸ਼ਬਦ ਨਾਲ ਘਟਾ ਕੇ ਪੇਸ਼ ਕਰਨਾ, ਜੋ ਬਹਾਦਰੀ ਅਤੇ ਸ਼ਹੀਦੀ ਦੀ ਥਾਂ ਉਮਰ ’ਤੇ ਜ਼ੋਰ ਦੇਵੇ, ਸਿੱਖ ਇਤਿਹਾਸ ਅਤੇ ਭਾਵਨਾਵਾਂ ਨਾਲ ਨਿਰੀ ਬੇਇਨਸਾਫ਼ੀ ਹੈ।”
ਕਾਂਗਰਸ ਵਿਧਾਇਕ ਨੇ ਜ਼ੋਰ ਦੇ ਕੇ ਕਿਹਾ ਕਿ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੀ ਸ਼ਹੀਦੀ ਵਿਸ਼ਵ ਇਤਿਹਾਸ ਵਿੱਚ ਕੁਰਬਾਨੀ ਦੀ ਚਰਮ ਸੀਮਾ ਹੈ, ਜਿੱਥੇ ਸਭ ਤੋਂ ਛੋਟੀ ਉਮਰ ਵਿੱਚ ਵੀ ਧਰਮ ਅਤੇ ਮਨੁੱਖਤਾਂ ਲਈ ਨਿਡਰਤਾ ਨਾਲ ਜ਼ੁਲਮ ਅਤੇ ਤਸ਼ੱਦਦ ਦਾ ਸਾਹਮਣਾ ਕੀਤਾ ।
ਖਹਿਰਾ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਨਾਮ ’ਤੇ ਤੁਰੰਤ ਪੁਨਰਵਿਚਾਰ ਕੀਤਾ ਜਾਵੇ ਅਤੇ ਐਸਾ ਨਾਮ ਅਪਣਾਇਆ ਜਾਵੇ ਜੋ ਸਾਹਿਬਜ਼ਾਦਿਆਂ ਦੀ ਸ਼ਹੀਦੀ, ਬਹਾਦਰੀ ਅਤੇ ਅਮਰ ਵਿਰਾਸਤ ਨੂੰ ਸਹੀ ਅਰਥਾਂ ਵਿੱਚ ਪ੍ਰਤਿਬਿੰਬਤ ਕਰੇ, ਜੋ ਸਿੱਖ ਰਿਵਾਇਤਾਂ ਅਤੇ ਵਿਸ਼ਵ ਭਰ ਦੀ ਸਿੱਖ ਕੌਮ ਦੀ ਸਾਂਝੀ ਭਾਵਨਾ ਦੇ ਅਨੁਕੂਲ ਹੋਵੇ।

ਉਨ੍ਹਾਂ ਚੇਤਾਵਨੀ ਦਿੱਤੀ ਕਿ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਨੂੰ ਘਟਾਉਣ, ਅਤੇ ਨਿਮਾਣਾ ਕਰਨ ਦੀ ਕੋਈ ਵੀ ਕੋਸ਼ਿਸ਼ ਕਬੂਲਯੋਗ ਨਹੀਂ ਹੋਵੇਗੀ ਅਤੇ ਇਸ ਨਾਲ ਧਾਰਮਿਕ ਭਾਵਨਾਵਾਂ ਨੂੰ ਗੰਭੀਰ ਠੇਸ ਪਹੁੰਚੇਗੀ। ਖਹਿਰਾ ਨੇ ਕਿਹਾ, “ਸਾਹਿਬਜ਼ਾਦਿਆਂ ਦੀ ਵਿਰਾਸਤ ਨੂੰ ਪੂਰੇ ਆਦਰ, ਇਤਿਹਾਸਕ ਸੱਚਾਈ ਅਤੇ ਮਰਿਆਦਾ ਨਾਲ ਯਾਦ ਕੀਤਾ ਜਾਣਾ ਚਾਹੀਦਾ ਹੈ।”
ਖਹਿਰਾ ਨੇ ਦੁਹਰਾਇਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਸਿਰਫ਼ ਸਿੱਖ ਇਤਿਹਾਸ ਦਾ ਇੱਕ ਅਧਿਆਏ ਨਹੀਂ, ਸਗੋਂ ਜ਼ੁਲਮ ਦੇ ਖ਼ਿਲਾਫ਼ ਪ੍ਰਤਿਰੋਧ ਦਾ ਵਿਸ਼ਵਵਿਆਪੀ ਸੰਦੇਸ਼ ਹਨ, ਜੋ ਮਨੁੱਖਤਾ ਲਈ ਸਦੀਵੀ ਪ੍ਰੇਰਣਾ ਬਣ ਕੇ ਰਹਿਣਗੀਆਂ।
ਸੁਖਪਾਲ ਸਿੰਘ ਖਹਿਰਾ, ਵਿਧਾਇਕ |

Check Also

Veteran musician Ustad Puran Shah Koti passes away at 72 – ਨਹੀਂ ਰਹੇ ਉਸਤਾਦ ਸੂਫ਼ੀ ਗਾਇਕ ਪੂਰਨ ਸ਼ਾਹਕੋਟੀ; ਕਈ ਮਕਬੂਲ ਪੰਜਾਬੀ ਗਾਇਕਾਂ ਨੂੰ ਦਿੱਤੀ ਟ੍ਰੇਨਿੰਗ

Veteran musician Ustad Puran Shah Koti passes away at 72 ਨਹੀਂ ਰਹੇ ਉਸਤਾਦ ਸੂਫ਼ੀ ਗਾਇਕ …