Rupinder Case –
ਗੁਰਵਿੰਦਰ ਸਿੰਘ ਕਤਲ ਮਾਮਲਾ
ਰੁਪਿੰਦਰ ਕੌਰ ਦੀ ਸਹੇਲੀ ਵੀਰਇੰਦਰ ਕੌਰ 2 ਦਿਨਾਂ ਦੇ ਰਿਮਾਂਡ ’ਤੇ
ਗੁਰਵਿੰਦਰ ਸਿੰਘ ਕਤਲ ਮਾਮਲਾ
ਫਰੀਦਕੋਟ: ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਸੰਗੀਨ ਅਪਰਾਧਾਂ ਵਿਰੁੱਧ ਜ਼ੀਰੋ ਟੋਲਰੈਂਸ ਨੀਤੀ ਅਪਣਾਉਂਦੇ ਹੋਏ ਕਾਰਵਾਈ ਕੀਤੀ ਜਾਂਦੀ ਹੈ। ਇਸੇ ਕੜੀ ਵਿੱਚ ਪਿੰਡ ਸੁੱਖਣਵਾਲਾ ਵਿੱਚ ਹੋਏ ਕਤਲ ਮਾਮਲੇ ਵਿੱਚ ਇੱਕ ਹੋਰ ਮਹਿਲਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਦਾ ਨਾਮ ਵੀਰਇੰਦਰ ਕੌਰ ਹੈ। ਇਸ ਸਾਜਿਸ਼ ਵਿੱਚ ਸ਼ਾਮਿਲ ਮ੍ਰਿਤਕ ਦੀ ਪਤਨੀ ਅਤੇ 2 ਮੁਲਜ਼ਮ ਪਹਿਲਾਂ ਹੀ ਫਰੀਦਕੋਟ ਪੁਲਿਸ ਦੀ ਗ੍ਰਿਫਤ ਵਿੱਚ ਹਨ।

ਗ੍ਰਿਫਤਾਰ ਕੀਤੀ ਦੋਸ਼ਣ ਦੀ ਪਹਿਚਾਣ ਵੀਰਇੰਦਰ ਕੌਰ (26) ਵਜੋ ਹੋਈ ਹੈ, ਜੋ ਕਿ ਫਰੀਦਕੋਟ ਦੇ ਮੁਹੱਲਾ ਖੋਖਰਾ ਜਤਿੰਦਰ ਚੌਕ ਦੀ ਰਹਿਣ ਵਾਲੀ ਹੈ। ਜਿਸ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਪੁਲਿਸ ਨੂੰ ਉਸ ਦਾ ਦੋ ਦਿਨ ਦਾ ਰਿਮਾਂਡ ਦਿੱਤਾ ਗਿਆ ਹੈ।
28-29 ਨਵੰਬਰ ਦੀ ਰਾਤ ਨੂੰ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸੁੱਖਣਵਾਲਾ ਦੇ ਵਸਨੀਕ ਗੁਰਵਿੰਦਰ ਸਿੰਘ ਨਾਮ ਦੇ ਵਿਅਕਤੀ ਦੇ ਕਤਲ ਹੋਣ ਸਬੰਧੀ ਥਾਣਾ ਸਦਰ ਫਰੀਦਕੋਟ ਵਿਖੇ ਮੁਕੱਦਮਾ ਦਰਜ ਕਰਕੇ ਕਤਲ ਦੀ ਵਾਰਦਾਤ ਵਿੱਚ ਸ਼ਾਮਿਲ ਦੋਸ਼ਣ ਰੁਪਿੰਦਰ ਕੌਰ, ਹਰਕੰਵਲਪ੍ਰੀਤ ਸਿੰਘ ਉਰਫ ਲਾਡੀ ਅਤੇ ਵਿਸ਼ਵਜੀਤ ਕੁਮਾਰ ਉਰਫ ਪੀਚਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ।
ਦੋਸ਼ੀਆਂ ਤੋਂ ਪੁੱਛਗਿੱਛ ਅਤੇ ਟੈਕਨੀਕਲ ਤਫਤੀਸ਼ ਤੋਂ ਇਹ ਸਾਹਮਣੇ ਆਇਆ ਕਿ ਵੀਰਇੰਦਰ ਕੌਰ ਨਾਮ ਦੀ ਮਹਿਲਾ ਜੋ ਕਿ ਦੋਸ਼ਣ ਰੁਪਿੰਦਰ ਕੌਰ ਦੀ ਦੋਸਤ ਸੀ ਅਤੇ ਉਸ ਨੂੰ ਇਸ ਕਤਲ ਵਾਰਦਾਤ ਬਾਰੇ ਪਹਿਲਾਂ ਤੋਂ ਹੀ ਜਾਣਕਾਰੀ ਸੀ ਕਿ ਰੁਪਿੰਦਰ ਕੌਰ ਵੱਲੋਂ ਆਪਣੇ ਸਾਥੀ ਨਾਲ ਮਿਲ ਕੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਣਾ ਹੈ। ਜਿਸ ਕਾਰਨ ਇਸ ਦੋਸ਼ਣ ਵੀਰਇੰਦਰ ਕੌਰ ਨੂੰ ਮਾਮਲੇ ਵਿੱਚ ਨਾਮਜ਼ਦ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ।