New Zealand
ਸੱਜੇ ਪੱਖੀ ਕੱਟੜਪੰਥੀ ਬਰਾਇਨ ਟਾਮਾਕੀ ਨੇ ਆਕਲੈਂਡ (ਨਿਊਜ਼ੀਲੈਂਡ) ਵਿਖੇ ਉਲੀਕੇ ਨਗਰ ਕੀਰਤਨ ਨੂੰ ਰੋਕਣ ਦੀ ਅਸਫਲ ਕੋਸ਼ਿਸ਼ ਤਾਂ ਕੀਤੀ ਹੀ ਪਰ ਸਾਡੇ ਆਪਣੇ ਹੀ ਜਾਣੇ ਜਾਂ ਅਨਜਾਣੇ ਇਸਨੂੰ ਗੁਮਰਾਹਕੁੰਨ ਸਿਰਲੇਖ ਦੇ ਰਹੇ ਹਨ ਤੇ ਪਾੜਾ ਵਧਾ ਰਹੇ ਹਨ।

ਬਰਾਇਨ ਟਾਮਾਕੀ ਨਾ ਤਾਂ ਨਿਊਜ਼ੀਲੈਂਡ ਦੇ ਗੋਰਿਆਂ ਦੀ ਨੁਮਾਇੰਦਗੀ ਕਰਦਾ ਤੇ ਨਾ ਹੀ ਮੂਲਨਿਵਾਸੀ ਮਾਓਰੀ ਲੋਕਾਂ ਦੀ, ਉਹ ਇੱਕ ਸੱਜੇ ਪੱਖੀ ਇਸਾਈ ਕਲਟ ਨਾਲ ਸਬੰਧਤ ਹੈ, ਜਿਵੇਂ ਕਿ ਪੰਜਾਬ ਵਿਚਲੇ ਕੁਝ ਨਕਲੀ ਚਰਚ ਅਤੇ ਸਿੱਖਾਂ ਦੇ ਨਾਮ ‘ਤੇ ਉੱਸਰੇ ਮਨਮਤੀ ਡੇਰੇ। ਇਸੇ ਕਰਕੇ ਪੁਲਿਸ ਨੇ ਬੜੀ ਸਿਆਣਪ ਨਾਲ ਉਸਨੂੰ ਤੇ ਉਸਦੇ ਸਾਥੀਆਂ ਨੂੰ ਖਦੇੜ ਦਿੱਤਾ।

ਬੀਤੇ ਵਿੱਚ ਉਹ ਦੁਨੀਆ ਦੇ ਹੋਰ ਸੱਜੇ ਪੱਖੀਆਂ ਕੋਲ ਜਾ ਕੇ ਵੀ ਹਮਾਇਤ ਦਿੰਦਾ ਰਿਹਾ ਹੈ। ਜਦਕਿ ਅਸਲ ਚਰਚ ਦੇ ਨੁਮਾਇੰਦੇ ਉਸਦੀ ਵਿਰੋਧਤਾ ‘ਚ ਬਿਆਨ ਦਿੰਦੇ ਰਹੇ ਹਨ।
ਸੋ, ਗੁਮਰਾਹਕੁੰਨ ਪ੍ਰਚਾਰ ਤੋਂ ਬਚ ਕੇ ਸਹੀ ਅਲਾਮਤ ਦਾ ਹੱਲ ਕਰਨ ਵੱਲ ਤੁਰਨਾ ਚਾਹੀਦਾ।

ਕਈ ਹੋਰ ਧਰਮਾਂ ਨੂੰ ਵੀ ਬੀਤੇ ‘ਚ ਨਿਸ਼ਨਾ ਬਣਾਉਣ ਵਾਲੇ ਟਾਮਾਕੀ ਵਰਗੇ ਸੱਜੇ ਪੱਖੀ ਲੋਕ ਪੂਰੀ ਦੁਨੀਆ ‘ਚ ਉੱਭਰ ਆਏ ਹਨ। ਅਜਿਹੇ ‘ਚ ਬਹੁਤ ਸਾਵਧਾਨੀ ਵਰਤਣ ਦੀ ਲੋੜ ਹੈ।
ਆਪਣੇ ਗਿਰੇਵਾਨ ਵੱਲ ਝਾਤ….
ਜਿਓਂ ਜਿਓਂ ਸਾਡੀ ਆਬਾਦੀ ਵਧੀ ਹੈ, ਸਾਡੇ ਗੁਰਦੁਆਰਾ ਸਾਹਿਬਾਨ ਤੋਂ ਬਾਹਰ ਹੋਣ ਵਾਲੇ ਸਮਾਗਮ ਵੀ ਹਰ ਮੁਲਕ ਤੇ ਹਰ ਸ਼ਹਿਰ ਵਿੱਚ ਵਧ ਰਹੇ ਹਨ, ਜੋ ਸਾਡੇ ਲੋਕਾਂ ਲਈ ਧਾਰਮਿਕ ਤੇ ਸਮਾਜਿਕ ਪੱਖ ਤੋਂ ਅਨੰਦਮਈ ਹੁੰਦੇ ਪਰ ਨਾਲ ਹੀ ਹੋਰਾਂ ਲਈ ਕਈ ਵਾਰ ਪਰੇਸ਼ਾਨੀ ਦਾ ਸਬੱਬ ਵੀ ਬਣਦੇ ਹਨ। ਦਸ ਸਾਲ ਪਹਿਲਾਂ ਨਾਲੋਂ ਅਜਿਹੇ ਬਾਹਰੀ ਸਮਾਗਮਾਂ ਦੀ ਗਿਣਤੀ ਬਾਹਰਲੇ ਹਰ ਸ਼ਹਿਰ ‘ਚ ਕਈ ਗੁਣਾ ਵਧੀ ਹੈ।
ਗੁਸਤਾਖੀ ਮਾਫ ਪਰ ਇੱਥੇ ਗੱਲ ਸਹੀ-ਗਲਤ ਜਾਂ ਹੱਕ ਦੀ ਨਹੀਂ, ਸਾਵਧਾਨੀ ਦੀ ਹੈ, ਭਵਿੱਖ ‘ਚ ਬਚਾਅ ਵਾਸਤੇ ਸੋਚ-ਵਿਚਾਰ ਕਰ ਲੈਣੀ ਚਾਹੀਦੀ ਕਿ ਸਾਨੂੰ ਲੋੜ ਕਿੰਨੀ ਕੁ ਹੈ, ਜੋ ਕਰ ਰਹੇ ਹਾਂ, ਓਹਦੇ ‘ਚੋਂ ਧਾਰਮਿਕ ਜਾਂ ਅਧਿਆਤਮਿਕ ਤੌਰ ‘ਤੇ ਖੱਟ ਕੀ ਰਹੇ ਹਾਂ। ਹਰ ਪੱਖ ਤੋਂ ਫ਼ਾਇਦੇ-ਨੁਕਸਾਨ ਦੀ ਸਮੀਖਿਆ ਕਰ ਲੈਣੀ ਬਿਹਤਰ ਰਹੇਗੀ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਨਫ਼ਰਤ ਭਰੇ ਨਾਅਰੇ ਵਿਖਾ ਕੇ ਨਗਰ ਕੀਰਤਨ ਦਾ ਕੀਤਾ ਸਖ਼ਤ ਵਿਰੋਧ
ਆਕਲੈਂਡ: ਨਿਊਜ਼ੀਲੈਂਡ ਦੇ ਮੇਨੁਰੇਵਾ ਇਲਾਕੇ ਵਿਚ ਅੱਜ ਉਸ ਵੇਲੇ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ, ਜਦੋਂ ਗੁਰਦੁਆਰਾ ਨਾਨਾਕਸਰ ਠਾਠ ਈਸ਼ਰ ਦਰਬਾਰ ਵਲੋਂ ਸ਼ਹੀਦੀ ਪੰਦਰਵਾੜੇ ਨੂੰ ਸਮਰਪਤ ਸਜਾਏ ਗਏ ਨਗਰ ਕੀਰਤਨ ਦੇ ਰਸਤੇ ਵਿਚ ਕੁੱਝ ਸ਼ਰਾਰਤੀ ਅਨਸਰਾਂ ਨੇ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ। ਸਰੋਤਾਂ ਅਨੁਸਾਰ ਪੋਹ ਦੇ ਮਹੀਨੇ ਦੇ ਸਿੱਖ ਸ਼ਹੀਦਾਂ ਦੀ ਯਾਦ ਵਿਚ ਇਹ ਵਿਸ਼ਾਲ ਨਗਰ ਕੀਰਤਨ ਮੇਨੁਰੇਵਾ ਦੀਆਂ ਸੜਕਾਂ ’ਤੇ ਸਜਾਇਆ ਗਿਆ ਸੀ, ਜਿਸ ਵਿਚ ਵੱਡੀ ਗਿਣਤੀ ਵਿਚ ਸਿੱਖ ਸੰਗਤ ਨੇ ਸ਼ਰਧਾ ਨਾਲ ਹਿੱਸਾ ਲਿਆ। ਨਗਰ ਕੀਰਤਨ ਦੇ ਸਾਰੇ ਪ੍ਰਬੰਧ ਬਹੁਤ ਸੁਚਾਰੂ ਸਨ ਅਤੇ ਇਹ ਨਿਰਵਿਘਨ ਅੱਗੇ ਵੱਧ ਰਿਹਾ ਸੀ ਪਰ ਜਦੋਂ ਨਗਰ ਕੀਰਤਨ ਵਾਪਸੀ ਦੇ ਰਸਤੇ ’ਤੇ ਸੀ ਤਾਂ ਗੁਰਦੁਆਰਾ ਸਾਹਿਬ ਤੋਂ ਕੁੱਝ ਦੂਰੀ ’ਤੇ ਗਰੇਟ ਸਾਊਥ ਰੋਡ ’ਤੇ 30 ਤੋਂ 35 ਨੌਜਵਾਨਾਂ ਦੇ ਇਕ ਸਮੂਹ ਨੇ ਰਸਤਾ ਰੋਕ ਲਿਆ।
ਇਨ੍ਹਾਂ ਨੌਜਵਾਨਾਂ ਨੇ ਨਾ ਸਿਰਫ ਨਗਰ ਕੀਰਤਨ ਦਾ ਰਸਤਾ ਰੋਕਿਆ ਬਲਕਿ ਹਾਕਾ ਨਾਚ ਕਰ ਕੇ ਅਤੇ ਨਫ਼ਰਤ ਭਰੇ ਸਲੋਗਨ ਦਿਖਾ ਕੇ ਨਗਰ ਕੀਰਤਨ ਦਾ ਸਖ਼ਤ ਵਿਰੋਧ ਕੀਤਾ। ਜਾਣਕਾਰੀ ਮੁਤਾਬਕ ਇਹ ਨੌਜਵਾਨ ਇਕ ਵਿਸ਼ੇਸ਼ ਭਾਈਚਾਰੇ ਨਾਲ ਸਬੰਧਤ ਹਨ ਜੋ ਪਿਛਲੇ ਕੁੱਝ ਸਮੇਂ ਤੋਂ ਨਿਊਜ਼ੀਲੈਂਡ ਵਿਚ ਹਰ ਧਰਮ ਅਤੇ ਹੋਰ ਵਰਗਾਂ ਦੇ ਲੋਕਾਂ ਦਾ ਵਿਰੋਧ ਕਰ ਰਹੇ ਹਨ। ਪ੍ਰਦਰਸ਼ਨਕਾਰੀ ਨੌਜਵਾਨਾਂ ਦਾ ਦਾਅਵਾ ਹੈ ਕਿ ਨਿਊਜ਼ੀਲੈਂਡ ਸਿਰਫ਼ ਉਨ੍ਹਾਂ ਦਾ ਹੈ। ਦਸਣਯੋਗ ਹੈ ਕਿ ਕੁੱਝ ਮਹੀਨੇ ਪਹਿਲਾਂ ਇਨ੍ਹਾਂ ਲੋਕਾਂ ਵਲੋਂ ਵੱਖ-ਵੱਖ ਧਰਮਾਂ ਦੇ ਝੰਡੇ ਸਾੜਨ ਦੀਆਂ ਘਟਨਾਵਾਂ ਨੂੰ ਵੀ ਅੰਜਾਮ ਦਿਤਾ ਗਿਆ ਸੀ।

ਜਾਣਕਾਰੀ ਮਿਲੀ ਹੈ ਕਿ ਲਗਾਤਾਰ ਪ੍ਰਦਰਸ਼ਨਕਾਰੀ ਨੌਜਵਾਨਾਂ ਦੇ ਉਕਸਾਵੇ ਦੇ ਬਾਵਜੂਦ ਨਗਰ ਕੀਰਤਨ ਦਾ ਸੰਚਾਲਨ ਕਰ ਰਹੇ ਸਿੱਖ ਨੌਜਵਾਨਾਂ ਨੇ ਬਹੁਤ ਸਹਿਣਸ਼ੀਲਤਾ ਦਿਖਾਈ ਅਤੇ ਕਿਸੇ ਵੀ ਟਕਰਾਅ ਤੋਂ ਬਚਣ ਲਈ ਨਗਰ ਕੀਰਤਨ ਨੂੰ ਮੌਕੇ ’ਤੇ ਹੀ ਰੋਕ ਦਿਤਾ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਫ਼ੋਰਸ ਮੌਕੇ ’ਤੇ ਪਹੁੰਚੀ ਅਤੇ ਸਥਿਤੀ ਨੂੰ ਸੰਭਾਲਿਆ। ਪੁਲਿਸ ਮੁਲਾਜ਼ਮਾਂ ਨੇ ਇਕ ਮਨੁੱਖੀ ਚੈਨ ਬਣਾਈ ਤਾਂ ਜੋ ਨਗਰ ਕੀਰਤਨ ਲਈ ਸੁਰੱਖਿਅਤ ਰਸਤਾ ਤਿਆਰ ਕੀਤਾ ਜਾ ਸਕੇ। ਪੁਲਿਸ ਦੀ ਇਸ ਕਾਰਵਾਈ ਸਦਕਾ ਨਗਰ ਕੀਰਤਨ ਬਿਨਾਂ ਕਿਸੇ ਹੋਰ ਵੱਡੀ ਅਣਸੁਖਾਵੀਂ ਘਟਨਾ ਦੇ ਸੁਰੱਖਿਅਤ ਢੰਗ ਨਾਲ ਗੁਰਦੁਆਰਾ ਸਾਹਿਬ ਵਾਪਸ ਪਹੁੰਚ ਗਿਆ।
