18 Members Of Hyderabad Family – 3 Generations – Killed In Saudi Bus CrashEighteen members of one family, nine of them children, are among the 42 Indian pilgrims killed in a road accident near Medina in Saudi Arabia
ਸਾਊਦੀ ਅਰਬ: ਮੱਕਾ ਤੋਂ ਮਦੀਨਾ ਜਾ ਰਹੀ ਬੱਸ ਦੀ ਟੈਂਕਰ ਨਾਲ ਟੱਕਰ, 42 ਭਾਰਤੀ ਸ਼ਰਧਾਲੂਆਂ ਦੀ ਮੌਤ
ਮ੍ਰਿਤਕਾਂ ਵਿਚ ਮਹਿਲਾਵਾਂ ਤੇ ਬੱਚੇ ਵੀ ਸ਼ਾਮਲ; ਭਾਰਤੀ ਸਮੇਂ ਮੁਤਾਬਕ ਤੜਕੇ ਡੇਢ ਵਜੇ ਦੇ ਕਰੀਬ ਮੁਫ਼ਰੀਹਾਟ ਇਲਾਕੇ ਵਿਚ ਹੋਇਆ ਹਾਦਸਾ, ਤਿਲੰਗਾਨਾ ਦੇ ਮੁੱਖ ਮੰਤਰੀ ਏ.ਰੇਵੰਤ ਰੈੱਡੀ ਵੱਲੋਂ ਅਧਿਕਾਰੀਆਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ
ਸਾਊਦੀ ਅਰਬ ਵਿਚ ਅੱਜ ਸਵੇਰੇ ਮੱਕਾ ਤੋਂ ਮਦੀਨਾ ਜਾ ਰਹੀ ਬੱਸ ਤੇ ਡੀਜ਼ਲ ਵਾਲੇ ਟੈਂਕਰ ਵਿਚਾਲੇ ਹੋਈ ਟੱਕਰ ਵਿਚ ਹੈਦਰਾਬਾਦ ਨਾਲ ਸਬੰਧਤ ਘੱਟੋ ਘੱਟ 42 ਉਮਰਾਹ ਸ਼ਰਧਾਲੂਆਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਹਾਦਸਾ ਭਾਰਤੀ ਸਮੇਂ ਮੁਤਾਬਕ ਤੜਕੇ ਡੇਢ ਵਜੇ ਦੇ ਕਰੀਬ ਮੁਫ਼ਰੀਹਾਟ ਇਲਾਕੇ ਵਿਚ ਹੋਇਆ। ਬੱਸ ’ਤੇ ਕੁੱਲ 43 ਯਾਤਰੀ ਸਵਾਰ ਸਨ, ਜਿਨ੍ਹਾਂ ਵਿਚੋਂ ਇਕ ਹੀ ਬਚਿਆ ਹੈ ਤੇ ਉਹ ਇਸ ਵੇਲੇ ਹਸਪਤਾਲ ਵਿਚ ਜ਼ੇਰੇ ਇਲਾਜ ਹੈ।
ਸੂਤਰਾਂ ਨੇ ਕਿਹਾ ਕਿ ਇਹ ਸ਼ਰਧਾਲੂ ਹੈਦਰਾਬਾਦ ਅਧਾਰਿਤ ਸਮੂਹ ਦਾ ਹਿੱਸਾ ਸਨ, ਜਿਸ ਵਿਚ ਮਹਿਲਾਵਾਂ ਤੇ ਬੱਚੇ ਵੀ ਸ਼ਾਮਲ ਸਨ। ਤਿਲੰਗਾਨਾ ਦੇ ਮੁੱਖ ਮੰਤਰੀ ਏ.ਰੇਵੰਤ ਰੈੱਡੀ ਨੇ ਹਾਦਸੇ ਵਿਚ ਗਈਆਂ ਜਾਨਾਂ ਲਈ ਸੰਵੇਦਨਾ ਜ਼ਾਹਿਰ ਕਰਦਿਆਂ ਮੁੱਖ ਸਕੱਤਰ ਕੇ.ਰਾਮਾਕ੍ਰਿਸ਼ਨਾ ਰਾਓ ਤੇ ਡੀਜੀਪੀ ਸ਼ਿਵਧਰ ਰੈੱਡ ਨੂੰ ਪੀੜਤਾਂ ਬਾਰੇ ਫੌਰੀ ਵੇਰਵੇ ਇਕੱਤਰ ਕਰਨ ਤੇ ਇਹ ਤਸਦੀਕ ਕਰਨ ਲਈ ਕਿਹਾ ਕਿ ਪੀੜਤਾਂ ਵਿਚੋਂ ਕਿੰਨੇ ਵਿਅਕਤੀ ਸੂਬੇ ਨਾਲ ਸਬੰਧਤ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਹਾਦਸੇ ਵਿਚ ਗਈਆਂ ਜਾਨਾਂ ’ਤੇ ਦੁੱਖ ਜਤਾਇਆ ਹੈ। ਉਨ੍ਹਾਂ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਮਦੀਨਾ ਵਿੱਚ ਭਾਰਤੀ ਨਾਗਰਿਕਾਂ ਨਾਲ ਹੋਏ ਹਾਦਸੇ ਤੋਂ ਬਹੁਤ ਦੁੱਖ ਹੋਇਆ। ਮੇਰੀਆਂ ਭਾਵਨਾਵਾਂ ਉਨ੍ਹਾਂ ਪਰਿਵਾਰਾਂ ਨਾਲ ਹਨ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ। ਮੈਂ ਸਾਰੇ ਜ਼ਖਮੀਆਂ ਦੇ ਜਲਦੀ ਸਿਹਤਯਾਬ ਹੋਣ ਲਈ ਪ੍ਰਾਰਥਨਾ ਕਰਦਾ ਹਾਂ।’’
ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਵੀ ਹਾਦਸੇ ’ਤੇ ਦੁੱਖ ਜਤਾਇਆ ਹੈ। ਉਨ੍ਹਾਂ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਸਾਊਦੀ ਅਰਬ ਦੇ ਮਦੀਨਾ ਵਿੱਚ ਭਾਰਤੀ ਨਾਗਰਿਕਾਂ ਨਾਲ ਹੋਏ ਹਾਦਸੇ ‘ਤੇ ਡੂੰਘਾ ਦੁੱਖ ਹੈ। ਰਿਆਧ ਵਿੱਚ ਸਾਡਾ ਦੂਤਾਵਾਸ ਅਤੇ ਜੇਦਾਹ ਵਿੱਚ ਕੌਂਸੁਲੇਟ ਇਸ ਹਾਦਸੇ ਤੋਂ ਪ੍ਰਭਾਵਿਤ ਭਾਰਤੀ ਨਾਗਰਿਕਾਂ ਅਤੇ ਪਰਿਵਾਰਾਂ ਨੂੰ ਪੂਰਾ ਸਮਰਥਨ ਦੇ ਰਹੇ ਹਨ। ਦੁਖੀ ਪਰਿਵਾਰਾਂ ਨਾਲ ਦਿਲੋਂ ਸੰਵੇਦਨਾ… ਪ੍ਰਾਰਥਨਾ ਕਰੋ।’’
ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਰਾਹਤ ਕਾਰਜਾਂ ਨੂੰ ਤੇਜ਼ ਕਰਨ ਲਈ ਵਿਦੇਸ਼ ਮੰਤਰਾਲੇ ਅਤੇ ਸਾਊਦੀ ਦੂਤਾਵਾਸ ਨਾਲ ਤਾਲਮੇਲ ਕਰਨ ਲਈ ਵੀ ਕਿਹਾ ਹੈ। ਰਾਜ ਸਕੱਤਰੇਤ ਵਿਚ ਇੱਕ ਕੰਟਰੋਲ ਰੂਮ ਨੂੰ ਸਰਗਰਮ ਕਰ ਦਿੱਤਾ ਗਿਆ ਹੈ ਅਤੇ ਰੈਜ਼ੀਡੈਂਟ ਕਮਿਸ਼ਨਰ ਗੌਰਵ ਉੱਪਲ ਨੂੰ ਚੌਕਸ ਰਹਿਣ ਦੀ ਹਦਾਇਤ ਕੀਤੀ ਗਈ ਹੈ।
ਉਧਰ ਹੈਦਰਾਬਾਦ ਤੋਂ ਸੰਸਦ ਮੈਂਬਰ ਅਸਦੁਦੀਨ ਓਵਾਇਸੀ ਨੇ ਕਿਹਾ ਕਿ ਉਨ੍ਹਾਂ ਨੇ ਰਿਆਧ ਵਿੱਚ ਭਾਰਤੀ ਦੂਤਾਵਾਸ ਦੇ ਡਿਪਟੀ ਚੀਫ਼ ਆਫ਼ ਮਿਸ਼ਨ ਅਬੂ ਮਾਥੇਨ ਜੌਰਜ ਨਾਲ ਗੱਲ ਕੀਤੀ ਹੈ, ਜਿਨ੍ਹਾਂ ਨੇ ਉਨ੍ਹਾਂ ਨੂੰ ਜਾਣਕਾਰੀ ਇਕੱਠੀ ਕਰਨ ਦਾ ਭਰੋਸਾ ਦਿੱਤਾ ਹੈ। ਓਵਾਇਸੀ ਨੇ ਕਿਹਾ ਕਿ ਉਨ੍ਹਾਂ ਨੇ ਹੈਦਰਾਬਾਦ ਦੀਆਂ ਦੋ ਟਰੈਵਲ ਏਜੰਸੀਆਂ ਤੋਂ ਪ੍ਰਾਪਤ ਯਾਤਰੀਆਂ ਦੇ ਵੇਰਵੇ ਦੂਤਾਵਾਸ ਅਤੇ ਵਿਦੇਸ਼ ਸਕੱਤਰ ਨਾਲ ਸਾਂਝੇ ਕੀਤੇ ਹਨ। ਸੰਸਦ ਮੈਂਬਰ ਨੇ ਕੇਂਦਰ ਸਰਕਾਰ ਅਤੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੂੰ ਅਪੀਲ ਕੀਤੀ ਕਿ ਉਹ ਪੀੜਤਾਂ ਦੀਆਂ ਲਾਸ਼ਾਂ ਭਾਰਤ ਵਾਪਸ ਲਿਆਉਣ ਅਤੇ ਜ਼ਖਮੀਆਂ ਨੂੰ ਸਹੀ ਡਾਕਟਰੀ ਇਲਾਜ ਯਕੀਨੀ ਬਣਾਉਣ।
ਬੱਸ ਹਾਦਸੇ ਵਿਚ 45 ਵਿਅਕਤੀਆਂ ਦੀ ਮੌਤ: ਹੈਦਰਾਬਾਦ ਪੁਲੀਸ ਕਮਿਸ਼ਨਰ
ਹੈਦਰਾਬਾਦ ਦੇ ਪੁਲੀਸ ਕਮਿਸ਼ਨਰ ਵੀਸੀ ਸੱਜਨਾਰ ਨੇ ਮੁੱਢਲੀ ਜਾਣਕਾਰੀ ਦੇ ਹਵਾਲੇ ਨਾਲ ਦਾਅਵਾ ਕੀਤਾ ਕਿ ਸਾਊਦੀ ਅਰਬ ਵਿਚ ਹੋਏ ਬੱਸ ਹਾਦਸੇ ਵਿਚ ਘੱਟੋ ਘੱਟ 45 ਲੋਕ ਮਾਰੇ ਗਏ ਹਨ। ਹੈਦਰਾਬਾਦ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪੁਲੀਸ ਅਧਿਕਾਰੀ ਨੇ ਕਿਹਾ ਕਿ 9 ਨਵੰਬਰ ਨੂੰ ਇਥੋਂ 54 ਵਿਅਕਤੀ ਜੇਦਾਹ ਗਏ ਸਨ ਤੇ ਇਨ੍ਹਾਂ ਨੇ 23 ਨਵੰਬਰ ਨੂੰ ਉਥੋਂ ਵਾਪਸ ਆਉਣਾ ਸੀ। ਇਨ੍ਹਾਂ 54 ਵਿਚੋਂ ਚਾਰ ਜਾਣੇ ਵੱਖਰੇ ਤੌਰ ’ਤੇ ਕਾਰ ਰਾਹੀਂ ਮਦੀਨਾ ਦੀ ਯਾਤਰਾ ਕਰ ਰਹੇ ਸਨ ਜਦੋਂਕਿ ਚਾਰ ਹੋਰਨਾਂ ਨੇ ਮੱਕਾ ਵਿਚ ਹੀ ਰਹਿਣ ਦਾ ਫੈਸਲਾ ਕੀਤਾ। ਅਧਿਕਾਰੀ ਮੁਤਾਬਕ ਹਾਦਸੇ ਦਾ ਸ਼ਿਕਾਰ ਬੱਸ ਵਿਚ 46 ਵਿਅਕਤੀ ਮੌਜੂਦ ਸਨ, ਜੋ ਮਦੀਨਾ ਤੋਂ 25 ਕਿਲੋਮੀਟਰ ਦੂਰ ਇਕ ਤੇਲ ਟੈਂਕਰ ਨਾਲ ਟਕਰਾਅ ਗਈ। ਹਾਦਸੇ ਵਿਚ ਸਿਰਫ਼ ਇਕ ਵਿਅਕਤੀ ਬਚਿਆ ਹੈ, ਜਿਸ ਦੀ ਪਛਾਣ 24 ਸਾਲਾ ਮੁਹੰਮਦ ਅਬਦੁਲ ਸ਼ੋਇਬ ਵਜੋਂ ਹੋਈ ਹੈ ਤੇ ਉਹ ਬੱਸ ਦੇ ਡਰਾਈਵਰ ਕੋਲ ਬੈਠਾ ਸੀ। ਫਿਲਹਾਲ ਉਹ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਉਸ ਦੀ ਮੌਜੂਦਾ ਹਾਲਤ ਬਾਰੇ ਕੋਈ ਜਾਣਕਾਰੀ ਨਹੀਂ ਹੈ।