Bhai Amandeep Singh ਦੀ ਧੀ ਵੱਲੋਂ ਲਹਿੰਗਾ ਪਾ ਕੇ ਲਾਵਾਂ ਲੈਣ ’ਤੇ ਛਿੜਿਆ ਵਿਵਾਦ
ਭਾਈ ਅਮਨਦੀਪ ਸਿੰਘ ਬੋਲੇ : ਜੇ ਕੋਈ ਗੁਸਤਾਖ਼ੀ ਹੋਈ ਹੈ ਤਾਂ ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਾਂ
ਦਿੱਲੀ : ਬਾਬਾ ਦੀਪ ਸਿੰਘ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਭਾਈ ਅਮਨਦੀਪ ਸਿੰਘ ਦੀ ਪੁੱਤਰੀ ਦਾ ਬੀਤੇ ਦਿਨੀਂ ਵਿਆਹ ਹੋਇਆ। ਸ਼ੋਸ਼ਲ ਮੀਡੀਆ ’ਤੇ ਵਿਆਹ ਸਮਾਗਮ ਦੇ ਵੀਡੀਓ ਵਾਇਰਲ ਹੋ ਰਹੇ ਹਨ, ਜਿਸ ਤੋਂ ਬਾਅਦ ਸਿੱਖ ਭਾਈਚਾਰੇ ਅੰਦਰ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਵਾਇਰਲ ਵੀਡੀਓ ਅਨੁਸਾਰ ਆਨੰਦ ਕਾਰਜ ਸਮੇਂ ਧੀ ਵੱਲੋਂ ਲਹਿੰਗਾ ਪਹਿਨਿਆ ਹੋਇਆ ਸੀ, ਜਿਸ ’ਤੇ ਸਿੱਖ ਆਗੂਆਂ ਵੱਲੋਂ ਇਤਰਾਜ਼ ਪ੍ਰਗਟਾਇਆ ਜਾ ਰਿਹਾ ਹੈ। ਕਿਉਂਕਿ ਮਰਿਆਦਾ ਅਨੁਸਾਰ ਆਨੰਦ ਕਾਰਜ ਸਮੇਂ ਸਿਰਫ਼ ਸੂਟ ਪਹਿਨਿਆ ਜਾ ਸਕਦਾ ਹੈ।

ਇਸ ਤੋਂ ਇਲਾਵਾ ਵਿਆਹ ਸਮਾਗਮ ਦੌਰਾਨ ਡਾਂਸਰਾਂ ਵੀ ਨਚਾਈਆਂ ਗਈਆਂ ਅਤੇ ਉਨ੍ਹਾਂ ’ਤੇ ਨੋਟ ਵੀ ਵਾਰੇ ਗਏ ਜਦਕਿ ਵਿਆਹ ਸਮਾਗਮ ਦੌਰਾਨ ਤਰ੍ਹਾਂ-ਤਰ੍ਹਾਂ ਦੇ ਮਹਿੰਗੇ ਪਕਵਾਨ ਵੀ ਪਰੋੋਸੇ ਜਾਣ ਦੀ ਚਰਚਾ ਹੈ। ਸਿੱਖ ਆਗੂਆਂ ਵੱਲੋਂ ਆਰੋਪ ਲਗਾਏ ਗਏ ਕਿ ਵਿਆਹ ਸਮਾਗਮ ਦੌਰਾਨ ਗੁਰੂ ਦੀ ਗੋਲਕ ਦੀ ਖੁੱਲ੍ਹ ਕੇ ਵਰਤੋਂ ਕੀਤੀ ਗਈ ਅਤੇ ਗੁਰ ਮਰਿਆਦਾ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ।
ਉਧਰ ਇਸ ਮਾਮਲੇ ’ਚ ਭਾਈ ਅਮਨਦੀਪ ਸਿੰਘ ਵੱਲੋਂ ਵੀ ਸਪੱਸ਼ਟੀ ਕਰਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੇਰੀ ਬੇਟੀ ਦੇ ਅਨੰਦ ਕਾਰਜ ਸਮੇਂ ਦੀਆਂ ਕੁੱਝ ਵੀਡੀਓਜ਼ ਨੂੰ ਸੋਸ਼ਲ ਮੀਡੀਆ ’ਤੇ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਇਹ ਅਫ਼ਵਾਹਾਂ ਨਾ ਸਿਰਫ਼ ਮੇਰੀ ਸੇਵਾ ’ਤੇ ਸਵਾਲ ਚੁੱਕ ਰਹੀਆਂ ਹਨ, ਸਗੋਂ ਮੇਰੇ ਦੋਹਾਂ ਬੱਚਿਆਂ ’ਤੇ ਮਨੋਵਿਗਿਆਨਕ ਬੋਝ ਪਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਜੇ ਕਿਸੇ ਤਰੀਕੇ ਨਾਲ ਕੋਈ ਗਲਤੀ ਜਾਂ ਗੁਸਤਾਖੀ ਹੋਈ ਹੈ ਤਾਂ ਮੈਂ 33 ਸਾਲ ਦੀ ਸੇਵਾ ਸਮੇਤ ਪੂਰੀ ਨਿਮਰਤਾ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਾਂ। ਜੋ ਵੀ ਹੁਕਮ ਹੋਵੇਗਾ ਮੈਂ ਖਿੜੇ ਮੱਥੇ ਪ੍ਰਵਾਨ ਕਰਾਂਗਾ। ਉਨ੍ਹਾਂ ਕਿਹਾ ਕਿ ਧੀਆਂ ਸਾਡੀਆਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਹਨ ਇਸ ਲਈ ਬੇਨਤੀ ਹੈ ਕਿ ਝੂਠੀਆਂ ਖ਼ਬਰਾਂ ਅਤੇ ਅਫ਼ਵਾਹਾਂ ਤੋਂ ਬਚਿਆ ਜਾਵੇ ਅਤੇ ਸੱਚਾਈ ਨੂੰ ਸਮਝਣ ਦੀ ਕੋਸ਼ਿਸ਼ ਕਰੋ।
ਉਨ੍ਹਾਂ ਅੱਗੇ ਕਿਹਾ ਕਿ ਮੈਂ ਪਿਛਲੇ 33 ਸਾਲ ਤੋਂ ਸੰਗਤ ਦੀ ਸੇਵਾ ਕਰ ਰਿਹਾ ਹਾਂ। ਮੇਰੇ ਅਕਾਲ ਪੁਰਖ ਦੇ ਘਰ ਨਾਲ ਨਾਤੇ ਅਤੇ ਦਿਲੋਂ ਕੀਤੀ ਸੇਵਾ ਨਾਲ ਪੂਰੀ ਸੰਗਤ ਜਾਣੂ ਹੈ। ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ, ਦਾਤਾ ਬੰਦੀ ਛੋੜ ਸਕੂਲ ਅਤੇ ਗੁਰੂ ਨਾਨਕ ਦੀ ਰਸੋਈ ਵਿਚ ਸੰਗਤ ਵਲੋਂ ਦਿੱਤਾ ਹਰ ਪੈਸਾ ਪੂਰੀ ਇਮਾਨਦਾਰੀ ਨਾਲ ਲੱਗਦਾ ਹੈ। ਵਿਧਵਾ ਬੀਬੀਆਂ ਨੂੰ ਰਾਸ਼ਨ ਪਹੁੰਚਾਉਣ ਦੀ ਸੇਵਾ ਵੀ ਨਿਰੰਤਰ ਚੱਲ ਰਹੀ ਹੈ।