Balkar Sidhu -ਬਲਕਾਰ ਸਿੱਧੂ ਦੇ ਜਾਤੀਵਾਦੀ, ਪੱਗ ਅਤੇ ਕੇਸਾਂ ਖਿਲਾਫ ਬੋਲਾਂ ਨੂੰ ਕਿਸ ਚੌਖਟੇ ਵਿੱਚ ਰੱਖਣਾ ਹੈ?
ਬਲਕਾਰ ਸਿੱਧੂ ਵੱਲੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਖਿਲਾਫ ਜਾਤੀਵਾਦੀ ਸੋਚ ਦਾ ਪ੍ਰਗਟਾਵਾ ਕਰਦੀਆਂ ਘਟੀਆ ਟਿੱਪਣੀਆਂ ਨੂੰ ਜੱਟਵਾਦ ਦਾ ਪ੍ਰਗਟਾਵਾ ਦੱਸਿਆ ਜਾ ਰਿਹਾ। ਉਸਦੀਆਂ ਦਸਤਾਰ ਅਤੇ ਕੇਸਾਂ ਬਾਰੇ, ਜਿਨ੍ਹਾਂ ਨੂੰ ਉਸਨੇ ਜੂੰਡੇ ਕਿਹਾ, ਕਿਹੜੇ ਵਾਦ ਦੇ ਖਾਤੇ ਪੈਣਗੀਆਂ?
ਬਲਕਾਰ ਸਿੱਧੂ ਦੂਜੇ ਦਰਜੇ ਦਾ ਗਾਇਕ ਸੀ ਅਤੇ ਕਿਰਦਾਰ ਦਾ ਹੌਲਾ ਬੰਦਾ। ਐਲਾਨਵੰਤ ਨਾਲ ਉਸਦੀ ਨੇੜਤਾ ਸੀ, ਇਸੇ ਲਈ ਉਹ ਵਿਧਾਇਕ ਬਣ ਗਿਆ।
ਇੱਕ ਹੋਰ ਵੀ ਦੁਖਦਾਈ ਗੱਲ ਹੈ ਕਿ ਬਲਕਾਰ ਸਿੱਧੂ ਨੇ ਢਾਡੀ ਗੁਰਬਖਸ਼ ਸਿੰਘ ਅਲਬੇਲਾ ਕੋਲੋਂ ਹੀ ਗਾਇਕੀ ਦੇ ਮੁਢਲੇ ਅਸੂਲ ਸਿੱਖੇ, ਇਸ ਪਿਛੋਕੜ ਦੇ ਬਾਵਜੂਦ ਉਸਨੇ ਪੱਗ ਅਤੇ ਜੂੰਡੇ ਖਿਲਾਰਨ ਦੀ ਗੱਲ ਕੀਤੀ।
ਉਸ ਦੀ ਜਾਤੀਵਾਦੀ ਟਿੱਪਣੀ ਦੀ ਤਾਂ ਗੱਲ ਹੋ ਰਹੀ ਹੈ ਪਰ ਪੱਗ ਅਤੇ ਕੇਸਾਂ ਬਾਰੇ ਕੀਤੀ ਭੱਦੀ ਟਿੱਪਣੀ ਬਾਰੇ ਮੋਟੇ ਤੌਰ ‘ਤੇ ਚੁੱਪ ਹੀ ਛਾਈ ਹੋਈ ਹੈ।
ਅਸਲ ਵਿੱਚ ਉਸਨੇ ਆਪਣੇ ਘਟੀਆ ਬੋਲਾਂ ਨਾਲ ਨਾ ਸਿਰਫ ਤਰਖਾਣ ਭਾਈਚਾਰੇ ਨੂੰ ਮਾੜਾ ਕਿਹਾ ਸਗੋਂ ਸਿੱਖਾਂ, ਜੱਟਾਂ ਅਤੇ ਪੰਜਾਬ ਦੇ ਬਾਕੀ ਲੋਕਾਂ ਦੀ ਬੇਇਜ਼ਤੀ ਕੀਤੀ ਹੈ। ਇਹੋ ਜਿਹੇ ਬੰਦੇ ਅਸਲ ਵਿੱਚ ਜੱਟਾਂ ਦਾ ਵੱਧ ਨੁਕਸਾਨ ਕਰਦੇ ਨੇ।
ਜੱਟਾਂ ਦੇ ਖ਼ਿਲਾਫ਼ ਨਫ਼ਰਤ ਜਾਂ ਕਿਸੇ ਜੱਟ/ਜੱਟਾਂ ਵੱਲੋਂ ਕਿਸੇ ਦੂਜੇ ਖ਼ਿਲਾਫ਼ ਜਾਤੀਵਾਦੀ ਟਿੱਪਣੀ ਇਕੋ ਸਿੱਕੇ ਦੇ ਦੋ ਪਾਸੇ ਨੇ।
ਬਥੇਰੇ ਜੱਟ ਸ਼ਹਿਰੀ ਸਿੱਖਾਂ ਖ਼ਿਲਾਫ਼ ਟਿੱਪਣੀਆਂ ਕਰਦਿਆਂ ਉਹੋ ਜਿਹੀ ਸੋਚ ਪ੍ਰਗਟਾਉਂਦੇ ਨੇ, ਜਿਹੋ ਜਿਹੀ ਫਿਰਕੂ ਸੋਚ ਵਾਲੇ ਲੋਕ ਜੱਟਾਂ ਲਈ ਪ੍ਰਗਟਾਉਂਦੇ ਨੇ। ਨਸਲਵਾਦ ਜਾਂ ਜਾਤੀਵਾਦ ਗੁਰੂ ਸਾਹਿਬ ਦੇ ਫ਼ਲਸਫ਼ੇ ਦੇ ਉਲਟ ਹੈ।
ਪਰ ਬਲਕਾਰ ਸਿੱਧੂ ਦੇ ਘਟੀਆ ਬੋਲਾਂ ‘ਤੇ “ਆਪ” ਦੀ ਲੀਡਰਸ਼ਿਪ ਬਿਲਕੁਲ ਚੁੱਪ ਹੈ।