Firing on Akali Leader : ਮਜੀਠਾ ‘ਚ ਅਕਾਲੀ ਆਗੂ ‘ਤੇ ਗੋਲੀਬਾਰੀ, ਹਾਲਤ ਨਾਜ਼ੁਕ, ਬਿਕਰਮ ਮਜੀਠੀਆ ਦਾ ਕਰੀਬੀ ਹੈ ਮਖਵਿੰਦਰ ਸਿੰਘ
ਅੰਮ੍ਰਿਤਸਰ ਦੇ ਮਜੀਠਾ (Majitha Firing) ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਆਗੂ ‘ਤੇ ਗੋਲਬਾਰੀ ਹੋਣ ਦੀ ਖ਼ਬਰ ਹੈ। ਹਮਲੇ ਵਿੱਚ ਮਖਵਿੰਦਰ ਸਿੰਘ ਮੁੱਖਾ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮਖਵਿੰਦਰ ਸਿੰਘ, ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ (Bikram Singh Majithia) ਦਾ ਕਰੀਬੀ ਦੱਸਿਆ ਜਾ ਰਿਹਾ ਹੈ।

ਜਾਣਕਾਰੀ ਅਨੁਸਾਰ, ਹਲਕਾ ਮਜੀਠਾ ਨਾਲ ਸਬੰਧਿਤ ਪਿੰਡ ਮਰੜੀ ਖੁਰਦ ਦੇ ਅਕਾਲੀ ਆਗੂ ਮਖਵਿੰਦਰ ਸਿੰਘ ਉਰਫ ਮੁੱਖਾ ਪੁੱਤਰ ਬਲਕਾਰ ਸਿੰਘ ਅੱਜ ਸਵੇਰੇ ਅੱਡਾ ਥਰੀਏਵਾਲ ਦੇ ਚੌਂਕ ‘ਚ 7 ਵਜੇ ਆਪਣੀ ਭਤੀਜੀ ਪਵਨਦੀਪ ਕੌਰ ਨੂੰ ਕਾਲਜ ਲਈ ਬੱਸ ‘ਤੇ ਚੜਾਉਣ ਲਈ ਆਇਆ ਸੀ। ਇਸ ਦੌਰਾਨ ਹੀ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਅਕਾਲੀ ਆਗੂ ‘ਤੇ ਗੋਲੀਆਂ ਚਲਾ ਦਿੱਤੀਆਂ ਅਤੇ ਫਰਾਰ ਹੋ ਗਏ।
ਗੋਲੀਬਾਰੀ ‘ਚ ਮੁਖਵਿੰਦਰ ਸਿੰਘ ਉਰਫ ਮੁੱਖਾ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਆਸ ਪਾਸ ਦੇ ਲੋਕਾਂ ਨੇ ਤੁਰੰਤ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਦਾਖਲ ਕਰਵਾਇਆ। ਹਸਪਤਾਲ ਵਿੱਚ ਅਕਾਲੀ ਆਗੂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਮੁਖਵਿੰਦਰ ਸਿੰਘ ਦੇ ਪਰਿਵਾਰ ਮੈਂਬਰ ਅਤੇ ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਮੁਖਵਿੰਦਰ ਸਿੰਘ, ਜੋ ਕਿ ਖੇਤੀਬਾੜੀ ਦਾ ਕੰਮ ਕਰਦਾ ਹੈ ਅਤੇ ਆਪਣੀ ਭਤੀਜੀ ਨੂੰ ਐਕਟਿਵਾ ‘ਤੇ ਕਾਲਜ ਜਾਣ ਲਈ ਬਸ ‘ਤੇ ਚੜਾਉਣ ਆਇਆ ਸੀ ਅਤੇ ਬਸ ਰਵਾਨਾ ਹੋਣ ਤੋਂ ਬਾਅਦ ਮੋਟਰਸਾਇਕਲ ਸਵਾਰ ਤਿੰਨ ਅਣਪਛਾਤੇ ਨੋਜਵਾਨਾਂ ਵਲੋਂ ਮੁਖਵਿੰਦਰ ਨੂੰ ਨਿਸ਼ਾਨਾ ਬਣਾ 9 ਰੌਂਦ ਫਾਇਰ ਕੀਤੇ, ਜਿਸ ਵਿਚ 5 ਗੋਲੀਆਂ ਲੱਗਣ ਕਾਰਨ ਮੁਖਵਿੰਦਰ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਿਲ ਕਰਵਾਇਆ ਗਿਆ ਹੈ। ਫਿਲਹਾਲ ਗੋਲੀਆਂ ਮਾਰਨ ਪਿਛੇ ਦੇ ਕਾਰਨ ਬਾਰੇ ਅਜੇ ਕੁਝ ਵੀ ਸ਼ਪਸਟ ਨਹੀਂ ਹੈ। ਪੁਲਿਸ ਮੌਕੇ ‘ਤੇ ਪਹੁੰਚ ਕੇ ਸਾਰੇ ਮਾਮਲੇ ਦੀ ਜਾਂਚ ਵਿਚ ਜੁਟੀ ਹੈ।
ਸੂਤਰਾਂ ਦੇ ਹਵਾਲੇ ਨਾਲ ਜਾਣਕਾਰੀ ਅਨੁਸਾਰ, ਮੁਖਵਿੰਦਰ ਸਿੰਘ ਮਰੜੀ ਖੁਰਦ, ਬਿਕਰਮ ਮਜੀਠੀਆ ਦਾ ਖਾਸਮਖਾਸ ਦਸਿਆ ਜਾ ਰਿਹਾ ਹੈ। ਹੋ ਸਕਦਾ ਕਿ ਸਿਆਸੀ ਰੰਜਿਸ਼ ਦੇ ਚਲਦੇ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਹੋਵੇ। ਫਿਲਹਾਲ ਪੁਲਿਸ ਵੱਲੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਦਿਹਾਤੀ ਪੁਲਿਸ ਅਧਿਕਾਰੀ ਡੀ.ਐਸ.ਪੀ. ਇੰਦਰਜੀਤ ਸਿੰਘ ਨੇ ਕਿਹਾ ਕਿ ਦੋਸ਼ੀਆਂ ਦੀ ਪਹਿਚਾਣ ਕੀਤੀ ਜਾ ਰਹੀ ਹੈ ਜਲਦ ਹੀ ਉਹਨਾਂ ਨੂੰ ਕਾਬੂ ਕਰ ਲਿਆ ਜਾਵੇਗਾ।