Zohran Mamdani
-ਤਿੰਨ ਹੋਰ ਟੋਰੀ ਐਮਪੀ ਲਿਬਰਲ ਵੱਲ ਜਾਣ ਨੂੰ ਤਿਆਰ
-ਕਤਲ ਕੀਤੇ ਗਏ ਸਾਹਸੀ ਦੇ ਪਰਿਵਾਰ ਨੇ ਸਰੀ ‘ਚ ਇਕੱਠ ਰੱਖਿਆ
-ਮਮਦਾਨੀ ਦੀ ਜਿੱਤ ਨਾਲ ਟਰੰਪ ਨੂੰ ਲੱਗਾ ਸਿਆਸੀ ਝਟਕਾ
-ਟੈਰਿਫ ਬਾਰੇ ਅਮਰੀਕਨ ਸੁਪਰੀਮ ਕੋਰਟ ‘ਚ ਸੁਣਵਾਈ ਸ਼ੁਰੂ
-ਪੰਜਾਬ ਯੂਨੀਵਰਸਿਟੀ ਬਚਾਉਣ ਲਈ ਲਾਮਬੰਦ ਵਧੀ
-ਅਗਵਾ ਕੀਤਾ ਟੀਵੀ ਐਂਕਰ ਕੁੱਟਮਾਰ ਮਗਰੋਂ ਛੁਡਾਇਆ
ਏਸ਼ਿਆਈ, ਮੁਸਲਿਮ ਅਤੇ ਸਦੀ ਦਾ ਸਭ ਤੋਂ ਛੋਟੀ ਉਮਰ ਦਾ ਆਗੂ ਬਣ ਗਿਆ ਹੈ ਜਿਸ ਨੇ ਦੁਨੀਆ ਦੀ ਵਿੱਤੀ ਰਾਜਧਾਨੀ ਵਜੋਂ ਜਾਣੇ ਜਾਂਦੇ ਨਿਊਯਾਰਕ ਦੀ ਕਮਾਨ ਸੰਭਾਲੀ ਹੈ। ਭਾਰਤੀ ਫਿਲਮਸਾਜ਼ ਮੀਰਾ ਨਾਇਰ ਅਤੇ ਕੋਲੰਬੀਆ ਯੂਨੀਵਰਸਿਟੀ ਦੇ ਪ੍ਰੋਫੈਸਰ ਮਹਿਮੂਦ ਮਮਦਾਨੀ ਦੇ ਪੁੱਤਰ ਜ਼ੋਹਰਾਨ ਨੇ ਨਿਊਯਾਰਕ ਦੇ ਸਾਬਕਾ ਗਵਰਨਰ ਅਤੇ ਆਜ਼ਾਦ ਉਮੀਦਵਾਰ ਐਂਡਰਿਊ ਕੋਮੋ ਤੇ ਰਿਪਬਲਿਕਨ ਉਮੀਦਵਾਰ ਕਰਟਿਸ ਸਲੀਵਾ ਨੂੰ ਹਰਾਇਆ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵਿਰੋਧ ਦੇ ਬਾਵਜੂਦ ਮਮਦਾਨੀ ਦੀ ਇਤਿਹਾਸਕ ਜਿੱਤ ਨੂੰ 84 ਲੱਖ ਤੋਂ ਵੱਧ ਦੀ ਆਬਾਦੀ ਵਾਲੇ ਸ਼ਹਿਰ ਦੇ ਪ੍ਰਸ਼ਾਸਨਿਕ ਕੰਮਕਾਜ ’ਚ ਅਗਾਂਹਵਧੂ ਸਿਆਸਤ ਦੇ ਦੌਰ ਦੀ ਵਾਪਸੀ ਮੰਨਿਆ ਜਾ ਰਿਹਾ ਹੈ। ਉਸ ਨੇ ਕਿਰਤੀਆਂ ਦੇ ਮੁੱਦਿਆਂ ਨੂੰ ਤਰਜੀਹ ਦੇਣ ਦਾ ਅਹਿਦ ਲੈਂਦਿਆਂ ਨਿਊਯਾਰਕ ’ਚ ਬੱਚਿਆਂ ਦੀ ਮੁਫ਼ਤ ਸਾਂਭ-ਸੰਭਾਲ, ਮੁਫ਼ਤ ਬੱਸ ਸੇਵਾਵਾਂ ਅਤੇ ਸਰਕਾਰੀ ਕਰਿਆਨੇ ਦੀਆਂ ਦੁਕਾਨਾਂ ਖੋਲ੍ਹਣ ਜਿਹੇ ਵਾਅਦੇ ਕੀਤੇ ਹਨ। ਜਿੱਤ ਮਗਰੋਂ ਆਪਣੇ ਜੋਸ਼ੀਲੇ ਭਾਸ਼ਣ ’ਚ ਮਮਦਾਨੀ ਨੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਵੱਲੋਂ 1947 ’ਚ ਦਿੱਤੇ ਗਏ ਮਸ਼ਹੂਰ ਭਾਸ਼ਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਨਿਊਯਾਰਕ ‘ਪੁਰਾਣੇ ਤੋਂ ਨਵੇਂ’ ਯੁੱਗ ਵੱਲ ਵੱਧ ਰਿਹਾ ਹੈ। ਯੂਗਾਂਡਾ ’ਚ ਜਨਮੇ ਜ਼ੋਹਰਾਨ ਨੇ ਬਰੁਕਲਿਨ ਪੈਰਾਮਾਊਂਟ ਥਿਏਟਰ ’ਚ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਨਿਊਯਾਰਕ, ਤੁਸੀਂ ਅੱਜ ਰਾਤ ਤਬਦੀਲੀ ਅਤੇ ਨਵੀਂ ਤਰ੍ਹਾਂ ਦੀ ਸਿਆਸਤ ਦਾ ਫ਼ਤਵਾ ਦਿੱਤਾ ਹੈ। ਇਹ ਅਜਿਹੇ ਸ਼ਹਿਰ ਲਈ ਫ਼ਤਵਾ ਹੈ ਜਿਸ ਦੇ ਰਹਿਣ ਸਹਿਣ ਦੇ ਖ਼ਰਚਿਆਂ ਨੂੰ ਅਸੀਂ ਸਹਿਣ ਕਰ ਸਕਦੇ ਹਾਂ। ਤੁਹਾਡੇ ਸਾਹਮਣੇ ਖੜ੍ਹੇ ਹੋ ਕੇ ਮੈਨੂੰ ਜਵਾਹਰਲਾਲ ਨਹਿਰੂ ਦੇ ਸ਼ਬਦ ਚੇਤੇ ਆਉਂਦੇ ਹਨ, ਇਤਿਹਾਸ ’ਚ ਕਦੇ-ਕਦਾਈਂ ਅਜਿਹਾ ਪਲ ਵੀ ਆਉਂਦਾ ਹੈ, ਜਦੋਂ ਅਸੀਂ ਪੁਰਾਣੇ ਤੋਂ ਨਵੇਂ ਯੁੱਗ ’ਚ ਕਦਮ ਰਖਦੇ ਹਾਂ। ਜਦੋਂ ਇਕ ਯੁੱਗ ਖ਼ਤਮ ਹੁੰਦਾ ਹੈ ਤੇ ਜਦੋਂ ਕਿਸੇ ਰਾਸ਼ਟਰ ਦੀ ਲੰਮੇ ਸਮੇਂ ਤੋਂ ਦਬਾਈ ਗਈ ਆਤਮਾ ਨੂੰ ਪ੍ਰਗਟਾਵੇ ਦੀ ਆਜ਼ਾਦੀ ਮਿਲਦੀ ਹੈ।’’ ਉਹ ਨਿਊਯਾਰਕ ਦੇ 111ਵੇਂ ਮੇਅਰ ਵਜੋਂ ਜਨਵਰੀ ’ਚ ਹਲਫ਼ ਲੈਣਗੇ। ਕੁਈਨਜ਼ ਸਟੇਟ ਅਸੈਂਬਲੀ ਦੇ ਮੌਜੂਦਾ ਮੈਂਬਰ ਮਮਦਾਨੀ ਨੂੰ 50 ਫ਼ੀਸਦ ਤੋਂ ਵੱਧ ਵੋਟਾਂ ਮਿਲੀਆਂ ਜਦਕਿ ਟਰੰਪ ਦੀ ਹਮਾਇਤ ਹਾਸਲ ਕਿਊਮੋ ਨੂੰ 40 ਅਤੇ ਸਲੀਵਾ ਨੂੰ 7 ਫ਼ੀਸਦ ਵੋਟਾਂ ਹੀ ਮਿਲੀਆਂ। ਮਮਦਾਨੀ ਨੇ ਆਪਣੇ ਭਾਸ਼ਣ ’ਚ ਟਰੰਪ ਨੂੰ ਚੁਣੌਤੀ ਦਿੱਤੀ ਜਿਨ੍ਹਾਂ ਰਾਸ਼ਟਰਪਤੀ ਵਜੋਂ ਆਪਣੇ ਦੂਜੇ ਕਾਰਜਕਾਲ ’ਚ ਇਮੀਗਰੇਸ਼ਨ ’ਤੇ ਸਖ਼ਤ ਕਾਰਵਾਈ ਆਰੰਭੀ ਹੋਈ ਹੈ। ਉਨ੍ਹਾਂ ਕਿਹਾ ਕਿ ਨਿਊਯਾਰਕ ਨੂੰ ਪਰਵਾਸੀ ਚਲਾਉਗੇ ਅਤੇ ਹੁਣ ਇਸ ਦੀ ਅਗਵਾਈ ਵੀ ਪਰਵਾਸੀ ਹੀ ਕਰੇਗਾ। ਟਰੰਪ ਨੇ ਵੋਟਰਾਂ ਨੂੰ ਲਗਾਤਾਰ ਅਪੀਲ ਕੀਤੀ ਸੀ ਕਿ ਉਹ ਜਮਹੂਰੀ ਸਮਾਜਵਾਦੀ ਉਮੀਦਵਾਰ ਮਮਦਾਨੀ ਨੂੰ ਵੋਟ ਨਾ ਪਾਉਣ। ਮਮਦਾਨੀ ਦੇ ਭਾਸ਼ਣ ਦੌਰਾਨ ਪਿਛੋਕੜ ’ਚ ਮਸ਼ਹੂਰ ਹਿੰਦੀ ਫਿਲਮ ‘ਧੂਮ’ ਦਾ ਗੀਤ ‘ਧੂਮ ਮਚਾ ਲੇ’ ਵੱਜਦਾ ਰਿਹਾ। ਬੌਲੀਵੁੱਡ ਹਸਤੀਆਂ ਸ਼ਬਾਨਾ ਆਜ਼ਮੀ, ਜ਼ੋਯਾ ਅਖ਼ਤਰ, ਹੰਸਲ ਮਹਿਤਾ, ਸੋਨਮ ਕਪੂਰ, ਅਲੀ ਫ਼ਜ਼ਲ ਅਤੇ ਹੋਰਾਂ ਨੇ ਜ਼ੋਹਰਾਨ ਮਮਦਾਨੀ ਅਤੇ ਉਸ ਦੀ ਮਾਂ ਫਿਲਮਸਾਜ਼ ਮੀਰਾ ਨਾਇਰ ਨੂੰ ਵਧਾਈ ਦਿੱਤੀ ਹੈ।
ਸੀਨੀਅਰ ਮਮਦਾਨੀ ਦਾ ਪੰਜਾਬ ਕੁਨੈਕਸ਼ਨ
ਨਿਊਯਾਰਕ ਦਾ ਮੇਅਰ ਬਣ ਕੇ ਇਤਿਹਾਸ ਸਿਰਜਣ ਵਾਲੇ ਜ਼ੋਹਰਾਨ ਮਮਦਾਨੀ ਦੇ ਪਰਿਵਾਰ ਦੇ ਤਾਰ ਪੰਜਾਬ ਨਾਲ ਜੁੜੇ ਹੋਏ ਹਨ। ਉਸ ਦੇ ਪਿਤਾ ਨਾਮੀ ਖੋਜੀ ਮਹਿਮੂਦ ਮਮਦਾਨੀ 1970 ’ਚ ਪੰਜਾਬ ਆਏ ਸਨ। ਉਨ੍ਹਾਂ ਦਾ ਉਦੇਸ਼ ‘ਦਿ ਖੰਨਾ ਸਟੱਡੀ’ ਦੇ ਸਿੱਟਿਆਂ ਦਾ ਮੁਲਾਂਕਣ ਕਰਨਾ ਸੀ ਜੋ ਭਾਰਤ ਵਿੱਚ ਜਨਮ ਕੰਟਰੋਲ ਸਬੰਧੀ ਪਹਿਲਾ ਵੱਡਾ ਖੇਤਰੀ ਅਧਿਐਨ ਸੀ। ਇਸ ਦੀ ਅਗਵਾਈ ਹਾਰਵਰਡ ਸਕੂਲ ਆਫ ਪਬਲਿਕ ਹੈਲਥ ਦੇ ਮਾਹਿਰਾਂ ਨੇ ਭਾਰਤੀ ਫੀਲਡ ਅਫਸਰਾਂ ਦੀ ਮਦਦ ਨਾਲ ਕੀਤੀ ਸੀ। ਇਹ ਅਧਿਐਨ ਪੰਜਾਬ ਦੇ ਮਾਨੂਪੁਰ ਪਿੰਡ ’ਤੇ ਕੇਂਦਰਿਤ ਸੀ। ਇਸ ਦਾ ਉਦੇਸ਼ ਆਬਾਦੀ ਕੰਟਰੋਲ ਉਪਾਅ ਵਜੋਂ ਗੋਲੀਆਂ ਦੇ ਪ੍ਰਭਾਵ ਦਾ ਅਧਿਐਨ ਕਰਨਾ ਸੀ। ਮਮਦਾਨੀ ਨੇ ਬਾਅਦ ਵਿੱਚ ‘ਦਿ ਮਿੱਥ ਆਫ਼ ਪਾਪੂਲੇਸ਼ਨ ਕੰਟਰੋਲ’ ਰਿਪੋਰਟ ਵਿੱਚ ਸਾਬਿਤ ਕੀਤਾ ਕਿ ਇਹ ਤਜਰਬਾ ਅਸਫ਼ਲ ਰਿਹਾ। ਮਮਦਾਨੀ ਨੇ ਰਿਪੋਰਟ ’ਚ ਕਿਹਾ ਕਿ ਪਿੰਡ ਦੇ ਲੋਕ ਜਨਮ ਦਰ ਘਟਾਉਣ ਅਤੇ ਗਰਭ ਨਿਰੋਧਕਾਂ ਦੇ ਪੱਖ ’ਚ ਸਨ ਪਰ ਉਨ੍ਹਾਂ ਨੇ ਇਨ੍ਹਾਂ ਦੀ ਵਰਤੋਂ ਨਹੀਂ ਕੀਤੀ। ਉਨ੍ਹਾਂ ਦੀ ਕਿਤਾਬ ਨੇ ਦਿੱਤੀ ਕਿ ਵਿਕਾਸਸ਼ੀਲ ਮੁਲਕਾਂ ਵਿੱਚ ਗਰੀਬੀ ਦਾ ਮੁੱਖ ਕਾਰਨ ਬੇਹਿਸਾਬ ਆਬਾਦੀ ਹੈ ਅਤੇ ਇਸ ਦਾ ਹੱਲ ਜਨਮ ਦਰ ਕੰਟਰੋਲ ਨਾਲ ਹੀ ਹੋਵੇਗਾ। ਉਨ੍ਹਾਂ ‘ਦਿ ਖੰਨਾ ਸਟੱਡੀ’ ਦੇ ਨਾਕਾਮ ਰਹਿਣ ਬਾਰੇ ਕਿਹਾ ਕਿ ਆਰਥਿਕ ਨਜ਼ਰੀਏ ਤੋਂ ਪੰਜਾਬ ਦੇ ਪਿੰਡ ਵਾਲਿਆਂ ਲਈ ਜਨਮ ਕੰਟਰੋਲ ਪ੍ਰੋਗਰਾਮ ਅਪਣਾਉਣਾ ਤਬਾਹਕੁੰਨ ਸੀ। ਉਨ੍ਹਾਂ ਤਰਕ ਦਿੱਤਾ, ‘‘ਇੱਕ ਖੇਤੀ ਪ੍ਰਧਾਨ ਕਿਸਾਨੀ ਅਰਥਚਾਰੇ ਵਿੱਚ ਬੱਚੇ, ਖਾਸ ਕਰ ਕੇ ਪੁੱਤਰ, ਇੱਕ ਵੱਡੀ ਜਾਇਦਾਦ ਹੁੰਦੇ ਹਨ। ਉਨ੍ਹਾਂ ਤੋਂ ਬਿਨਾਂ ਇੱਕ ਪਰਿਵਾਰ ਨੂੰ ਭੁੱਖਮਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਦੇ ਨਾਲ ਖੁਸ਼ਹਾਲੀ ਦੀ ਸੰਭਾਵਨਾ ਹੁੰਦੀ ਹੈ।’’ ਰੌਕਫੈਲਰ ਫਾਊਂਡੇਸ਼ਨ ਅਤੇ ਭਾਰਤ ਸਰਕਾਰ ਵੱਲੋਂ ਫੰਡਿਡ ‘ਦਿ ਖੰਨਾ ਸਟੱਡੀ’ ਪ੍ਰੋਗਰਾਮ 1954 ਤੋਂ 1960 ਤੱਕ ਚੱਲਿਆ ਅਤੇ 1969 ਵਿੱਚ ਇੱਕ ਫਾਲੋ-ਅਪ ਹੋਇਆ ਜਿਸ ਵਿੱਚ 8,700 ਆਬਾਦੀ ਵਾਲੇ ਸੱਤ ਪਿੰਡਾਂ ਨੂੰ ਕਵਰ ਕੀਤਾ ਗਿਆ। ਦੋ ਸਾਲਾਂ ਬਾਅਦ ਟੈਸਟ ਖੇਤਰ ਵਿੱਚ ਜਨਮ ਦਰ 1,000 ਬੱਚਿਆਂ ਦੇ ਮੁਕਾਬਲੇ ’ਤੇ 13.2 ਘੱਟ ਹੋ ਗਈ। ਇਸੇ ਸਮੇਂ ਦੌਰਾਨ ਕੰਟਰੋਲ ਖੇਤਰ ਵਿੱਚ ਵੀ ਦਰ 1,000 ’ਤੇ 11 ਘੱਟ ਹੋ ਗਈ।
ਆਫ਼ਤਾਬ ਪੁਰੇਵਾਲ ਸਿਨਸਿਨਾਟੀ ਮੇਅਰ ਦੀ ਚੋਣ ਜਿੱਤੀ
ਨਿਊਯਾਰਕ: ਸਿਨਸਿਨਾਟੀ (ਓਹਾਈਓ) ਦੇ ਭਾਰਤੀ ਮੂਲ ਦੇ ਮੇਅਰ ਆਫ਼ਤਾਬ ਪੁਰੇਵਾਲ (43) ਨੇ ਉਪ ਰਾਸ਼ਟਰਪਤੀ ਜੇ ਡੀ ਵਾਂਸ ਦੇ ਮਤਰੇਏ ਭਰਾ ਰਿਪਬਲਿਕਨ ਉਮੀਦਵਾਰ ਕੋਰੀ ਬੋਅਮੈਨ ਨੂੰ ਹਰਾ ਕੇ ਦੂਜੀ ਵਾਰ ਚੋਣ ਜਿੱਤ ਲਈ ਹੈ। ਪੁਰੇਵਾਲ ਦੀ ਜਿੱਤ ਨਾਲ ਸਿਨਸਿਨਾਟੀ ਦੀ ਸਥਾਨਕ ਸਰਕਾਰ ’ਤੇ ਡੈਮੋਕਰੈਟਾਂ ਦਾ ਕੰਟਰੋਲ ਹੋਰ ਮਜ਼ਬੂਤ ਹੋ ਗਿਆ ਹੈ। ਸਾਬਕਾ ਵਿਸ਼ੇਸ਼ ਸਹਾਇਕ ਅਟਾਰਨੀ ਪੁਰੇਵਾਲ ਸਭ ਤੋਂ ਪਹਿਲਾਂ 2021 ’ਚ ਮੇਅਰ ਬਣਿਆ ਸੀ। ਆਫ਼ਤਾਬ ਦਾ ਪਿਤਾ ਪੰਜਾਬੀ ਹੈ ਅਤੇ ਮਾਂ ਤਿੱਬਤੀ ਹੈ ਜੋ ਚੀਨ ਦੇ ਕਬਜ਼ੇ ਵਾਲੇ ਖ਼ਿੱਤੇ ’ਚੋ ਭੱਜ ਕੇ ਦੱਖਣ ਭਾਰਤੀ ਸ਼ਰਨਾਰਥੀ ਕੈਂਪ ’ਚ ਵੱਡੀ ਹੋਈ ਸੀ। ਪੁਰੇਵਾਲ ਨੇ ਆਪਣਾ ਸਿਆਸੀ ਕਰੀਅਰ 2015 ’ਚ ਹੈਮਿਲਟਨ ਕਾਊਂਟੀ ਕਲਰਕ ਆਫ਼ ਕੋਰਟਸ ਤੋਂ ਸ਼ੁਰੂ ਕੀਤਾ ਸੀ।