Breaking News

West Africa: ਅਫਰੀਕਾ ‘ਚ ਡਰੱਗ ਵੇਚ ਰਹੀ ਹੈ ਭਾਰਤੀ ਕੰਪਨੀ

Unlicensed drugs from India fuelling opioid crisis in West Africa: Report

ਅਫਰੀਕਾ ‘ਚ ਡਰੱਗ ਵੇਚ ਰਹੀ ਹੈ ਭਾਰਤੀ ਕੰਪਨੀ

ਪੱਛਮੀ ਅਫ਼ਰੀਕਾ ਵਿੱਚ ਓਪੀਓਈਡ ਸੰਕਟ ਨੂੰ ਵਧਾਉਣ ਵਾਲੀ ਇੱਕ ਭਾਰਤੀ ਦਵਾਈ ਕੰਪਨੀ ਦਾ ਪਰਦਾਫ਼ਾਸ਼

ਇੱਕ ਭਾਰਤੀ ਦਵਾਈ ਨਿਰਮਾਤਾ ਕੰਪਨੀ, ਗੈਰ-ਲਾਇਸੈਂਸੀ ਦਵਾਈਆਂ ਬਣਾ ਕੇ ਵੱਡੇ ਪੈਮਾਨੇ ਉੱਤੇ ਪੱਛਮੀ ਅਫ਼ਰੀਕਾ ਵਿੱਚ ਭੇਜ ਰਹੀ ਹੈ, ਜਿੱਥੇ ਇਹ ਦਵਾਈਆਂ ਵਿਆਪਕ ਸਿਹਤ ਸਮੱਸਿਆ ਦਾ ਰੂਪ ਧਾਰਨ ਕਰ ਚੁੱਕੀਆਂ ਹਨ।

ਮੁੰਬਈ ਆਧਾਰਿਤ ਕੰਪਨੀ ਏਵੀਓ ਫਾਰਮਾਸਿਊਟੀਕਲਸ, ਅਜਿਹੀਆਂ ਗੋਲੀਆਂ ਬਣਾਉਂਦੀਆਂ ਹੈ, ਜੋ ਵੱਖ-ਵੱਖ ਨਾਵਾਂ ਹੇਠ ਅਸਲੀ ਦਵਾਈਆਂ ਵਾਂਗ ਪੈਕ ਕੀਤੀਆਂ ਜਾਂਦੀਆਂ ਹਨ। ਪਰ ਅਸਲ ਵਿੱਚ ਹਾਨੀਕਾਰਕ ਤੱਤਾਂ ਦਾ ਮਿਸ਼ਰਣ ਹੁੰਦੀਆਂ ਹਨ- ਟੇਪੈਂਟਾਡੋਲ, ਜੋ ਇੱਕ ਸ਼ਕਤੀਸ਼ਾਲੀ ਨਸ਼ੀਲੀ ਦਵਾਈ ਹੈ।

ਕੈਰੀਸੋਪਰੋਡੋਲ, ਮਾਸਪੇਸ਼ੀਆਂ ਨੂੰ ਅਰਾਮ ਦੇਣ ਵਾਲੀ ਇੱਕ ਦਵਾਈ ਆਦੀ ਬਣਾਉਣ ਵਾਲੀ ਹੈ ਜੋ ਯੂਰਪ ਵਿੱਚ ਪਾਬੰਦੀਸ਼ੁਦਾ ਹੈ।

ਦਵਾਈਆਂ ਦਾ ਇਹ ਮਿਸ਼ਰਣ ਪੂਰੀ ਦੁਨੀਆਂ ਵਿੱਚ ਕਿਤੇ ਵੀ ਵਰਤੋਂ ਲਈ ਲਾਇਸੈਂਸ ਯਾਫ਼ਤਾ ਨਹੀਂ ਹੈ। ਇਹ ਸਾਹ ਲੈਣ ਵਿੱਚ ਦਿੱਕਤ ਤੋਂ ਇਲਾਵਾ ਦੌਰਿਆਂ ਦਾ ਕਾਰਨ ਵੀ ਹੋ ਸਕਦਾ ਹੈ। ਓਵਰਡੋਜ਼ ਨਾਲ ਮੌਤ ਵੀ ਹੋ ਸਕਦੀ ਹੈ।

ਖ਼ਤਰਿਆਂ ਦੇ ਬਾਵਜੂਦ ਇਹ ਨਸ਼ੀਲੀਆਂ ਦਵਾਈਆਂ ਕਈ ਪੱਛਮੀ ਅਫ਼ਰੀਕੀ ਦੇਸ਼ਾਂ ਵਿੱਚ ਸਸਤੀਆਂ ਅਤੇ ਸੌਖ ਨਾਲ ਮਿਲ ਜਾਣ ਕਾਰਨ, ਸੜਕਾਂ ਉੱਤੇ ਆਮ ਮਿਲਦੀਆਂ ਹਨ।

ਇਨ੍ਹਾਂ ਦੇ ਏਵਿਓ ਕੰਪਨੀ ਦੇ ਲੋਗੋ ਵਾਲ਼ੇ ਪੈਕਟ ਮਿਲੇ ਜੋ ਘਾਨਾ, ਨਾਈਜ਼ੀਰੀਆ ਅਤੇ ਕੋਟੇ ਡੀ’ਵੋਇਰ ਵਿੱਚ ਵਿਕ ਰਹੀਆਂ ਸਨ।

ਦਵਾਈਆਂ ਦਾ ਪਿੱਛਾ ਕਰਦਿਆਂ ਏਵਿਓ ਦੀ ਭਾਰਤ ਵਿੱਚ ਸਥਿਤ ਫੈਕਟਰੀ ਤੱਕ ਪਹੁੰਚਣ ਤੋਂ ਬਾਅਦ ਬੀਬੀਸੀ ਨੇ ਇੱਕ ਅੰਡਰ ਕਵਰ ਸਖਸ਼ ਨੂੰ ਫੈਕਟਰੀ ਦੇ ਅੰਦਰ ਭੇਜਿਆ। ਉਹ ਨਾਈਜ਼ੀਰੀਆ ਵਿੱਚ ਨਸ਼ੀਲੀਆਂ ਦਵਾਈਆਂ ਭੇਜਣ ਦਾ ਇੱਛੁਕ ਇੱਕ ਅਫ਼ਰੀਕੀ ਕਾਰੋਬਾਰੀ ਬਣ ਕੇ ਗਿਆ ਸੀ।

ਲੁਕਵੇਂ ਕੈਮਰੇ ਦੀ ਮਦਦ ਨਾਲ ਬੀਬੀਸੀ ਨੇ ਏਵਿਓ ਦੇ ਇੱਕ ਨਿਰਦੇਸ਼ਕ, ਵਿਨੋਦ ਸ਼ਰਮਾ ਦਾ ਫਿਲਮਾਂਕਣ ਕੀਤਾ। ਸ਼ਰਮਾ ਨੇ ਉਸੇ ਤਰ੍ਹਾਂ ਦੇ ਖ਼ਤਰਨਾਕ ਉੱਤਪਾਦ ਦਿਖਾਏ, ਜੋ ਬੀਬੀਸੀ ਨੂੰ ਪੱਛਮੀ ਅਫ਼ਰੀਕਾ ਵਿੱਚੋਂ ਮਿਲੇ ਸਨ।

ਫੈਕਟਰੀ ਵਿੱਚ ਇਨ੍ਹਾਂ ਦਵਾਈਆਂ ਦੇ ਲਗਭਗ ਛੱਤ ਜਿੰਨੇ ਉੱਚੇ ਅੰਬਾਰ ਲੱਗੇ ਹੋਏ ਸਨ। ਸ਼ਰਮਾ ਨੇ ਆਪਣੇ ਮੇਜ਼ ਉੱਤੇ ਟੇਪੈਂਟਾਡੋਲ- ਕੈਰੀਸੋਪਰੋਡੋਲ ਦੇ ਮਿਸ਼ਰਣ ਵਾਲੀਆਂ ਦਵਾਈਆਂ ਦੀ ਨੁਮਾਇਸ਼ ਲਾਈ ਜਿਨ੍ਹਾਂ ਵਿੱਚੋਂ ਟਫਰੋਡੋਲ ਸਭ ਤੋਂ ਮਸ਼ਹੂਰ ਹੈ ਪਰ ਉਸ ਤੋਂ ਇਲਾਵਾ ਟੀਮਾ-ਕਿੰਗ ਅਤੇ ਸੂਪਰ ਰੌਇਲ-225 ਵੀ ਹਨ।

ਲੁਕਵੇਂ ਤਰੀਕੇ ਨਾਲ ਕੀਤੇ ਫਿਲਮਾਂਕਣ ਦੌਰਾਨ ਸ਼ਰਮਾ ਨੇ ਦੱਸਿਆ ਕਿ ਉਹ ਇਹ ਗੋਲ਼ੀਆਂ ਨਾਈਜ਼ੀਰੀਆ ਦੇ ਕਿਸ਼ੋਰਾਂ ਨੂੰ ਵੇਚਣਾ ਚਾਹੁੰਦੇ ਹਨ, ਜੋ ਇਨ੍ਹਾਂ ਨੂੰ ਪਸੰਦ ਕਰਦੇ ਹਨ। ਇਹ ਕਹਿੰਦੇ ਹੋਏ ਸ਼ਰਮਾ ਰਤਾ ਵੀ ਨਹੀਂ ਝਿਜਕੇ।

ਉਨ੍ਹਾਂ ਨੇ ਕਿਹਾ, “ਠੀਕ ਹੈ” ਅਤੇ ਦੱਸਿਆ ਕਿ ਜੇ ਕੋਈ ਦੋ-ਤਿੰਨ ਗੋਲ਼ੀਆਂ ਇਕੱਠੀਆਂ ਲੈ ਲਵੇ ਤਾਂ ਉਹ “ਅਰਾਮ ਕਰ ਸਕਦਾ ਹੈ” ਅਤੇ ਉਸ ਨੂੰ “ਨਸ਼ਾ ਵੀ” ਹੋ ਸਕਦਾ ਹੈ। ਮੀਟਿੰਗ ਦੇ ਅੰਤ ਵਿੱਚ ਸ਼ਰਮਾ ਨੇ ਕਿਹਾ, “ਇਹ ਸਿਹਤ ਲਈ ਬਹੁਤ ਨੁਕਸਾਨਦਾਇਕ ਹੈ, ਲੇਕਿਨ ਅੱਜ ਕੱਲ੍ਹ ਇਹੀ ਕਾਰੋਬਾਰ ਹੈ।”