Amritsar – ਪੰਜਾਬ ‘ਚ ਵੱਡੀ ਵਾਰਦਾਤ, ਇਟਲੀ ਤੋਂ ਆਏ ਵਿਅਕਤੀ ਨੂੰ ਅੰਨ੍ਹੇਵਾਹ ਗੋਲੀਆਂ ਮਾਰ ਭੁੰਨਿਆ
ਪੰਜਾਬ ‘ਚ ਵੱਡੀ ਵਾਰਦਾਤ, ਇਟਲੀ ਤੋਂ ਆਏ ਵਿਅਕਤੀ ਨੂੰ ਅੰਨ੍ਹੇਵਾਹ ਗੋਲੀਆਂ ਮਾਰ ਭੁੰਨਿਆ
ਅੰਮ੍ਰਿਤਸਰ- ਅੰਮ੍ਰਿਤਸਰ ਜ਼ਿਲ੍ਹੇ ਰਾਜਾਸਾਂਸੀ ਇਲਾਕੇ ਦੇ ਪਿੰਡ ਧਾਰੀਵਾਲ ‘ਚ ਇੱਕ ਦੁਖਦਾਈ ਘਟਨਾ ਨੇ ਸਾਰੇ ਇਲਾਕੇ ਨੂੰ ਹਿਲਾ ਦਿੱਤਾ। ਇਟਲੀ ਵਿੱਚ ਰਹਿੰਦਾ 42 ਸਾਲਾ ਮਲਕੀਤ ਸਿੰਘ, ਜੋ ਛੁੱਟੀ ‘ਤੇ ਘਰ ਆਇਆ ਹੋਇਆ ਸੀ, ਨੂੰ ਆਪਣੇ ਖੇਤਾਂ ਵਿੱਚ ਕਣਕ ਦੀ ਬਜਾਈ ਦੌਰਾਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪਰਿਵਾਰਿਕ ਮੈਂਬਰਾਂ ਅਨੁਸਾਰ, ਘਟਨਾ ਉਸ ਵੇਲੇ ਵਾਪਰੀ ਜਦੋਂ ਮਲਕੀਤ ਆਪਣੇ ਪਿਤਾ ਸੁਰਜੀਤ ਸਿੰਘ ਅਤੇ ਦੋਸਤ ਸੁਖਬੀਰ ਦੇ ਨਾਲ ਖੇਤਾਂ ਵਿੱਚ ਕੰਮ ਕਰ ਰਿਹਾ ਸੀ। ਇਸ ਦੌਰਾਨ ਪਿੰਡ ਦਾ ਹੀ ਵਿਕਰਮ ਆਪਣੇ ਇੱਕ ਸਾਥੀ ਸਮੇਤ ਮੌਕੇ ‘ਤੇ ਆਇਆ ਅਤੇ ਮਲਕੀਤ ‘ਤੇ ਬੇਰਹਮੀ ਨਾਲ ਗੋਲੀਆਂ ਚਲਾ ਦਿੱਤੀਆਂ।
ਮ੍ਰਿਤਕ ਦੀ ਭੈਣ ਪਲਵਿੰਦਰ ਕੌਰ ਨੇ ਮੀਡੀਆ ਨੂੰ ਦੱਸਿਆ ਕਿ ਉਸਦਾ ਭਰਾ ਮਲਕੀਤ ਇਟਲੀ ਵਿੱਚ ਮਿਹਨਤ ਕਰਦਾ ਸੀ ਅਤੇ ਘਰ ਆ ਕੇ ਪਿਤਾ ਦੇ ਨਾਲ ਖੇਤੀਬਾੜੀ ਦੇ ਕੰਮ ‘ਚ ਹਿੱਸਾ ਲੈਂਦਾ ਸੀ। ਗੋਲੀਆਂ ਲੱਗਣ ਤੋਂ ਬਾਅਦ ਮਲਕੀਤ ਨੇ ਆਪਣੀ ਮਾਂ ਨੂੰ ਫੋਨ ਕਰਕੇ ਕਿਹਾ ਕਿ “ਮੈਨੂੰ ਵਿਕਰਮ ਨੇ ਗੋਲੀਆਂ ਮਾਰ ਦਿੱਤੀਆਂ, ਮੈਨੂੰ ਬਚਾ ਲਓ।” ਇਹ ਸ਼ਬਦ ਸੁਣ ਕੇ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਕੁਝ ਮਿੰਟਾਂ ਵਿੱਚ ਹੀ ਉਹ ਜ਼ਖਮਾਂ ਦੇ ਕਾਰਨ ਢਹਿ ਪਿਆ ਅਤੇ ਹਸਪਤਾਲ ਲਿਜਾਂਦੇ ਹੋਏ ਉਸ ਦੀ ਮੌਤ ਹੋ ਗਈ।

ਪਰਿਵਾਰ ਦਾ ਦੋਸ਼ ਹੈ ਕਿ ਵਿਕਰਮ ਹੋਣੀ ਪਿੰਡ ਦਾ ਗੈਂਗਸਟਰ ਕਿਸਮ ਦਾ ਵਿਅਕਤੀ ਹੈ ਜੋ ਪਹਿਲਾਂ ਵੀ ਬੰਬ ਧਮਾਕੇ ਦੇ ਮਾਮਲੇ ਵਿੱਚ ਨਾਮਜ਼ਦ ਰਹਿ ਚੁੱਕਾ ਹੈ। ਉਹ ਹਾਲ ਹੀ ਵਿੱਚ ਜ਼ਮਾਨਤ ‘ਤੇ ਬਾਹਰ ਆਇਆ ਸੀ ਅਤੇ ਪਿੰਡ ਵਿੱਚ ਖੌਫ ਪੈਦਾ ਕਰ ਰਿਹਾ ਸੀ। ਪਲਵਿੰਦਰ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਰਿਵਾਰ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਸੀ ਅਤੇ ਇਹ ਕਤਲ ਪੂਰੀ ਤਰ੍ਹਾਂ ਸੋਚੀ ਸਮਝੀ ਸਾਜ਼ਿਸ਼ ਹੈ। ਉਸਨੇ ਸਰਕਾਰ ਤੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਵਿਕਰਮ ਤੇ ਉਸਦੇ ਸਾਥੀਆਂ ਨੂੰ ਜਲਦੀ ਗ੍ਰਿਫਤਾਰ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।
ਇਸ ਮਾਮਲੇ ਵਿੱਚ ਪੁਲਸ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਮ੍ਰਿਤਕ ਦੇ ਪਿਤਾ ਸੁਰਜੀਤ ਸਿੰਘ ਦੇ ਬਿਆਨ ‘ਤੇ ਵਿਕਰਮ ਸਿੰਘ ਵਾਸੀ ਧਾਰੀਵਾਲ ਟੋਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਮੌਕੇ ਤੋਂ 10 ਤੋਂ ਵੱਧ ਖਾਲੀ ਖੋਲ਼ ਬਰਾਮਦ ਕੀਤੇ ਗਏ ਹਨ ਅਤੇ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ। ਪੁਲਸ ਦਾ ਕਹਿਣਾ ਹੈ ਕਿ ਘਟਨਾ ਦੀ ਤਫਤੀਸ਼ ਜਾਰੀ ਹੈ ਅਤੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ। ਪਿੰਡ ਧਾਰੀਵਾਲ ਦੇ ਲੋਕਾਂ ਵਿੱਚ ਵੀ ਇਸ ਕਤਲ ਮਾਮਲੇ ਨੂੰ ਲੈ ਕੇ ਗੁੱਸਾ ਹੈ ਅਤੇ ਉਹਨਾਂ ਨੇ ਮਲਕੀਤ ਸਿੰਘ ਨੂੰ ਇਨਸਾਫ ਦਿਵਾਉਣ ਲਈ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।