Australia – ਆਸਟ੍ਰੇਲੀਆ ‘ਚ ਪੰਜਾਬੀ ਮੁੰਡੇ ਦਾ ਕਤਲ, ਪਾਰਕਿੰਗ ਨੂੰ ਲੈ ਕੇ ਹੋਈ ਬਹਿਸ ਦੌਰਾਨ ਮਾਰੀਆਂ ਗੋਲੀਆਂ
ਪਟਿਆਲਾ ਦੇ 18 ਸਾਲਾਂ ਦੇ ਨੌਜਵਾਨ ਦੀ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਸ ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਪਟਿਆਲਾ ਦੇ ਰਾਜਪੁਰਾ ਸ਼ਹਿਰ ਦੇ ਗੁਲਾਬ ਨਗਰ ਕਾਲੋਨੀ ਦੇ ਰਹਿਣ ਵਾਲੇ ਏਕਮ ਸਿੰਘ ਸਾਹਣੀ (18) ਪੁੱਤਰ ਅਮਰਿੰਦਰ ਸਿੰਘ ਸਾਹਨੀ ਦੇ ਰੂਪ ਵਿਚ ਹੋਈ ਹੈ।
ਆਸਟ੍ਰੇਲੀਆ ਦੇ ਨਿਊ ਸਾਊਥ ਵੇਲਸ ਸ਼ਹਿਰ ਵਿਚ ਕਾਰ ਪਾਰਕਿੰਗ ਵਿਚ ਇੱਕ ਨੌਜਵਾਨ ਨਾਲ ਹੋਈ ਤੂੰ-ਤੂੰ-ਮੈਂ-ਮੈਂ ਮਗਰੋਂ ਨੌਜਵਾਨ ਨੇ ਗੋਲੀਆਂ ਮਾਰੀਆਂ ਗਈਆਂ, ਜਿਸ ਵਿਚ ਉਸ ਦੀ ਕੁਝ ਦੇਰ ਬਾਅਦ ਮੌਤ ਹੋ ਗਈ। ਪਰਿਵਾਰ ਨੂੰ ਜਦੋਂ ਪੁੱਤਰ ਦੀ ਮੌਤ ਦਾ ਪਤਾ ਲੱਗਾ ਹੈ, ਉਦੋਂ ਪਰਿਵਾਰ ਸਦਮੇ ਵਿਚ ਹੈ। ਮਾਮਲੇ ਵਿਚ ਆਸਟ੍ਰੇਲੀਆ ਪੁਲਿਸ ਜਾਂਚ ਕਰ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਅਮਰਿੰਦਰ ਸਿੰਘ ਸਾਹਨੀ ਕੁਝ ਸਾਲ ਪਹਿਲਾਂ ਆਪਣੇ ਪਰਿਵਾਰ ਦੇ ਨਾਲ ਆਸਟ੍ਰੇਲੀਆ ਵਿਚ ਵੱਸ ਗਏ ਸਨ। ਕੱਲ੍ਹ ਵੀਰਵਾਰ ਰਾਤ ਕਰੀਬ 12.45 ਵਜੇ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਸ ਸ਼ਹਿਰ ਵਿਚ ਇੱਕ ਪਾਰਕਿੰਗ ਸਥਾਨ ਵਿਚਾਲੇ ਏਕਮ ਸਿੰਘ ਜਦੋਂ ਪੜ੍ਹਾਈ ਕਰ ਰਿਹਾ ਸੀ ਤਾਂ ਕਾਰ ਦੀ ਪਾਰਕਿੰਗ ਨੂੰ ਲੈ ਕੇ ਉਥੇ ਮੌਜੂਦ ਨੌਜਵਾਨਾਂ ਨਾਲ ਉਸ ਦੀ ਤੂੰ-ਤੂੰ ਮੈਂ-ਮੈਂ ਹੋ ਗਈ ਤੇ ਨੌਜਵਾਨਾਂ ਨੇ ਏਕਮ ਸਿੰਘ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਤੇ ਉਸ ਦੀ ਕਾਰ ਨੂੰ ਵੀ ਅੱਗ ਲਾ ਦਿੱਤੀ।
ਮ੍ਰਿਤਕ ਦੀ ਬਜੁ਼ਰਗ ਦਾਦੀ ਮਨਮੋਹਨ ਕੌਰ ਦਾ ਰਾਜਪੁਰਾ ਦੇ ਗੁਲਾਬ ਨਗਰ ਸਥਿਤ ਘਰ ‘ਤੇ ਰੋ-ਰੋ ਬੁਰਾ ਹਾਲ ਹੈ। ਆਸਟ੍ਰੇਲੀਆ ਵਿਚ ਘਟਨਾ ਵਾਲੀ ਥਾਂ ‘ਤੇ ਉਥੇ ਦੀ ਪੁਲਿਸ ਨੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।