Hoshiarpur ‘ਚ ਤਾਰ-ਤਾਰ ਹੋਏ ਰਿਸ਼ਤੇ ! 17 ਸਾਲਾ ਕੁੜੀ ਨੇ ਮਾਸੀ ਦੇ ਮੁੰਡੇ ‘ਤੇ ਲਾਏ ਜਬਰ-ਜਨਾਹ ਦੇ ਇਲਜ਼ਾਮ
Sexual assault : ਹੁਸ਼ਿਆਰਪੁਰ ‘ਚ ਤਾਰ-ਤਾਰ ਹੋਏ ਰਿਸ਼ਤੇ ! 17 ਸਾਲਾ ਕੁੜੀ ਨੇ ਮਾਸੀ ਦੇ ਮੁੰਡੇ ‘ਤੇ ਲਾਏ ਜਬਰ-ਜਨਾਹ ਦੇ ਇਲਜ਼ਾਮ
Hoshiarpur News : ਪੀੜਤ ਨਾਬਾਲਗ ਕੁੜੀ ਨੇ ਕਿਹਾ ਕਿ ਉਸ ਦੀ ਮਾਸੀ ਦਾ ਮੁੰਡਾ, ਉਨ੍ਹਾਂ ਦੇ ਘਰ ਆਇਆ ਹੋਇਆ ਸੀ ਤੇ ਰਾਤ ਨੂੰ ਜਦੋਂ ਇੱਕ ਹੀ ਕਮਰੇ ਵਿੱਚ ਸੁੱਤੇ ਹੋਏ ਸੀ ਤਾਂ ਉਸਦੇ ਭਰਾ ਨੇ ਉਸ ਨਾਲ ਜ਼ਬਰਦਸਤੀ ਕੀਤੀ ਅਤੇ ਉਸਦੀ ਵੀਡੀਓ ਬਣਾ ਲਈ।

ਹੁਸ਼ਿਆਰਪੁਰ ਦੇ ਥਾਣਾ ਚੱਬੇਵਾਲ ਅਧੀਨ ਇੱਕ ਪਿੰਡ ਤੋਂ ਰਿਸ਼ਤਿਆਂ ਨੂੰ ਤਾਰ-ਤਾਰ ਕਰਦੀ ਖਬਰ ਸਾਹਮਣੇ ਆਈ ਹੈ, ਜਿੱਥੇ ਕਿ ਇੱਕ ਭਰਾ ਵੱਲੋਂ ਆਪਣੀ ਮਾਸੀ ਦੀ ਕੁੜੀ ਨਾਲ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਅਨੁਸਾਰ ਪਿੰਡ ਦੀ ਰਹਿਣ ਵਾਲੀ ਇੱਕ 17 ਸਾਲਾ ਕੁੜੀ, ਜਿਸ ਵੱਲੋਂ ਆਪਣੇ ਸਕੇ ਮਾਸੀ ਦੇ ਮੁੰਡੇ ਉੱਤੇ ਜਬਰ-ਜਨਾਹ ਦੇ ਇਲਜ਼ਾਮ ਲਗਾਏ ਗਏ ਹਨ। ਪੀੜਤ ਨਾਬਾਲਗ ਕੁੜੀ ਨੇ ਕਿਹਾ ਕਿ ਉਸ ਦੀ ਮਾਸੀ ਦਾ ਮੁੰਡਾ, ਉਨ੍ਹਾਂ ਦੇ ਘਰ ਆਇਆ ਹੋਇਆ ਸੀ ਤੇ ਰਾਤ ਨੂੰ ਜਦੋਂ ਇੱਕ ਹੀ ਕਮਰੇ ਵਿੱਚ ਸੁੱਤੇ ਹੋਏ ਸੀ ਤਾਂ ਉਸਦੇ ਭਰਾ ਨੇ ਉਸ ਨਾਲ ਜ਼ਬਰਦਸਤੀ ਕੀਤੀ ਅਤੇ ਉਸਦੀ ਵੀਡੀਓ ਬਣਾ ਲਈ।
ਪੀੜਤ ਕੁੜੀ ਨੇ ਕਿਹਾ ਕਿ ਉਸਦੇ ਭਰਾ ਨੇ ਉਸ ਨੂੰ ਕਿਹਾ ਕਿ ਜੇਕਰ ਉਹ ਇਹ ਗੱਲ ਆਪਣੇ ਘਰਦਿਆਂ ਨੂੰ ਦੱਸੇਗੀ ਤਾਂ ਉਸ ਨੂੰ ਅਤੇ ਉਸਦੇ ਪਰਿਵਾਰ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਪਰਿਵਾਰ ਨੇ ਕਿਹਾ ਕਿ ਪੀੜਤਾ ਨੇ 3 ਦਿਨ ਆਪਣੇ ਘਰਦਿਆਂ ਨੂੰ ਨਹੀਂ ਦੱਸਿਆ ਪਰ ਜਦੋਂ ਕੁੜੀ ਬਿਮਾਰ ਹੋਈ ਤਾਂ ਉਸਦੀ ਵੱਡੀ ਭੈਣ ਨੇ ਉਸਨੂੰ ਪੁੱਛਿਆ ਤਾਂ ਉਸ ਨੇ ਆਪਣੀ ਵੱਡੀ ਭੈਣ ਨੂੰ ਸਾਰੀ ਹੱਡਬੀਤੀ ਦੱਸੀ।
ਪੀੜਤ ਕੁੜੀ ਦੀ ਮਾਤਾ ਨੇ ਕਿਹਾ ਕਿ ਉਸ ਦੀ ਭੈਣ ਦਾ ਮੁੰਡਾ ਉਹਨਾਂ ਦੇ ਘਰ ਰਹਿਣ ਲਈ ਆਇਆ ਸੀ ਪਰ ਉਸ ਨੇ ਉਸ ਦੀ ਕੁੜੀ, ਜੋ ਕਿ 17 ਸਾਲ ਦੀ ਹੈ, ਨਾਲ ਜਬਰ-ਜਨਾਹ ਕੀਤਾ ਤੇ ਉਸਦੀ ਵੀਡੀਓ ਬਣਾਈ। ਉਨ੍ਹਾਂ ਕਿਹਾ ਕਿ ਇੱਕ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਉਹਨਾਂ ਵੱਲੋਂ ਐਸਐਸਪੀ ਤੱਕ ਪਹੁੰਚ ਕਰਨ ਦੇ ਬਾਵਜੂਦ ਵੀ ਆਰੋਪੀ ਮੁੰਡੇ ਦੇ ਖਿਲਾਫ ਹਾਲੇ ਤੱਕ ਐਫਆਈਆਰ ਦਰਜ ਨਹੀਂ ਕੀਤੀ ਗਈ।
ਪੁਲਿਸ ਦਾ ਕੀ ਹੈ ਕਹਿਣਾ ?
ਇਸ ਸਬੰਧੀ ਜਦੋਂ ਥਾਣਾ ਚੱਬੇਵਾਲ ਦੇ ਐਸਐਚਓ (Chabbewal Police) ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਇੱਕ ਸ਼ਿਕਾਇਤ ਆਈ ਹੈ ਜਿਸ ਵਿੱਚ ਇੱਕ ਕੁੜੀ ਵੱਲੋਂ ਆਪਣੇ ਭਰਾ ਦੇ ਉੱਤੇ ਹੀ ਜਬਰ-ਜਨਾਹ ਦੇ ਦੋਸ਼ ਲਗਾਏ ਗਏ ਹਨ। ਇਸ ਸਬੰਧੀ ਮੁਲਾਜ਼ਮਾਂ ਦੀ ਡਿਊਟੀ ਲਗਾਈ ਹੈ ਅਤੇ ਜਾਂਚ ਜਾਰੀ ਹੈ, ਜੋ ਵੀ ਅਪਰਾਧੀ ਹੋਇਆ, ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
 
						
					 
						
					 
						
					