Ropar News : ਤਜ਼ਾਕਿਸਤਾਨ ਤੋਂ ਪਰਤੇ 7 ਪੰਜਾਬੀ ਨੌਜਵਾਨਾਂ ਦੇ ਮਾਮਲੇ ‘ਚ ਨਵਾਂ ਮੋੜ, ਟ੍ਰੈਵਲ ਏਜੰਟ ਦਾ ਵੱਡਾ ਦਾਅਵਾ – ਕਾਨੂੰਨੀ ਤੌਰ ‘ਤੇ ਭੇਜੇ ਸੀ ਨੌਜਵਾਨ
Punjabi Youth in Tajikistan Case : 16 ਸਤੰਬਰ 2025 ਨੂੰ ਨੰਗਲ ਦੇ ਇੱਕ ਏਜੰਟ ਵੱਲੋਂ ਤਜ਼ਾਕਿਸਤਾਨ ਭੇਜੇ ਗਏ ਨੌਜਵਾਨਾਂ ਦੇ ਮਾਮਲੇ ‘ਚ ਨਵਾਂ ਮੋੜ ਸਾਹਮਣੇ ਆਇਆ ਹੈ। ਦੱਸ ਦਈਏ ਕਿ ਇਨ੍ਹਾਂ ਨੌਜਵਾਨਾਂ ਵੱਲੋਂ ਜਿਥੇ ਖੁਦ ਨੂੰ ਵੀਡੀਓ ਜਾਰੀ ਕਰਕੇ ਤਜ਼ਾਕਿਸਤਾਨ ‘ਚ ਫਸਣ ਬਾਰੇ ਕਿਹਾ ਗਿਆ ਸੀ ਅਤੇ ਟ੍ਰੈਵਲ ਏਜੰਟ ‘ਤੇ ਇਲਜ਼ਾਮ ਲਾਏ ਸਨ, ਉਥੇ ਹੁਣ ਟ੍ਰੈਵਲ ਏਜੰਟ ਨੇ ਇਨ੍ਹਾਂ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਹੈ। ਏਜੰਟ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਵੱਲੋਂ ਪੂਰੇ ਸਹੀ ਤੇ ਕਾਨੂੰਨੀ ਤਰੀਕੇ ਨਾਲ ਨੌਜਵਾਨਾਂ ਨੂੰ ਭੇਜਿਆ ਸੀ, ਪਰ ਇਨ੍ਹਾਂ ਨੌਜਵਾਨਾਂ ਦਾ ਉਥੇ ਦਿਲ ਨਹੀਂ ਲੱਗਿਆ, ਜਿਸ ਕਾਰਨ ਇਹ ਹੁਣ ਵਾਪਸ ਆਉਣਾ ਚਾਹੁੰਦੇ ਸਨ।
ਦੱਸ ਦਈਏ ਕਿ ਰੂਪਨਗਰ ਜ਼ਿਲ੍ਹੇ ਨਾਲ ਸਬੰਧਤ ਇਹ ਨੌਜਵਾਨ ਮੰਗਲਵਾਰ ਸਵੇਰੇ, ਲਗਭਗ 40 ਦਿਨ ਦਾ ਤਸ਼ੱਦਦ ਸਹਿਣ ਤੋਂ ਬਾਅਦ ਆਪਣੇ ਘਰ ਪਰਤੇ ਸਨ। ਇਸ ਮੌਕੇ ਨੌਜਵਾਨਾਂ ਨੇ ਪੱਤਰਕਾਰਾਂ ਨਾਲ ਆਪਣਾ ਦੁੱਖ ਸਾਂਝਾ ਕਰਦੇ ਹੋਏ ਕਿਹਾ ਸੀ ਕਿ ਸਾਨੂੰ ਪਹਿਲਾਂ ਤਾਂ ਇਥੋਂ ਏਜੰਟ ਵੱਲੋਂ ਉਹਨਾਂ ਨੂੰ ਬਕਾਇਦਾ ਐਗਰੀਮੈਂਟ ਸਾਈਨ ਕਰਕੇ ਭੇਜਿਆ ਗਿਆ ਕਿ ਤੁਸੀਂ ਤਜਾਕਿਸਤਾਨ ਮੁਲਕ ਵਿੱਚ ਜਾ ਕੇ ਟਰੱਕ ਚਲਾਉਣੇ ਹਨ ਪ੍ਰੰਤੂ ਉੱਥੇ ਪਹੁੰਚਣ ਤੋਂ ਬਾਅਦ ਸਾਨੂੰ ਕੰਪਨੀ ਵੱਲੋਂ ਮਜਬੂਰਨ ਲੇਬਰ ਦਾ ਕੰਮ ਕਰਵਾਇਆ ਗਿਆ ਅਤੇ ਜਦੋਂ ਅਸੀਂ ਇਸ ਦਾ ਵਿਰੋਧ ਕੀਤਾ ਤਾਂ ਸਾਨੂੰ ਅਣ ਮਨੁੱਖੀ ਤਸ਼ੱਦਦ ਸਹਿਣਾ ਪਿਆ।

ਤਜ਼ਾਕਿਸਤਾਨ ਜਾਣ ਵਾਲੇ ਨੌਜਵਾਨਾਂ ਬਾਰੇ ਟ੍ਰੈਵਲ ਏਜੰਟ ਦਾ ਵੱਡਾ ਦਾਅਵਾ
ਨੰਗਲ ਦੇ ਏਜੰਟ ਆਸਿਫ਼ ਖਾਨ ਵੱਲੋਂ ਬਲਾਕ ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਲੱਗਦੇ ਪਿੰਡਾਂ ਤੋਂ ਸੱਤ ਨੌਜਵਾਨਾਂ ਨੂੰ 16 ਸਤੰਬਰ 2025 ਨੂੰ ਡਰਾਈਵਰੀ ਦੇ ਕੰਮ ਵਿੱਚ ਤਜਾਕਿਸਤਾਨ ਵਰਕ ਵੀਜ਼ੇ ‘ਤੇ ਭੇਜਿਆ ਗਿਆ ਸੀ ਪਰ ਇਨ੍ਹਾਂ ਨੌਜਵਾਨਾਂ ਨੇ ਕੰਪਨੀ ਵਿੱਚ ਕੁਝ ਦਿਨਾਂ ਬਾਅਦ ਹੀ ਵੀਡੀਓ ਵਾਇਰਲ ਕਰ ਦਿੱਤੀ। ਨੌਜਵਾਨਾਂ ਨੇ ਵੀਡੀਓ ਵਿੱਚ ਆਰੋਪ ਲਗਾਇਆ ਸੀ ਕਿ ਉਹ ਉੱਥੇ ਡਰਾਈਵਰੀ ਕਰਨ ਗਏ ਸਨ, ਪਰ ਉਨ੍ਹਾਂ ਤੋਂ ਹੋਰ ਕੰਮ ਮਜ਼ਦੂਰੀ ਕਰਵਾਇਆ ਜਾ ਰਿਹਾ ਸੀ।
ਉਧਰ, ਦੂਜੇ ਪਾਸੇ ਜਦੋਂ ਭੇਜਣ ਵਾਲੇ ਏਜੰਟ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦਾਅਵਾ ਕੀਤਾ ਕਿ ਇਹ ਸਾਰੇ ਆਰੋਪ ਬੇਬੁਨਿਆਦ ਹਨ। ਉਸ ਨੇ ਕਿਹਾ ਕਿ ਉਸ ਕੰਪਨੀ ਵਿੱਚ ਹੋਰ ਨੌਜਵਾਨ ਵੀ ਉਸ ਵੱਲੋਂ ਭੇਜੇ ਗਏ ਹਨ ਤੇ ਉਹ ਪਿਛਲੇ ਕਾਫੀ ਸਮੇਂ ਤੋਂ ਉੱਥੇ ਕੰਮ ਕਰ ਰਹੇ ਹਨ। ਏਜੰਟ ਨੇ ਕਿਹਾ ਕਿ ਨੌਜਵਾਨ ਨੇ ਤਜਾਕਿਸਤਾਨ ਭੇਜਣ ਤੋਂ ਪਹਿਲਾਂ ਲਿਖਤੀ ਤੌਰ ‘ਤੇ ਅਸ਼ਟਾਮ ਪੇਪਰ ‘ਤੇ ਸਾਈਨ ਕੀਤੇ ਹਨ ਅਤੇ ਸਾਰੇ ਸਬੂਤ ਉਸ ਕੋਲ ਹਨ।
”ਨੌਜਵਾਨਾਂ ਨੂੰ ਪੂਰੇ ਕਾਨੂੰਨੀ ਤਰੀਕੇ ਨਾਲ ਭੇਜਿਆ ਗਿਆ ਸੀ”
ਟ੍ਰੈਵਲ ਏਜੰਟ ਨੇ ਕਿਹਾ ਕਿ ਜਦ ਬਾਕੀ ਨੌਜਵਾਨ ਉੱਥੇ ਕਾਫੀ ਸਮੇਂ ਤੋਂ ਕੰਮ ਕਰ ਰਹੇ ਹਨ ਤਾਂ ਇਹ ਕਿਉਂ ਨਹੀਂ ਕਰ ਰਹੇ, ਕਿਉਂਕਿ ਇਨ੍ਹਾਂ ਦਾ ਉੱਥੇ ਦਿਲ ਨਹੀਂ ਲੱਗਿਆ। ਇਹਨਾਂ ਨੂੰ ਕਿਹਾ ਗਿਆ ਸੀ ਕਿ ਇੱਕ ਮਹੀਨਾ ਤੁਹਾਡਾ ਟ੍ਰੇਨਿੰਗ ਪੀਰੀਅਡ ਹੈ, ਜਿਸ ਵਿੱਚ ਤੁਸੀਂ ਉਥੇ ਕੰਮ ਕਰਨਾ ਹੈ। ਉਸ ਨੇ ਦਾਅਵਾ ਕੀਤਾ ਕਿ ਅਸੀਂ ਪੂਰੇ ਕਾਨੂੰਨੀ ਤਰੀਕੇ ਨਾਲ ਇਨ੍ਹਾਂ ਨੂੰ ਭੇਜਿਆ ਸੀ। ਅਸੀਂ ਸਰਕਾਰ ਨੂੰ ਟੈਕਸ ਅਦਾ ਕਰਦੇ ਹਾਂ ਅਤੇ ਸਰਕਾਰ ਤੋਂ ਮਾਨਤਾ ਪ੍ਰਾਪਤ ਏਜੰਟ ਹਾਂ।
ਨੌਜਵਾਨਾਂ ਦੀ ਵਾਪਸੀ ਦੀ ਟਿਕਟ ਵੀ ਅਸੀਂ ਕਰਵਾਈ : ਏਜੰਟ
ਏਜੰਟ ਨੇ ਕਿਹਾ ਕਿ ਇਨ੍ਹਾਂ ਦਾ ਉੱਥੇ ਦਿਲ ਨਹੀਂ ਲੱਗਾ, ਇਸ ਕਰਕੇ ਇਹ ਵਾਰ-ਵਾਰ ਵਾਪਸ ਆਉਣ ਦਾ ਜ਼ੋਰ ਪਾਉਂਦੇ ਰਹੇ। ਇਨ੍ਹਾਂ ਦੇ ਵਾਪਸ ਆਉਣ ਦੀ ਟਿਕਟ ਵੀ ਅਸੀਂ ਹੀ ਕੀਤੀ ਹੈ, ਜਿਸਦੇ ਪਰੂਫ ਏਜੰਟ ਵੱਲੋਂ ਦਿਖਾਏ ਗਏ। ਜਦਕਿ ਲਿਖਤ ਦੇ ਵਿੱਚ ਜੋ ਐਗਰੀਮੈਂਟ ਹੋਇਆ ਹੈ ਉਸ ਮੁਤਾਬਕ ਵੀਜ਼ਾ ਅਤੇ ਟਿਕਟ ਦੇ ਪੈਸੇ ਇਨ੍ਹਾਂ ਨੇ ਦੇਣੇ ਸਨ, ਪਰ ਫਿਰ ਵੀ ਇਨ੍ਹਾਂ ਨੌਜਵਾਨਾਂ ਦੀ ਟਿਕਟ ਸਾਡੇ ਵੱਲੋਂ ਹੀ ਕਰਵਾਈ ਗਈ। ਇਸਤੋਂ ਵੀ ਅੱਗੇ ਇਹ ਵਾਪਸ ਸਾਡੇ ਕੋਲ ਆਉਣ ਦੀ ਬਜਾਏ, ਰਾਜਨੀਤਿਕ ਲੀਡਰਾਂ ਕੋਲ ਚਲੇ ਗਏ।
”ਜੇ ਸਿਆਸਤ ਹੋਈ ਤਾਂ ਅਸੀ ਹਾਈਕੋਰਟ ਦਾ ਰੁਖ਼ ਕਰਾਂਗੇ”
ਉਸ ਨੇ ਕਿਹਾ ਕਿ ਜਦੋਂ ਅਸੀਂ ਇਨ੍ਹਾਂ ਨੌਜਵਾਨਾਂ ਦੇ ਵਿੱਚੋਂ ਇੱਕ ਨੌਜਵਾਨ ਦੇ ਘਰ ਗਏ ਤਾਂ ਪਰਿਵਾਰ ਵਾਲਿਆਂ ਨੇ ਗੱਲ ਕਰਨ ਤੋਂ ਮਨਾ ਕਰ ਦਿੱਤਾ ਅਤੇ ਬਾਕੀ ਨੂੰ ਨੌਜਵਾਨ ਵੀ ਟਾਲ-ਮਟੋਲ ਕਰਦੇ ਰਹੇ। ਨੰਗਲ ਦੇ ਏਜੰਟ ਨੇ ਕਿਹਾ ਹੈ ਕਿ ਨੌਜਵਾਨਾਂ ਨਾਲ ਗੱਲਬਾਤ ਕਰਕੇ ਜ਼ਰੂਰ ਕੋਈ ਹੱਲ ਕਰਾਂਗੇ ਤੇ ਕੁਝ ਨਾ ਕੁਝ ਮਦਦ ਇਨ੍ਹਾਂ ਦੀ ਕਰਾਂਗੇ ਪਰ ਜੇਕਰ ਇਹ ਇਸ ਤਰ੍ਹਾਂ ਸਿਆਸੀ ਤੌਰ ‘ਤੇ ਉਨ੍ਹਾਂ ਉੱਪਰ ਦਬਾਅ ਪਾਉਣ ਦੀ ਕੋਸ਼ਿਸ਼ ਕਰਨਗੇ ਤਾਂ ਅਸੀਂ ਵੀ ਇਹ ਸਾਰੇ ਦਸਤਾਵੇਜ਼ ਲੈ ਕੇ ਅਦਾਲਤ ਦਾ ਰੁੱਖ ਕਰਾਂਗੇ।