Congress demands parliamentary probe into LIC investments in Adani Group
Adani ਦੀਆਂ ਕੰਪਨੀਆਂ ’ਚ ਨਿਵੇਸ਼ ਤੋਂ ਵਿਵਾਦ:ਐੱਲ ਆਈ ਸੀ ਨੇ ਖ਼ੁਦ ਪੈਸੇ ਲਗਾਉਣ ਦਾ ਕੀਤਾ ਦਾਅਵਾ
ਭਾਰਤੀ ਜੀਵਨ ਬੀਮਾ ਨਿਗਮ (ਐੱਲ ਆਈ ਸੀ) ਵੱਲੋਂ ਅਡਾਨੀ ਗਰੁੱਪ ਦੀਆਂ ਕੰਪਨੀਆਂ ’ਚ ਪੈਸਾ ਲਾਏ ਜਾਣ ਨਾਲ ਵਿਵਾਦ ਪੈਦਾ ਹੋ ਗਿਆ ਹੈ। ਅਮਰੀਕੀ ਅਖ਼ਬਾਰ ‘ਵਾਸ਼ਿੰਗਟਨ ਪੋਸਟ’ ਨੇ ਖ਼ੁਲਾਸਾ ਕੀਤਾ ਹੈ ਕਿ ਮਈ ’ਚ ਭਾਰਤੀ ਅਧਿਕਾਰੀਆਂ ਨੇ ਅਡਾਨੀ ਗਰੁੱਪ ਦੀਆਂ ਵੱਖ-ਵੱਖ ਕੰਪਨੀਆਂ ’ਚ ਕਰੀਬ 33 ਹਜ਼ਾਰ ਕਰੋੜ ਰੁਪਏ ਦੇ ਐੱਲ ਆਈ ਸੀ ਫੰਡ ਨਿਵੇਸ਼ ਕਰਨ ਦੀ ਤਜਵੀਜ਼ ਤਿਆਰ ਕੀਤੀ ਸੀ।

ਰਿਪੋਰਟ ਮੁਤਾਬਿਕ ਅਡਾਨੀ ਪੋਰਟਸ ਐਂਡ ਐੱਸ ਈ ਜ਼ੈੱਡ ’ਚ 57 ਕਰੋੜ ਡਾਲਰ ਦਾ ਨਿਵੇਸ਼ ਕੀਤਾ ਗਿਆ। ਉਂਝ ਐੱਲ ਆਈ ਸੀ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਪੂਰੀ ਪੜਤਾਲ ਮਗਰੋਂ ਅਡਾਨੀ ਗਰੁੱਪ ਦੀਆਂ ਕੰਪਨੀਆਂ ’ਚ ਨਿਵੇਸ਼ ਕੀਤਾ ਹੈ। ਉਧਰ, ਕਾਂਗਰਸ ਨੇ ਮੰਗ ਕੀਤੀ ਕਿ ਸੰਸਦ ਦੀ ਲੋਕ ਲੇਖਾ ਕਮੇਟੀ (ਪਬਲਿਕ ਅਕਾਊਂਟਸ ਕਮੇਟੀ) ਇਸ ਮਾਮਲੇ ਦੀ ਜਾਂਚ ਕਰੇ ਕਿਉਂਕਿ ਜਨਤਕ ਖੇਤਰ ਦੀ ਕੰਪਨੀ ਨੇ ਅਡਾਨੀ ਗਰੁੱਪ ਦੇ ਲਾਹੇ ਲਈ 30 ਕਰੋੜ ਪਾਲਿਸੀਧਾਰਕਾਂ ਦੀਆਂ ਬੱਚਤਾਂ ਦੀ ‘ਯੋਜਨਾਬੱਧ ਢੰਗ ਨਾਲ ਦੁਰਵਰਤੋਂ’ ਕੀਤੀ ਹੈ।
ਐੱਲ ਆਈ ਸੀ ਨੇ ਦੋਸ਼ ਨਕਾਰਦਿਆਂ ਕਿਹਾ ਕਿ ਇਹ ਝੂਠੇ, ਆਧਾਰਹੀਣ ਅਤੇ ਸਚਾਈ ਤੋਂ ਕੋਹਾਂ ਦੂਰ ਹਨ। ਉਨ੍ਹਾਂ ‘ਐਕਸ’ ’ਤੇ ਇਕ ਬਿਆਨ ’ਚ ਕਿਹਾ, ‘‘ਕੇਂਦਰੀ ਵਿੱਤ ਮੰਤਰਾਲੇ ’ਚ ਵਿੱਤੀ ਸੇਵਾਵਾਂ ਵਿਭਾਗ ਜਾਂ ਕਿਸੇ ਹੋਰ ਅਦਾਰੇ ਦੀ ਅਜਿਹੇ ਨਿਵੇਸ਼ ਫ਼ੈਸਲਿਆਂ ’ਚ ਕੋਈ ਭੂਮਿਕਾ ਨਹੀਂ ਹੁੰਦੀ ਹੈ ਅਤੇ ਐੱਲ ਆਈ ਸੀ ਪੂਰੀ ਜਾਂਚ ਮਗਰੋਂ ਬੋਰਡ ਦੀ ਪ੍ਰਵਾਨਗੀ ਮਗਰੋਂ ਕੰਪਨੀਆਂ ’ਚ ਨਿਵੇਸ਼ ਦਾ ਫ਼ੈਸਲਾ ਲੈਂਦੀ ਹੈ।’’ ਭਾਰਤ ਦੀਆਂ ਸਿਖਰਲੀਆਂ 500 ਕੰਪਨੀਆਂ ’ਚ ਐੱਲ ਆਈ ਸੀ ਦੀ ਨਿਵੇਸ਼ ਕੀਮਤ 2014 ਤੋਂ 10 ਗੁਣਾ 1.56 ਲੱਖ ਕਰੋੜ ਰੁਪਏ ਤੋਂ ਵਧ ਕੇ 15.6 ਲੱਖ ਕਰੋੜ ਰੁਪਏ ਹੋ ਗਈ ਹੈ।