ਸ਼੍ਰੋਮਣੀ ਕਮੇਟੀ ਦੇ ਵਿਰੋਧੀ ਧੜੇ ਨਾਲ ਸੰਬੰਧਿਤ ਅੰਤ੍ਰਿੰਗ ਕਮੇਟੀ ਮੈਂਬਰ ਸ੍ਰ ਜਸਵੰਤ ਸਿੰਘ ਪੁੜੈਣ ਨੇ ਮੀਟਿੰਗ ਤੋਂ ਬਾਅਦ ਦੱਸਿਆ ਕਿ ਉਨ੍ਹਾਂ ਨੇ ਮੀਟਿੰਗ ਅੰਦਰ ਕਿਹਾ ਕਿ ਜੇ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਕੋਈ ਪੜਤਾਲੀਆ ਕਮੇਟੀ ਬਣਾਉਣੀ ਹੀ ਹੈ ਤਾਂ ਇੱਕ ਮੈਂਬਰ ਉਨ੍ਹਾਂ ਦਾ ਲੈ ਲਿਆ ਜਾਵੇ ਤਾਂ ਕਿ ਪੜਤਾਲ ਦੀ ਨਿਰਪੱਖਤਾ ਯਕੀਨੀ ਬਣਾਈ ਜਾ ਸਕੇ। ਪਰ ਇਹ ਗੱਲ ਮੰਨੀ ਨਹੀਂ ਗਈ।
ਇਸ ਪੜਤਾਲ ਕਮੇਟੀ ਦਾ ਮੁਖੀ ਬਾਦਲ ਟੱਬਰ ਦੇ ਖਾਸ ਰਘੂਜੀਤ ਸਿੰਘ ਵਿਰਕ ਨੂੰ ਬਣਾਇਆ ਗਿਆ ਹੈ।
ਗੱਲ ਸਾਫ ਹੈ ਕਿ ਇਨ੍ਹਾਂ ਨੂੰ ਤਿੰਨੇ ਮੈਂਬਰ 100 ਪ੍ਰਤੀਸ਼ਤ ਬਾਦਲੀ ਵਫਾਦਾਰੀ ਵਾਲੇ ਚਾਹੀਦੇ ਸਨ, ਤਾਂ ਕਿ ਜਿਹੋ ਜਿਹੀ ਰਿਪੋਰਟ ਦੀ ਵੀ ਲੋੜ ਹੋਵੇ, ਉਸ ‘ਤੇ ਦਸਤਖਤ ਕਰ ਦੇਣ। ਇੱਕ ਅਸਹਿਮਤ ਮੈਂਬਰ ਵੀ ਇਹਨਾਂ ਦੀ ਸਾਰੀ ਖੇਡ ਖਰਾਬ ਕਰ ਸਕਦਾ ਸੀ।
ਰਘੂਜੀਤ ਸਿੰਘ ਵਿਰਕ 2015 ਵਿੱਚ ਜਦੋਂ ਬਲਾਤਕਾਰੀ ਸਾਧ ਨੂੰ ਮਾਫ਼ੀ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਇਸ਼ਤਿਹਾਰ ਦਿੱਤੇ ਤਾਂ ਇਹ ਸ਼੍ਰੋਮਣੀ ਕਮੇਟੀ ਦਾ ਸੀਨੀਅਰ ਮੀਤ ਪ੍ਰਧਾਨ ਸੀ। ਇਸ ਲਈ ਇਸਨੂੰ 2 ਦਸੰਬਰ ਨੂੰ ਅਕਾਲ ਤਖ਼ਤ ‘ਤੇ ਪੇਸ਼ ਵੀ ਹੋਣਾ ਪਿਆ। ਹੋਰ ਬਥੇਰੇ ਪੁੱਠੇ ਸਿੱਧੇ ਕੰਮਾਂ ਵੇਲੇ ਵੀ ਇਹ ਇਸੇ ਅਹੁਦੇ ‘ਤੇ ਸੀ।
ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਤੋਂ ਬਾਅਦ ਅਸੀਂ ਇਸ ਦੀ ਸ਼ਖਸ਼ੀਅਤ ‘ਤੇ ਸੰਖੇਪ ਚਾਨਣਾ ਪਾਉਣ ਵਾਲੀ ਪੋਸਟ ਪਾਈ ਸੀ। ਉਹ ਦੁਬਾਰਾ ਸਾਂਝੀ ਕਰ ਰਹੇ ਹਾਂ, ਸਪਸ਼ਟ ਹੋ ਜਾਵੇਗਾ ਕਿ ਉਸਨੂੰ ਇਸ ਪੜਤਾਲੀਆ ਕਮੇਟੀ ਦਾ ਮੁਖੀ ਕਿਉਂ ਬਣਾਇਆ ਗਿਆ ਹੈ :
ਰਘੂਜੀਤ ਸਿੰਘ ਵਿਰਕ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਜਾਂ ਸੁਪਰ ਪ੍ਰਧਾਨ ?
ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਬਣਾਏ ਗਏ ਰਘੂਜੀਤ ਸਿੰਘ ਵਿਰਕ 12-13 ਵਾਰ ਸੀਨੀਅਰ ਮੀਤ ਪ੍ਰਧਾਨ ਰਹਿ ਚੁੱਕੇ ਨੇ।
ਜਥੇਦਾਰ ਗੁਰਚਰਨ ਸਿੰਘ ਟੌਹੜਾ ਸ਼੍ਰੋਮਣੀ ਕਮੇਟੀ ਦੇ ਸਭ ਤੋਂ ਲੰਬਾ ਸਮਾਂ ਪ੍ਰਧਾਨ ਰਹੇ, ਸਭ ਤੋਂ ਜਿਆਦਾ ਲੰਬੀ ਸੀਨੀਅਰ ਮੀਤ ਪ੍ਰਧਾਨਗੀ ਦਾ ਤਾਜ ਰਘੂਜੀਤ ਸਿੰਘ ਵਿਰਕ ਦੇ ਸਿਰ ‘ਤੇ ਹੈ। ਹਾਲਾਂਕਿ ਇੰਨੇ ਸਾਲਾਂ ਵਿੱਚ ਲੋਕਾਂ ਨੂੰ ਇਹ ਨਹੀਂ ਪਤਾ ਕਿ ਉਨ੍ਹਾਂ ਦਾ ਧਰਮ ਪ੍ਰਚਾਰ ਜਾਂ ਸਿੱਖ ਸੰਸਥਾਵਾਂ ਨੂੰ ਖੜੀਆਂ ਕਰਨ ਵਿੱਚ ਕੀ ਯੋਗਦਾਨ ਹੈ।
ਵਿਰਕ ਸਾਹਿਬ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖਰੀ ਬਣਨ ਦੇ ਕਾਰਨਾਂ ਦੇ ਕੇਂਦਰ ਵਿੱਚ ਸਨ। ਉਨ੍ਹਾਂ ਦੀ ਸਭ ਤੋਂ ਵੱਡੀ ਯੋਗਤਾ ਬਾਦਲ ਪਰਿਵਾਰ ਦਾ ਖਾਸਮ ਖਾਸ ਹੋਣਾ ਹੈ। ਕੋਈ ਰਿਸ਼ਤੇਦਾਰੀ ਹੈ ਜਾਂ ਕਾਰੋਬਾਰੀ ਸਾਂਝ? ਕਿਸੇ ਸਿਆਸੀ ਜਾਂ ਧਾਰਮਿਕ ਯੋਗਦਾਨ ਬਾਰੇ ਤਾਂ ਪਤਾ ਨਹੀਂ।
ਲੋਕਾਂ ਨੂੰ ਲੱਗਦਾ ਹੋਵੇਗਾ ਕਿ ਸ੍ਰ ਹਰਜਿੰਦਰ ਸਿੰਘ ਧਾਮੀ ਸੁਖਬੀਰ ਸਿੰਘ ਬਾਦਲ ਦੇ ਸਭ ਤੋਂ ਵੱਡੇ ਵਿਸ਼ਵਾਸ਼ ਪਾਤਰ ਹੋਣਗੇ। ਅਸਲੀਅਤ ਵਿੱਚ ਸਭ ਤੋਂ ਵੱਡਾ ਵਿਸ਼ਵਾਸ ਪਾਤਰ ਰਘੂਜੀਤ ਸਿੰਘ ਵਿਰਕ ਹੈ।
ਜੇ ਵਿਰਕ ਸਾਹਿਬ ਇੰਨੇ ਹੀ ਗੁਣੀ ਗਿਆਨੀ ਨੇ ਕਿ ਕਿ ਹੁਣ ਤੱਕ ਸਭ ਤੋਂ ਜ਼ਿਆਦਾ ਵਕਤ ਉਹ ਸੀਨੀਅਰ ਮੀਤ ਪ੍ਰਧਾਨ ਰਹੇ ਨੇ ਤਾਂ ਉਨ੍ਹਾਂ ਨੂੰ ਪ੍ਰਧਾਨ ਹੀ ਕਿਉਂ ਨਾ ਬਣਾ ਦਿੱਤਾ ਜਾਵੇ?
ਜਦੋਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ‘ਤੇ ਪ੍ਰਕਾਸ਼ ਸਿੰਘ ਬਾਦਲ ਨੇ ਮੁਕੰਮਲ ਕਬਜ਼ਾ ਕਰ ਲਿਆ ਤਾਂ ਹਰਿਆਣੇ ਨਾਲ ਸੰਬੰਧਿਤ ਗੁਰੂ ਘਰਾਂ ਨਾਲ ਸੰਬੰਧਿਤ ਸੰਸਥਾਵਾਂ ਬਾਰੇ ਵੀ ਉਨ੍ਹਾਂ ਨੇ ਕਬਜ਼ੇ ਵਾਲੀ ਨੀਤੀ ਰੱਖੀ। ਵਿਰਕ ਤੋਂ ਇਲਾਵਾ ਉੱਥੋਂ ਦੇ ਬਾਕੀ ਆਗੂਆਂ ਦੀ ਕੋਈ ਵੁੱਕਤ ਨਹੀਂ ਸੀ। ਇਨ੍ਹਾਂ ਹਾਲਾਤ ਵਿੱਚੋਂ ਹੀ ਉੱਥੇ ਵੱਖਰੀ ਕਮੇਟੀ ਦੀ ਆਵਾਜ਼ ਨੇ ਜ਼ੋਰ ਫੜਿਆ।
ਫਿਰ ਵੀ ਹਰਿਆਣੇ ਦੇ ਉਨ੍ਹਾਂ ਸਿੱਖ ਆਗੂਆਂ ਨਾਲ ਸੁਲ੍ਹਾ ਸਫਾਈ ਹੋ ਸਕਦੀ ਸੀ ਪਰ ਬਾਦਲ ਪਰਿਵਾਰ ਹਰਿਆਣੇ ਵਿਚ ਵਿਰਕ ਤੋਂ ਸਿਵਾਏ ਕਿਸੇ ਹੋਰ ਆਗੂ ਨੂੰ ਥੋੜੀ ਜਿਹੀ ਵੀ ਜਗ੍ਹਾ ਦੇਣ ਨੂੰ ਤਿਆਰ ਨਹੀਂ ਸੀ।
ਹਰਿਆਣਾ ਕਮੇਟੀ ਵੱਖਰੀ ਕਰਨ ਦੀ ਮੰਗ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਕਹਿ ਕੇ ਤਕਰੀਬਨ ਇਕ ਦਹਾਕਾ ਲਟਕਾਈ ਰੱਖਿਆ ਜਦ ਕਿ ਬਾਦਲ ਨੇ ਪੰਜਾਬ ਅਤੇ ਸਿੱਖਾਂ ਵਿੱਚ ਭਰਮ ਬਣਾਈ ਰੱਖਿਆ ਕਿ ਕਾਂਗਰਸ ਉਨ੍ਹਾਂ ਦੀ ਦੁਸ਼ਮਣ ਹੈ।
ਸ਼੍ਰੋਮਣੀ ਕਮੇਟੀ ਦੀਆਂ ਪਿਛਲੀਆਂ ਚੋਣਾਂ ਵਿੱਚ ਵਿਰਕ ਹਰਿਆਣੇ ਵਿੱਚੋਂ ਚੁਣੇ ਨਾ ਜਾ ਸਕੇ ਤਾਂ ਸੁਖਬੀਰ ਨੇ ਉਨ੍ਹਾਂ ਨੂੰ ਨਾਮਜ਼ਦ ਮੈਂਬਰ ਬਣਾ ਦਿੱਤਾ।
ਸ਼੍ਰੋਮਣੀ ਕਮੇਟੀ ਵਿੱਚ ਨਾਮਜ਼ਦਗੀ ਵਾਲਾ ਰਸਤਾ ਵੱਡੇ ਯੋਗਦਾਨ ਵਾਲੀਆਂ ਸ਼ਖਸ਼ੀਅਤਾਂ ਜਾਂ ਵਿਦਵਾਨਾਂ ਲਈ ਰੱਖਿਆ ਗਿਆ ਸੀ।
ਜਦੋਂ ਸੁਪਰੀਮ ਕੋਰਟ ਵਿੱਚੋਂ ਹਰਿਆਣੇ ਦੀ ਕਮੇਟੀ ਵੱਖਰੇ ਬਣਨ ਦਾ ਰਾਹ ਸਾਫ ਹੋ ਗਿਆ ਤਾਂ ਭਾਜਪਾ ਨੇ ਮੌਕੇ ਦਾ ਫਾਇਦਾ ਉਠਾਉਂਦਿਆਂ ਬਹੁਗਿਣਤੀ ਆਪਣੇ ਬੰਦਿਆਂ ਨੂੰ ਨਾਮਜ਼ਦ ਕਰ ਦਿੱਤਾ।
ਹਰਿਆਣੇ ਦੀ ਕਮੇਟੀ ਵੱਖਰੀ ਹੋਣ ਦਾ ਅਸਲ ਕਾਰਨ ਇਸ ਪਰਿਵਾਰ ਦੀ ਕਬਜ਼ੇ ਵਾਲੀ ਨੀਤੀ ਅਤੇ ਨੀਅਤ ਹੈ।
#Unpopular_Opinions
#Unpopular_Ideas
#Unpopular_Facts