USA -ਗੋਲੀਆਂ ਦਾ ਸਫਰ: ਕਪਿਲ ਦੇ ਸਰੀ ਕੈਫੇ ਤੋਂ ਫਰਿਜ਼ਨੋ ਤੱਕ
ਕੈਲੇਫੋਰਨੀਆ ਦੇ ਸ਼ਹਿਰ ਫਰਿਜ਼ਨੋ ਦੇ ਪੁਲਿਸ ਮਹਿਕਮੇ ਦਾ ਕਹਿਣਾ ਹੈ ਕਿ ਲੰਘੇ ਸ਼ਨੀਵਾਰ ਦੀ ਸ਼ਾਮ ਕਰੀਬ 8 ਵਜੇ ਉਹ ਸ਼ਾਅ ਐਵਨਿਊ ਉੱਤੇ ਬ੍ਰਾਊਲੀ ਅਤੇ ਮਾਰਟੀ ਐਵੇਨਿਊਜ਼ ਦੇ ਵਿਚਕਾਰ ਇਕ ਸ਼ਾਪਿੰਗ ਸੈਂਟਰ ‘ਚ ਪਹੁੰਚੇ, ਜਿੱਥੇ ਅਧਿਕਾਰੀਆਂ ਨੂੰ ਅਰਜੰਟ ਕੇਅਰ (ਸਿਹਤ ਕੇਂਦਰ) ਦੇ ਨੇੜੇ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਦੋ ਆਦਮੀ ਮਿਲੇ।
ਦੋਵੇਂ ਨੂੰ ਕਮਿਊਨਿਟੀ ਰੀਜਨਲ ਮੈਡੀਕਲ ਸੈਂਟਰ ਲਿਜਾਇਆ ਗਿਆ, ਜਿੱਥੇ ਇੱਕ ਵਿਅਕਤੀ ਦੀ ਬਾਅਦ ਵਿੱਚ ਮੌਤ ਹੋ ਗਈ। ਦੂਜੇ ਵਿਅਕਤੀ ਦੇ ਬਚਣ ਦੀ ਉਮੀਦ ਹੈ।
ਬਾਅਦ ਵਿੱਚ ਅਧਿਕਾਰੀਆਂ ਨੂੰ ਪਤਾ ਲੱਗਾ ਕਿ ਦੋਵੇਂ ਆਦਮੀਆਂ ਦੇ ਕਾਊਂਟੀ ਇਲਾਕੇ ਵਿੱਚ ਜੈਫਰਸਨ ਐਵਨਿਊ ਦੇ ਨੇੜੇ ਸਾਊਥ ਸੀਡਰ ਐਵਨਿਊ ‘ਤੇ ਇੱਕ ਟਰੱਕ ਰਿਪੇਅਰ ਯਾਰਡ ਵਿੱਚ ਗੋਲੀਆਂ ਮਾਰੀਆਂ ਗਈਆਂ ਸਨ।
ਸੋਸ਼ਲ ਮੀਡੀਆ ‘ਤੇ ਘੁੰਮ ਰਹੀ ਇੱਕ ਜ਼ਿੰਮੇਵਾਰੀ ਮੁਤਾਬਕ ਇਹ ਹਮਲਾ ਲਾਰੈਂਸ ਬਿਸ਼ਨੋਈ ਦੇ ਸਹਿਯੋਗੀ ਹੈਰੀ ਬਾਕਸਰ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ, ਜਿਸ ਵਿੱਚ ਉਹ ਬਚਣ ਵਿੱਚ ਕਾਮਯਾਬ ਰਿਹਾ ਪਰ ਉਸਦਾ ਇੱਕ ਸਾਥੀ ਦਮ ਤੋੜ ਗਿਆ ਤੇ ਦੂਜਾ ਸਖਤ ਜ਼ਖਮੀ ਹੈ।
ਇਸਤੋਂ ਅੱਗੇ…….
ਇਹ ਗੋਲੀਬਾਰੀ ਅਤੇ ਕੈਨੇਡਾ ‘ਚ ਹੋਈਆਂ ਕੁਝ ਗੋਲੀਬਾਰੀਆਂ ਨੂੰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਵਿਚਾਲੇ ਦਰਾੜ ਪੈ ਜਾਣ ਦੇ ਸਿੱਟੇ ਵਜੋਂ ਦੇਖਿਆ ਜਾ ਰਿਹਾ ਹੈ, ਜੋ ਲਾਰੈਂਸ ਦੇ ਭਰਾ ਅਨਮੋਲ ਬਿਸ਼ਨੋਈ ਦੀ ਅਮਰੀਕਾ ‘ਚ ਗ੍ਰਿਫਤਾਰੀ ਤੋਂ ਬਾਅਦ ਵਧਦੀ ਚਲੀ ਜਾ ਰਹੀ ਹੈ।
ਫਰਿਜ਼ਨੋ ਦੇ ਜਾਨਲੇਵਾ ਗੋਲੀਕਾਂਡ ਬਾਰੇ ਗੈਂਗਸਟਰ ਗੋਲਡੀ ਬਰਾੜ ਦੇ ਸਾਥੀ ਰੋਹਿਤ ਗੋਦਾਰਾ ਵੱਲੋਂ ਪਾਈ ਗਈ ਇੱਕ ਕਥਿਤ ਸੋਸ਼ਲ ਮੀਡੀਆ ਪੋਸਟ ਭਾਰਤੀ ਮੀਡੀਏ ਵਿੱਚ ਅੱਜ ਘੁੰਮ ਰਹੀ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਕੈਲੀਫ਼ੋਰਨੀਆ ਵਿੱਚ ਉਨ੍ਹਾਂ ਨੇ ਹਰੀ ਬਾਕਸਰ ਉਰਫ਼ ਹੈਰੀ ਬਾਕਸਰ ਨੂੰ ਨਿਸ਼ਾਨਾ ਬਣਾਇਆ ਹੈ।
ਭਾਰਤੀ ਮੀਡੀਆ ਦੱਸ ਰਿਹਾ ਹੈ ਕਿ ਉਨ੍ਹਾਂ ਨੂੰ ਮਈ ਵਿੱਚ ਰਿਪੋਰਟਾਂ ਮਿਲੀਆਂ ਸਨ ਕਿ ਲਾਰੈਂਸ ਬਿਸ਼ਨੋਈ ਗੈਂਗ ਦਾ ਗੋਲਡੀ ਬਰਾੜ ਨਾਲੋਂ ਤੋੜ-ਵਿਛੋੜਾ ਹੋ ਗਿਆ ਹੈ ਅਤੇ ਉਨ੍ਹਾਂ ਨੇ ਰੋਹਿਤ ਗੋਦਾਰਾ ਨਾਲ ਮਿਲ ਕੇ ਵਿਦੇਸ਼ਾਂ ਵਿੱਚ ਨਵੀਂ ਗੈਂਗ ਬਣਾਈ ਹੈ।
ਜਦਕਿ ਦੂਜੇ ਪਾਸੇ ਅਰਜ਼ੂ ਬਿਸ਼ਨੋਈ, ਅਨਮੋਲ ਬਿਸ਼ਨੋਈ ਅਤੇ ਹਰੀ ਬਾਕਸਰ, ਜੋ ਵਿਦੇਸ਼ ਵਿੱਚ ਰਹਿੰਦੇ ਹਨ, ਅਜੇ ਵੀ ਲਾਰੈਂਸ ਬਿਸ਼ਨੋਈ ਨਾਲ ਆਪਣੀ ਵਫ਼ਾਦਾਰੀ ਨਿਭਾ ਰਹੇ ਹਨ।
ਭਾਰਤੀ ਮੀਡੀਆ ਇਹ ਖੁਲਾਸਾ ਵੀ ਕਰ ਰਿਹਾ ਹੈ ਕਿ ਸਰੀ ਵਿੱਚ ਕਪਿਲ ਸ਼ਰਮਾ ਦੇ ਕੈਪਸ ਕੈਫੇ ਦੇ ਬਾਹਰ ਦੂਜੀ ਵਾਰ ਗੋਲੀਬਾਰੀ (ਹੁਣ ਤੀਜੀ ਵੀ ਹੋ ਚੁੱਕੀ ਹੈ) ਤੋਂ ਬਾਅਦ, ਹੈਰੀ ਬਾਕਸਰ ਨੇ ਬਾਲੀਵੁੱਡ ਦੀਆਂ ਕੁਝ ਹਸਤੀਆਂ ਨੂੰ ਵੀ ਧਮਕੀਆਂ ਦਿੱਤੀਆਂ ਸਨ।
ਚੇਤੇ ਰੱਖਣ ਵਾਲੀ ਗੱਲ ਇਹ ਵੀ ਹੈ ਕਿ ਕਪਿਲ ਦੇ ਸਰੀ ਕੈਫੇ ‘ਤੇ ਤਿੰਨ ਵਾਰ ਗੋਲੀਆਂ ਚੱਲੀਆਂ ਤੇ ਤਿੰਨੋਂ ਵਾਰ ਜ਼ਿੰਮੇਵਾਰੀ ਲੈਣ ਵਾਲੇ ਅੱਡ-ਅੱਡ ਸਨ।
ਹੁਣ ਹੈਰਾਨ ਨਾ ਹੋਇਓ, ਜੇਕਰ ਉਨ੍ਹਾਂ ਲੋਕਾਂ ਨੂੰ ਦੁਬਾਰਾ ਫਿਰੌਤੀ ਲਈ ਫੋਨ ਆ ਜਾਵੇ, ਜੋ ਪਹਿਲਾਂ ਹੀ ਚੁੱਪ-ਚਪੀਤੇ ਪੈਸੇ ਦੇ ਚੁੱਕੇ ਹਨ।
ਮੈਂ ਪਹਿਲਾਂ ਵੀ ਕਿਹਾ ਤੇ ਫਿਰ ਕਹਿਨਾਂ ਕਿ ਇਹ ਮਸਲਾ ਕਿਸੇ ਇੱਕ ਸ਼ਹਿਰ ਦਾ ਨਹੀਂ, ਸਾਰੇ ਕੈਨੇਡਾ-ਅਮਰੀਕਾ ਦਾ ਹੈ। ਫਰਕ ਸਿਰਫ ਏਨਾ ਹੈ ਕਿ ਕੈਨੇਡਾ ਦੇ ਅੱਡ-ਅੱਡ ਸ਼ਹਿਰਾਂ ‘ਚ ਫਿਰੌਤੀ ਮੰਗੇ ਜਾਣ ਦੀਆਂ ਖਬਰਾਂ ਅਸੀਂ ਬਾਹਰ ਕੱਢ ਦਿੰਦੇ ਹਾਂ ਤੇ ਅਮਰੀਕਾ ਵਾਲੇ ਲੋਕ ਹਾਲੇ ਚੁੱਪ-ਚਪੀਤੇ ਪੈਸੇ ਦੇ ਰਹੇ ਹਨ, ਪਰ ਆਮ ਗੱਲਬਾਤ ‘ਚ ਸਾਨੂੰ ਸਭ ਕੁਝ ਦੱਸ ਵੀ ਦਿੰਦੇ ਹਨ ਕਿ ਛਾਪਿਓ ਨਾ।
ਸਰੀ-ਬਰੈਂਪਟਨ ਵਿੱਚ ਵਾਪਰੀ ਛੋਟੀ ਤੋਂ ਛੋਟੀ ਘਟਨਾ ਵੀ ਪੰਜਾਬੀ ਪੱਤਰਕਾਰ ਰਿਪੋਰਟ ਕਰਦੇ ਹਨ ਜਦਕਿ ਅਮਰੀਕਾ ‘ਚ ਅਜਿਹਾ ਨਹੀਂ ਹੁੰਦਾ। ਇਸਦਾ ਮਤਲਬ ਇਹ ਨੀ ਕਿ ਉੱਥੇ ਕੁਝ ਹੋ ਨਹੀਂ ਰਿਹਾ।
ਖੈਰ! ਇਹ ਮਸਲਾ ਟਰਾਂਸਨੈਸ਼ਨਲ ਰਿਪਰੈਸ਼ਨ ਅਤੇ ਵਿਦੇਸ਼ੀ ਦਖਲਅੰਦਾਜ਼ੀ ਨਾਲ ਜੁੜਿਆ ਹੋਇਆ ਹੈ। ਜਿੰਨੀ ਜਲਦੀ ਬਿਮਾਰੀ ਸਮਝ ਲਓਂਗੇ, ਇਲਾਜ ਵੀ ਓਨੀ ਜਲਦੀ ਹੋ ਸਕੇਗਾ।
ਬਿਸ਼ਨੋਈ ਗੈਂਗ ਦਾ ਦੋਫਾੜ ਹੋ ਜਾਣਾ, ਲਾਰੈਂਸ ਬਿਸ਼ਨੋਈ ਗੈਂਗ ਤੇ ਗੋਲਡੀ ਬਰਾੜ ਗੈਂਗ ਵਿਚਾਲੇ ਖੂਨੀ ਟਕਰਾਅ ਸ਼ੁਰੂ ਹੋ ਜਾਣਾ, ਉਹ ਵੀ ਉਦੋਂ ਜਦੋਂ ਕੈਨੇਡਾ ਨੇ ਲਾਰੈਂਸ ਬਿਸ਼ਨੋਈ ਗੈਂਗ ਨੂੰ “ਅੱਤਵਾਦੀ ਜਥੇਬੰਦੀ” ਐਲਾਨਿਆ ਹੈ, ਬਹੁਤ ਕੁਝ ਸੋਚਣ ਲਈ ਮਜਬੂਰ ਕਰਦਾ ਹੈ, ਕਿਉਂਕਿ ਬੀਤਿਆ ਇਤਿਹਾਸ ਦੱਸਦਾ ਹੈ ਕਿ ਕਈ ਵਾਰ ਜੋ ਸਾਨੂੰ ਦਿਖਾਇਆ ਜਾ ਰਿਹਾ ਹੁੰਦਾ, ਅਸਲੀਅਤ ਉਸ ਨਾਲੋਂ ਵੱਖਰੀ ਹੁੰਦੀ ਹੈ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ
ਤਸਵੀਰਾਂ: (ਖੱਬਿਓਂ-ਸੱਜੇ) ਹੈਰੀ ਬਾਕਸਰ, ਗੋਲਡੀ ਬਰਾੜ ਤੇ ਰਹਿਤ ਗੋਦਾਰਾ