Breaking News

ਡੱਲੇਵਾਲ ਸਾਬ੍ਹ ਤੁਹਾਡੀ ਜਾਨ ਦੀ ਭੋਰਾ ਪਰਵਾਹ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਨਹੀਂ ਹੈ

ਸ੍ਰ ਜਗਜੀਤ ਸਿੰਘ ਡੱਲੇਵਾਲ ਨੂੰ ਜਾਨ ਦੇਣ ਦੀ ਨਹੀਂ, ਕਿਸਾਨਾਂ ਦੇ ਹਿੱਤ ਲਈ ਜਿਉਣ ਦੀ ਲੋੜ ਹੈ।

ਸ਼ੰਭੂ ‘ਤੇ ਚੱਲ ਰਹੇ ਕਿਸਾਨ ਮੋਰਚੇ ਦੇ ਆਗੂਆਂ ਦੀ ਰਣਨੀਤੀ ਦੀ ਅਸੀਂ ਪਹਿਲਾਂ ਵੀ ਆਲੋਚਨਾ ਕੀਤੀ ਹੈ ਤੇ ਅਸੀਂ ਹਾਲੇ ਵੀ ਇਨ੍ਹਾਂ ਦੀ ਨੀਤੀ ਨਾਲ ਸਹਿਮਤ ਨਹੀਂ।

ਆਗੂਆਂ ਕੋਲੋਂ ਰਣਨੀਤਕ ਗਲਤੀਆਂ ਹੋਣੀਆਂ ਕੋਈ ਨਵੀਂ ਗੱਲ ਨਹੀਂ। ਜਿਹੜਾ ਮੈਦਾਨ ਵਿੱਚ ਹੈ, ਉਸ ਕੋਲੋਂ ਗਲਤੀਆਂ ਵੀ ਹੋਣਗੀਆਂ ਪਰ ਗਲਤੀਆਂ ਨੂੰ ਦੁਹਰਾਉਣਾ ਵੱਡੀ ਸਮੱਸਿਆ ਹੈ।

ਸ੍ਰ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ, ਇਨ੍ਹਾਂ ਗਲਤੀਆਂ ਦਾ ਸਿਖਰ ਹੈ।

ਉਨ੍ਹਾਂ ਦਾ ਆਪਣਾ ਜਾਂ ਮਰਨ ਵਰਤ ਤੋਂ ਪਹਿਲਾਂ ਉਨ੍ਹਾਂ ਦੇ ਫੈਸਲੇ ਦੀ ਹਮਾਇਤ ਕਰਨ ਵਾਲਿਆਂ ਦਾ ਇੱਕ ਵੱਡਾ ਵਹਿਮ ਹੈ ਕਿ ਸਰਕਾਰ ਨੂੰ ਉਨ੍ਹਾਂ ਦੇ ਜਾਨੀ ਨੁਕਸਾਨ ਨਾਲ ਕੋਈ ਫਰਕ ਪੈਂਦਾ ਹੈ।
ਡੱਲੇਵਾਲ ਸਾਹਿਬ, ਤੁਹਾਡੀ ਜਾਨ ਦੀ ਫਿਕਰ ਸਾਡੇ ਵਰਗੇ ਲੱਖਾਂ ਨੂੰ ਹੈ। ਇਸੇ ਫਿਕਰ ਵਿੱਚੋਂ ਤੁਹਾਡੇ ਪੈਂਤੜੇ ਦੀ ਆਲੋਚਨਾ ਵੀ ਕਰ ਰਹੇ ਹਾਂ।

ਕੇਂਦਰ ਸਰਕਾਰ ਦੀ ਗੱਲ ਛੱਡੋ, ਤੁਹਾਡੀ ਜਾਨ ਦੀ ਭੋਰਾ ਪਰਵਾਹ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਨਹੀਂ ਹੈ। ਇੰਨਾ ਵੱਡਾ ਕਿਸਾਨ ਆਗੂ ਮਰਨ ਕੰਢੇ ਪਿਆ ਹੋਵੇ ਤੇ ਇਸ ਦਾ ਹਾਲੇ ਤੱਕ ਮੂੰਹ ਨਹੀਂ ਖੁੱਲ੍ਹਿਆ।
ਜੇ ਪੰਜਾਬ ਦੇ ਮੁੱਖ ਮੰਤਰੀ ਨੂੰ ਮਾੜਾ ਮੋਟਾ ਵੀ ਫਿਕਰ ਹੁੰਦਾ ਤਾਂ ਹੁਣ ਤੱਕ ਜਮੀਨ ਅਸਮਾਨ ਇਕ ਕੀਤਾ ਹੁੰਦਾ।

ਡੱਲੇਵਾਲ ਸਾਹਿਬ ਦੀ ਧਿਰ ਦੇ ਕਿਸਾਨ ਆਗੂਆਂ ਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਇਹ ਵੇਲਾ ਕਿਸੇ ਵੀ ਕਿਸਾਨ ਧਿਰ ਨੂੰ ਤਾਹਨੇ ਮਿਹਣੇ ਮਾਰਨ ਦਾ ਨਹੀਂ। ਉਨ੍ਹਾਂ ਦੀ ਜਾਨ ਬਚਾਉਣ ਲਈ ਤੁਰੰਤ ਵੱਡਾ ਹੰਭਲਾ ਮਾਰਨ ਦੀ ਲੋੜ ਹੈ।

ਸਾਡੇ ਸੁਝਾਅ ਦੀ ਆਲੋਚਨਾ ਵੀ ਹੋ ਸਕਦੀ ਹੈ ਪਰ ਅਸੀਂ ਇਸ ਗੱਲ ਦੇ ਵੀ ਹਾਮੀ ਹਾਂ ਕਿ ਜੇ ਲੋੜ ਪਵੇ ਤਾਂ ਅਕਾਲ ਤਖਤ ਜਾਂ ਦਮਦਮਾ ਸਾਹਿਬ ਦੇ ਜਥੇਦਾਰ ਸਾਹਿਬਾਨ ਦੀ ਦਖਲਅੰਦਾਜ਼ੀ ਦਾ ਰਸਤਾ ਵੀ ਖੋਲਣ ਬਾਰੇ ਵੀ ਬਿਨਾਂ ਦੇਰ ਕੀਤਿਆਂ ਵਿਚਾਰ ਹੋਣਾ ਚਾਹੀਦਾ ਹੈ।

ਸਰਵਣ ਸਿੰਘ ਪੰਧੇਰ ਦੀ ਜਥੇ ਭੇਜ ਕੇ ਜ਼ਖਮੀ ਕਰਾਉਣ ਵਾਲੇ ਰਣਨੀਤੀ ਵੀ ਫੇਲ੍ਹ ਤੇ ਸਿਰਫ ਆਪਣਾ ਨੁਕਸਾਨ ਕਰਾਉਣ ਵਾਲੀ ਹੀ ਸਾਬਤ ਹੋ ਰਹੀ ਹੈ। ਤੁਹਾਡੀ ਜਾਨ ਜਾਂ ਅੰਗਾਂ ਦੀ, ਲਾਸ਼ਾਂ ਤੋਂ ਲੰਘ ਕੇ ਰਾਜਨੀਤੀ ਕਰਨ ਵਾਲਿਆਂ ਨੂੰ ਕੋਈ ਪਰਵਾਹ ਨਹੀਂ।
#Unpopular_Opinions
#Unpopular_Ideas
#Unpopular_Facts

ਪੂਨਾ ਪੈਕਟ ਤੋਂ ਡੱਲੇਵਾਲ ਦੇ ਮਰਨ ਵਰਤ ਤੱਕ

92 ਸਾਲ ਪਹਿਲਾਂ 1932 ਵਿੱਚ ਦਲਿਤਾਂ ਨੂੰ ਮਿਲੇ ਵੱਖਰੇ ਇਲੈਕਟੋਰੇਟ ਦੇ ਖਿਲਾਫ ਮਹਾਤਮਾ ਗਾਂਧੀ ਨੇ ਪੂਨੇ ਦੀ ਯੇਰਵਾੜਾ ਜੇਲ੍ਹ ਵਿੱਚ ਮਰਨ ਵਰਤ ਰੱਖ ਕੇ ਡਾਕਟਰ ਅੰਬੇਦਕਰ ਨੂੰ ਪੂਨਾ ਪੈਕਟ ‘ਤੇ ਦਸਤਖਤ ਕਰਨ ਲਈ ਮਜਬੂਰ ਕੀਤਾ। ਇਸ ਵਰਤ ਦੌਰਾਨ ਉੱਚ ਜਾਤੀਆਂ ਨੇ ਡਾਕਟਰ ਅੰਬੇਦਕਰ ਖਿਲਾਫ ਤਿੱਖਾ ਮਾਹੌਲ ਵੀ ਸਿਰਜਿਆ।

ਗੱਲਬਾਤ ਦੇ ਕਈ ਗੇੜਾਂ ਤੋਂ ਬਾਅਦ ਡਾਕਟਰ ਅੰਬੇਦਕਰ ਵੱਖਰਾ ਇਲੈਕਟੋਰੇਟ ਛੱਡ ਕੇ ਹਲਕਿਆਂ ਦੇ ਰਾਖਵੇਂਕਰਨ ਲਈ ਰਾਜ਼ੀ ਹੋ ਗਏ।

ਉਸ ਤੋਂ ਬਾਅਦ ਸੰਵਿਧਾਨ ਘੜਨੀ ਸਭਾ ਦੀ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਹੋਣ ਦੇ ਬਾਵਜੂਦ ਵੀ ਡਾਕਟਰ ਅੰਬੇਦਕਰ ਦਲਿਤਾਂ ਲਈ ਵੱਖਰਾ ਇਲੈਕਟੋਰੇਟ ਨਹੀਂ ਲੈ ਸਕੇ। ਇਸ ਦੇ ਬਾਵਜੂਦ ਆਪਣੇ ਆਪ ਨੂੰ ਅੰਬੇਦਕਰੀ ਕਹਾਉਣ ਵਾਲੇ ਇਸ ਝੂਠ ਨੂੰ ਪ੍ਰਚਾਰਨ ਵਿੱਚ ਹਿੱਸੇਦਾਰ ਬਣੇ ਕਿ ਉਹ ਸੰਵਿਧਾਨ ਦੇ ਨਿਰਮਾਤਾ ਸਨ।

ਹੋਰ ਕਈ ਮੌਕਿਆਂ ‘ਤੇ ਵੀ ਮਹਾਤਮਾ ਗਾਂਧੀ ਨੇ ਭੁੱਖ ਹੜਤਾਲ ਨਾਲ ਆਪਣੀਆਂ ਮੰਗਾਂ ਮਨਵਾਈਆਂ।

ਪਿਛਲੇ 77 ਸਾਲ ਦਾ ਇਤਿਹਾਸ ਦੇਖਣ ਤੋਂ ਬਾਅਦ ਜਾਪਦਾ ਹੈ ਕਿ ਭੁੱਖ ਹੜਤਾਲ ਦੇ ਇੱਕ ਰਾਜਨੀਤਿਕ ਹਥਿਆਰ ਵਜੋਂ ਕੰਮ ਕਰਨ ਦਾ ਕ੍ਰੈਡਿਟ ਗਾਂਧੀ ਦੀ ਬਜਾਏ ਅੰਗਰੇਜ਼ਾਂ ਨੂੰ ਦੇਣਾ ਚਾਹੀਦਾ ਹੈ, ਕਿਉਂਕਿ 1947 ਤੋਂ ਬਾਅਦ ਇਹ ਹਥਿਆਰ ਬਹੁਤਾ ਕਾਮਯਾਬ ਨਹੀਂ ਹੋਇਆ।

2011 ਵਿੱਚ ਗੰਗਾ ਵਿੱਚ ਗੈਰ ਕਾਨੂੰਨੀ ਮਾਈਨਿੰਗ ਅਤੇ ਪੱਥਰਾਂ ਦੀ ਤੁੜਾਈ ਦੇ ਖਿਲਾਫ 34 ਸਾਲਾਂ ਦੇ ਸਾਧੂ ਸੁਆਮੀ ਨਿਗਮਾਨੰਦਾ 114 ਦਿਨ ਦੇ ਮਰਨ ਵਰਤ ਤੋਂ ਬਾਅਦ ਚੱਲ ਵਸੇ। ਕਿਸੇ ਸਰਕਾਰ ਜਾਂ ਰਾਜਨੀਤਿਕ ਸੰਗਠਨ ਨੇ ਉਸਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ।

ਇਸ ਨੌਜਵਾਨ ਸਾਧੂ ਦੀ ਮੌਤ ਉਸੇ ਹਸਪਤਾਲ ਅਤੇ ਉਨ੍ਹਾਂ ਦਿਨਾਂ ਵਿੱਚ ਹੀ ਹੋਈ, ਜਿੱਥੇ ਯੋਗੀ ਰਾਮਦੇਵ ਨੂੰ ਉਸਦੇ ਅਖੌਤੀ ਮਰਨ ਵਰਤ ਦੌਰਾਨ ਰੱਖਿਆ ਗਿਆ ਸੀ। ਪਹਿਲਾਂ ਉਸ ਦਾ ਇਲਾਜ ਸ਼ੁਰੂ ਕੀਤਾ ਗਿਆ ਤੇ ਬਾਅਦ ਵਿੱਚ ਆਰਐਸਐਸ, ਭਾਜਪਾ, ਸ਼੍ਰੀ ਸ਼੍ਰੀ ਰਵੀ ਸ਼ੰਕਰ ਅਤੇ ਹਿੰਦੂਤਵੀ ਰਾਜਨੀਤੀ ਲਈ ਕੰਮ ਕਰ ਰਹੀਆਂ ਹੋਰ ਸ਼ਕਤੀਆਂ ਨੇ ਇਕੱਠੇ ਹੋ ਕੇ ਬਚਾ ਲਿਆ ਸੀ।

2011 ਵਿੱਚ ਅੰਨਾ ਹਜ਼ਾਰੇ ਦੇ ਮਰਨ ਵਰਤ ਦੌਰਾਨ ਆਰਐਸਐਸ ਦੀ ਲੁਕਵੀਂ ਹਮਾਇਤ ਅਤੇ ਕਾਰਪੋਰੇਟ ਘਰਾਣਿਆਂ ਦੇ ਚੈਨਲਾਂ ਵੱਲੋਂ ਖੁੱਲਾ ਮਾਹੌਲ ਬਣਾਉਣ ਕਰਕੇ, ਕੇਂਦਰ ਸਰਕਾਰ ਥੋੜੀ ਜਿਹੀ ਝੁਕੀ ਅਤੇ ਉਸਨੂੰ ਬਚਾ ਲਿਆ ਗਿਆ। 2013 ਵਿੱਚ ਕੇਜਰੀਵਾਲ ਨੇ ਵੀ ਭੁੱਖ ਹੜਤਾਲ ਕੀਤੀ ਸੀ, ਮੁੜ ਕੇ ਆਪੇ ਹੀ ਤੋੜ ਦਿੱਤੀ।

ਇਸ ਦੇ ਉਲਟ 2018 ਵਿੱਚ ਗੰਗਾ ਦੀ ਸਫਾਈ ਅਤੇ ਇਸ ਦੇ ਬਿਨਾਂ ਰੁਕਾਵਟ ਵਗਣ ਦੀ ਮੰਗ ਨੂੰ ਲੈ ਕੇ ਮਰਨ ਵਰਤ ‘ਤੇ ਬੈਠੇ ਆਈਆਈਟੀ ਕਾਨਪੁਰ ਦੇ ਸਾਬਕਾ ਪ੍ਰੋਫੈਸਰ 86 ਸਾਲਾ ਜੀਡੀ ਅਗਰਵਾਲ, ਜਿਨ੍ਹਾਂ ਨੇ 2011 ਵਿੱਚ ਸੰਨਿਆਸ ਵੀ ਲਿਆ ਸੀ, 111 ਦਿਨਾਂ ਬਾਅਦ ਰਿਸ਼ੀਕੇਸ਼ ਦੇ ਇੱਕ ਹਸਪਤਾਲ ਵਿੱਚ ਚੱਲ ਵਸੇ। ਉਨਾਂ ਦੇ ਚਲਾਣੇ ਤੋਂ ਬਿਲਕੁਲ ਪਹਿਲਾਂ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ ਸੀ।
ਜਿਸ ਰਾਜਨੀਤਿਕ ਖਾਸੇ ਅਤੇ ਜਮਾਤ ਨੇ ਗੰਗਾ ਲਈ ਮਰਨ ਵਰਤ ‘ਤੇ ਬੈਠੇ ਉੱਚੀ ਸੁੱਚੀ ਸੋਚ ਵਾਲੇ ਦੋ ਹਿੰਦੂ ਸਾਧੂਆਂ ਦੀ ਜਾਨ ਦੀ ਪਰਵਾਹ ਨਹੀਂ ਕੀਤੀ, ਉਨ੍ਹਾਂ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਦੀ ਕੀ ਪਰਵਾਹ ਕਰਨੀ ਹੈ।

ਦਰਸ਼ਨ ਸਿੰਘ ਫੇਰੂਮਾਨ ਨੂੰ ਵੀ ਕਿਸੇ ਨੇ ਨਹੀਂ ਸੀ ਬਚਾਇਆ।

ਇਹ ਖਾਸਾ ਅਤੇ ਜਮਾਤ ਸਿਰਫ ਉਨ੍ਹਾਂ ਨੂੰ ਬਚਾਉਣ ਲਈ ਅੱਗੇ ਆਉਂਦੀ ਹੈ, ਜਿਨ੍ਹਾਂ ਦੇ ਨਾਲ ਇਨ੍ਹਾਂ ਦੇ ਰਾਜਨੀਤਿਕ ਜਾਂ ਹੋਰ ਹਿੱਤ ਜੁੜੇ ਹੋਣ, ਭਾਵੇਂ ਇਹ ਮਹਾਤਮਾ ਗਾਂਧੀ ਹੋਵੇ ਜਾਂ ਫਿਰ ਅੰਨਾ ਹਜ਼ਾਰੇ ਤੇ ਰਾਮਦੇਵ।

ਇਹ ਸੋਚ ਹੀ ਗਲਤ ਹੈ ਕਿ ਭੂਰੀ ਚਮੜੀ ਵਾਲੇ ਹਾਕਮ ਕਿਸੇ ਦੇ ਮਰਨ ਵਰਤ ਤੋਂ ਪਸੀਜ ਜਾਂਦੇ ਨੇ।
#Unpopular_Opinions
#Unpopular_Ideas
#Unpopular_Facts