DIG ਹਰਚਰਨ ਸਿੰਘ ਭੁੱਲਰ ਮਾਮਲੇ ‘ਚ ਵੱਡੇ ਖ਼ੁਲਾਸੇ
DIG ਹਰਚਰਨ ਸਿੰਘ ਭੁੱਲਰ – ਇਹ ਕਦੇ ਹੋ ਸਕਦਾ ਕਿ ਡੀਆਈਜੀ ਪੱਧਰ ਦੇ ਅਧਿਕਾਰੀ ਦਾ ਨੰਗਾ ਚਿੱਟਾ ਭ੍ਰਿਸ਼ਟਾਚਾਰ ਸਰਕਾਰੀ ਜਾਣਕਾਰੀ ਜਾਂ ਮਰਜ਼ੀ ਦੇ ਬਗੈਰ ਹੋਵੇ?
ਚੰਡੀਗੜ੍ਹ: ਪੰਜਾਬ ਪੁਲਸ ਦੇ ਰੋਪੜ ਰੇਂਜ ਦੇ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨੂੰ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਕੇਂਦਰੀ ਜਾਂਚ ਬਿਊਰੋ (CBI) ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਡੀ.ਆਈ.ਜੀ. ਅਤੇ ਉਨ੍ਹਾਂ ਦੇ ਏਜੰਟ ਨੂੰ ਸ਼ੁੱਕਰਵਾਰ ਨੂੰ ਚੰਡੀਗੜ੍ਹ ਦੀ ਸਪੈਸ਼ਲ ਸੀ.ਬੀ.ਆਈ. ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਸੀ.ਬੀ.ਆਈ. ਦੀ ਛਾਪੇਮਾਰੀ ਦੌਰਾਨ ਡੀ.ਆਈ.ਜੀ. ਦੀ ਚੰਡੀਗੜ੍ਹ ਸਥਿਤ ਕੋਠੀ ਅਤੇ ਲੁਧਿਆਣਾ ਦੇ ਸਮਰਾਲਾ ਫਾਰਮ ਹਾਊਸ ਤੋਂ ਵੱਡੀ ਗਿਣਤੀ ਵਿਚ ਕੀਮਤੀ ਸਾਮਾਨ ਬਰਾਮਦ ਕੀਤਾ ਗਿਆ ਹੈ।
ਨਕਦੀ ਲੁਕਾਉਣ ਵਰਤੀਆਂ 5 ਥਾਵਾਂ
ਸੀ.ਬੀ.ਆਈ. ਟੀਮ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨੇ ਚੰਡੀਗੜ੍ਹ ਦੀ ਆਪਣੀ ਕੋਠੀ ਵਿਚ ਕੈਸ਼ ਅਤੇ ਸੋਨਾ 5 ਵੱਖ-ਵੱਖ ਥਾਵਾਂ ‘ਤੇ ਲੁਕੋਇਆ ਹੋਇਆ ਸੀ। ਸੂਤਰਾਂ ਮੁਤਾਬਕ ਡੀ.ਆਈ.ਜੀ. ਨੇ ਕੈਸ਼ ਬੈੱਡ ਦੇ ਅੰਦਰ ਰੱਖਿਆ ਹੋਇਆ ਸੀ, ਕੈਸ਼ ਨਾਲ ਭਰੀ ਇਕ ਥਾਂ ਕਰੌਕਰੀ ਦੀ ਅਲਮਾਰੀ ਦੇ ਹੇਠਲੇ ਹਿੱਸੇ ਵਿਚ ਸੀ, ਜਿਸ ਨੂੰ ਲਾਕ ਕੀਤਾ ਗਿਆ ਸੀ। ਸੋਨਾ 2 ਅਲਮਾਰੀਆਂ ਵਿਚ ਲੁਕੋ ਕੇ ਰੱਖਿਆ ਗਿਆ ਸੀ। ਨਕਦੀ ਅਤੇ ਸੋਨੇ ਨੂੰ ਇਸ ਤਰੀਕੇ ਨਾਲ ਰੱਖਿਆ ਗਿਆ ਸੀ ਕਿ ਬਾਹਰੋਂ ਦੇਖਣ ਵਾਲੇ ਨੂੰ ਕੋਈ ਸ਼ੱਕ ਨਾ ਹੋਵੇ।
DIG ਦੇ ਘਰੋਂ ਕੀ-ਕੀ ਮਿਲਿਆ:
ਚੰਡੀਗੜ੍ਹ ਦੇ ਸੈਕਟਰ-40 ਵਾਲੀ ਕੋਠੀ ਤੋਂ ਸੀ.ਬੀ.ਆਈ. ਨੂੰ ਭਾਰੀ ਮਾਤਰਾ ਵਿਚ ਨਕਦੀ ਅਤੇ ਹੋਰ ਕੀਮਤੀ ਸਮਾਨ ਮਿਲਿਆ। ਇਸ ਵਿਚ 7.5 ਕਰੋੜ ਰੁਪਏ ਦੀ ਨਕਦੀ ਸ਼ਾਮਲ ਹੈ, 500-500 ਰੁਪਏ ਦੇ ਨੋਟਾਂ ਦੀਆਂ ਥੱਦੀਆਂ ਇੰਨੀਆਂ ਜ਼ਿਆਦਾ ਸਨ ਕਿ ਉਨ੍ਹਾਂ ਨੂੰ ਰੱਖਣ ਲਈ ਮੇਜ਼ ਛੋਟੇ ਪੈ ਗਏ। ਇਸ ਤੋਂ ਬਾਅਦ ਜ਼ਮੀਨ ‘ਤੇ ਮੈਟ ਵਿਛਾ ਕੇ ਨੋਟਾਂ ਦੀ ਗਿਣਤੀ ਕੀਤੀ ਗਈ, ਜਿਸ ਲਈ 3 ਮਸ਼ੀਨਾਂ ਮੰਗਵਾਈਆਂ ਗਈਆਂ। ਇਸ ਤੋਂ ਇਲਾਵਾ ਢਾਈ ਕਿੱਲੋ ਦੇ ਕਰੀਬ ਸੋਨਾ, Rolex ਅਤੇ Rado ਸਣੇ ਕਈ ਬੇਸ਼ਕੀਮਤੀ ਘੜੀਆਂ ਮਿਲੀਆਂ, ਜਿਨ੍ਹਾਂ ਵਿਚੋਂ ਇਕ ਘੜੀ ਦੀ ਸ਼ੁਰੂਆਤੀ ਕੀਮਤ ਹੀ 2 ਤੋਂ 5 ਲੱਖ ਰੁਪਏ ਹੈ। ਇਸ ਤੋਂ ਇਲਾਵਾ 50 ਪ੍ਰਾਪਰਟੀਆਂ ਦੇ ਕਾਗਜ਼ਾਤ ਅਤੇ ਬੈਂਕ ਲਾਕਰ ਦੀਆਂ ਚਾਬੀਆਂ ਵੀ ਮਿਲੀਆਂ ਹਨ।
ਗ੍ਰਿਫ਼ਤਾਰ DIG ਹਰਚਰਨ ਸਿੰਘ ਭੁੱਲਰ ਕੋਲੋਂ 7.5 ਕਰੋੜ ਨਕਦੀ, 50 ਜਾਇਦਾਦਾਂ ਦੇ ਕਾਗਜ਼ ਤੇ ਹੋਰ ਕਈ ਕੁਝ ਬਰਾਮਦ ਹੋਣ ਦੇ ਬਾਵਜੂਦ, ਸੀਬੀਆਈ ਵੱਲੋਂ ਉਸਦਾ ਪੁੱਛਗਿੱਛ ਲਈ ਰਿਮਾਂਡ ਨਾ ਲੈਣਾ ਹੈਰਾਨੀਜਨਕ ਹੈ।
ਇਹ ਕਦੇ ਹੋ ਨਹੀਂ ਸਕਦਾ ਕਿ ਡੀਆਈਜੀ ਪੱਧਰ ਦੇ ਅਧਿਕਾਰੀ ਦਾ ਨੰਗਾ ਚਿੱਟਾ ਭ੍ਰਿਸ਼ਟਾਚਾਰ ਸਰਕਾਰੀ ਜਾਣਕਾਰੀ ਜਾਂ ਮਰਜ਼ੀ ਦੇ ਬਗੈਰ ਹੋਵੇ। ਬਣਦਾ ਤਾਂ ਇਹ ਸੀ ਕਿ ਪਤਾ ਕੀਤਾ ਜਾਂਦਾ ਕਿ ਉਸ ਵੱਲੋਂ ਇਕੱਠੇ ਕੀਤੇ ਜਾਂਦੇ ਪੈਸੇ ਵਿਚੋਂ ਹਿੱਸਾ ਪੱਤੀ ਉੱਪਰ ਕਿਸ ਨੂੰ ਜਾਂਦਾ ਸੀ ਪਰ ਸੀਬੀਆਈ ਨੇ ਹਿਰਾਸਤੀ ਪੁੱਛਗਿੱਛ ਲਈ ਰਿਮਾਂਡ ਤੱਕ ਨਹੀਂ ਲਿਆ ਤੇ ਸਿੱਧਾ ਜੁਡੀਸ਼ੀਅਲ ਹਿਰਾਸਤ ਵਿਚ ਭੇਜ ਦਿੱਤਾ।
ਜਦਕਿ ਵਿਰੋਧੀ ਧਿਰਾਂ ਦੇ ਆਗੂਆਂ ਖ਼ਿਲਾਫ਼ ਸੀਬੀਆਈ ਸਮੇਤ ਹੋਰ ਕੇਂਦਰੀ ਏਜੰਸੀਆਂ ਝੂਠੇ ਕੇਸ ਬਣਾਉਣ ਤੱਕ ਜਾਂਦੀਆਂ ਨੇ ਤੇ ਕੇਂਦਰ ਦੇ ਹੱਥ ਵਿਚ ਰਾਜਨੀਤਕ ਮਕਸਦਾਂ ਲਈ ਵੱਡਾ ਹਥਿਆਰ ਨੇ ਪਰ ਇਸ ਮੌਕੇ ਏਡੇ ਪੱਧਰ ਦੇ ਭ੍ਰਿਸ਼ਟਾਚਾਰ ਦੇ ਕੇਸ ਨੂੰ ਅੱਗੇ ਨਾ ਲਿਜਾਣਾ ਵੱਡੇ ਸਵਾਲ ਪੈਦਾ ਕਰਦਾ ਹੈ।
ਆਖਰ ਭ੍ਰਿਸ਼ਟ ਰੈਪੂਟੇਸ਼ਨ ਵਾਲੇ ਭੁੱਲਰ ਨੂੰ ਲਗਾਤਾਰ ਪਬਲਿਕ ਡੀਲਿੰਗ ਵਾਲੀ ਪੋਸਟ ਸਿਆਸੀ ਆਕਾਵਾਂ ਤੇ ਪੁਲਿਸ ਦੇ ਸਿਖਰਲੇ ਅਧਿਕਾਰੀਆਂ ਦੀ ਮਰਜ਼ੀ ਨਾਲ ਹੀ ਦਿੱਤੀ ਗਈ।
ਭੁੱਲਰ ਦੇ ਭ੍ਰਿਸ਼ਟਾਚਾਰ ਅਤੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਪੰਜਾਬ ਦੇ ਰਾਜਪਾਲ ਨੇ ਵੀ ਸਵਾਲ ਚੁੱਕੇ ਨੇ।
ਜੇ ਉਸ ਕੋਲੋਂ ਵਾਕਿਆ ਹੀ ਸਖ਼ਤੀ ਨਾਲ ਪੁੱਛਗਿੱਛ ਹੁੰਦੀ ਤਾਂ ਪੰਜਾਬ ਵਿਚ ਸੱਤਾਧਾਰੀ ਧਿਰ ਅਤੇ ਮੁੱਖ ਮੰਤਰੀ ਲਈ ਬਹੁਤ ਵੱਡਾ ਮਸਲਾ ਖੜ੍ਹਾ ਹੋਣਾ ਸੀ। ਇਸਤੋਂ ਇਲਾਵਾ ਸਿਖਰਲੇ ਪੁਲਿਸ ਅਧਿਕਾਰੀਆਂ ਲਈ ਵੀ ਵੱਡੇ ਸੁਆਲ ਖੜੇ ਹੁੰਦੇ।
ਕੀ ਇਹ ਫਿਲਹਾਲ ਕੰਦਰੀ ਤੰਤਰ ਨੇ ਰੋਕ ਲਿਆ ਹੈ?
ਕੋਈ ਵੱਡਾ ਸਿਆਸੀ ਸੌਦਾ ਵੀ ਹੋਇਆ ਹੋ ਸਕਦਾ ਹੈ?
ਜਾਂ ਕੇਂਦਰ ਨੇ ਤਲਵਾਰ ਲਟਕਦੀ ਰੱਖ ਲਈ ਹੈ?
ਵਿਧਾਨ ਸਭਾ ਚੋਣਾਂ ਦੇ ਲਾਗੇ ਜਾ ਕੇ ਕੁਝ ਹੋਵੇਗਾ?
#Unpopular_Opinions
#Unpopular_Ideas
#Unpopular_Facts