UK -ਇੰਗਲੈਂਡ ’ਚ ਸੜਕ ਹਾਦਸੇ ਦੌਰਾਨ ਬਜ਼ੁਰਗ ਸਿੱਖ ਦੀ ਮੌਤ, ਗੁਰੂ ਘਰ ਦੇ ਬਾਹਰ ਕੌਂਸਲ ਦੀ ਗੱਡੀ ਨੇ ਮਾਰੀ ਟੱਕਰ
ਗੁਰਦੁਆਰਾ ਸਾਹਿਬ ਦੇ ਮੀਤ ਪ੍ਰਧਾਨ ਸਨ ਜੋਗਿੰਦਰ ਸਿੰਘ
England Elderly Sikh dies in road accident: ਇੰਗਲੈਂਡ ਵਿਖੇ ਇਕ ਬਜ਼ੁਰਗ ਬ੍ਰਿਟਿਸ਼ ਸਿੱਖ ਵਿਅਕਤੀ ਦੀ ਭਿਆਨਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਹਾਦਸੇ ਦੌਰਾਨ ਮਾਰੇ ਗਏ ਬਜ਼ੁਰਗ ਸਿੱਖ ਦਾ ਨਾਮ ਜੋਗਿੰਦਰ ਸਿੰਘ ਦੱਸਿਆ ਜਾ ਰਿਹਾ ਹੈ, ਜੋ ਲੈਸਟਰ ਦੇ ਹੋਲੀ ਬੋਨਸ ਖੇਤਰ ਵਿਚ ਸਥਿਤ ਗੁਰੂ ਨਾਨਕ ਗੁਰਦੁਆਰਾ ਸਾਹਿਬ ਦੇ ਬਾਹਰ ਖੜ੍ਹੇ ਸਨ ਕਿ ਇਸੇ ਦੌਰਾਨ ਉਨ੍ਹਾਂ ਨੂੰ ਇਕ ਸੜਕ ਸਾਫ਼ ਕਰਨ ਵਾਲੀ ਗੱਡੀ ਨੇ ਟੱਕਰ ਮਾਰ ਦਿੱਤੀ।
ਹਾਲਾਂਕਿ ਹਾਦਸੇ ਮਗਰੋਂ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਕੁੱਝ ਘੰਟਿਆਂ ਬਾਅਦ ਹੀ ਉਨ੍ਹਾਂ ਨੇ ਦਮ ਤੋੜ ਦਿੱਤਾ। ਜਾਣਕਾਰੀ ਅਨੁਸਾਰ ਜੋਗਿੰਦਰ ਸਿੰਘ ਗੁਰਦੁਆਰਾ ਸਾਹਿਬ ਦੇ ਸੰਸਥਾਪਕਾਂ ਵਿਚੋਂ ਸਨ ਅਤੇ ਗੁਰੂ ਘਰ ਦੀ ਕਮੇਟੀ ਦੇ ਮੀਤ ਪ੍ਰਧਾਨ ਵੀ ਸਨ ਅਤੇ ਰੋਜ਼ਾਨਾ ਹੀ ਗੁਰੂ ਘਰ ਵਿਚ ਜਾਂਦੇ ਸਨ।
ਇਸ ਹਾਦਸੇ ਸਬੰਧੀ ਗੱਲਬਾਤ ਕਰਦਿਆਂ ਲੈਸਟਰ ਪੁਲਿਸ ਦੀ ਡਿਟੈਕਟਿਵ ਸਾਰਜੈਂਟ ਮਾਈਕ ਸਟੀਅਰ ਨੇ ਆਖਿਆ ਕਿ ਇਸ ਮੰਦਭਾਗੀ ਘਟਨਾ ਤੋਂ ਬਾਅਦ ਹਾਦਸੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਐ ਅਤੇ ਇਹ ਪਤਾ ਲਗਾਇਆ ਜਾ ਰਿਹਾ ਏ ਕਿ ਇਹ ਸੜਕ ਹਾਦਸਾ ਕਿਵੇਂ ਵਾਪਰਿਆ? ਉਨ੍ਹਾਂ ਦੱਸਿਆ ਕਿ ਹਾਦਸੇ ਵਿਚ ਸ਼ਾਮਲ ਗੱਡੀ ਲੈਸਟਰ ਸਿਟੀ ਕੌਂਸਲ ਦੀ ਸੀ, ਅਸੀਂ ਕੌਂਸਲ ਦੇ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੇ ਹਾਂ।
ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਵਿਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਵੀ ਕੀਤਾ ਅਤੇ ਪੁੱਛਗਿੱਛ ਕੀਤੀ ਪਰ ਬਾਅਦ ਵਿਚ ਉਸ ਨੂੰ ਜਾਂਚ ਪੂਰੀ ਹੋਣ ਤੱਕ ਰਿਹਾਅ ਕਰ ਦਿੱਤਾ ਗਿਆ। ਇਸ ਦੌਰਾਨ ਮ੍ਰਿਤਕ ਜੋਗਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਅਤੇ ਸਥਾਨਕ ਗੁਰਦੁਆਰਾ ਸਾਹਿਬ ਦੇ ਮੈਂਬਰਾਂ ਵੱਲੋਂ ਇਕ ਬਿਆਨ ਰਾਹੀਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ।
ਉਨ੍ਹਾਂ ਆਖਿਆ ਕਿ ਸਰਦਾਰ ਜੋਗਿੰਦਰ ਸਿੰਘ ਬਹੁਤ ਹੀ ਨਿਮਰ ਅਤੇ ਮਿਠ ਬੋਲੜੇ ਸੁਭਾਅ ਦੇ ਮਾਲਕ ਸਨ, ਜਿਨ੍ਹਾਂ ਨੇ ਲੈਸਟਰ ਦੇ ਸਿੱਖ ਭਾਈਚਾਰੇ ਦੀਆਂ ਸਮੱਸਿਆਵਾਂ ਹੱਲ ਕਰਵਾਉਣ ਵਿਚ ਅਹਿਮ ਯੋਗਦਾਨ ਪਾਇਆ। ਉਨ੍ਹਾਂ ਆਖਿਆ ਕਿ ਉਨ੍ਹਾਂ ਦੀ ਹਾਦਸੇ ਦੌਰਾਨ ਹੋਈ ਮੌਤ ਸਾਰਾ ਸਥਾਨਕ ਸਿੱਖ ਭਾਈਚਾਰਾ ਡੂੰਘੇ ਸਦਮੇ ਵਿਚ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਂਚ ਤੋਂ ਬਾਅਦ ਹੀ ਜੋਗਿੰਦਰ ਸਿੰਘ ਦੀ ਮੌਤ ਦਾ ਅਸਲ ਸੱਚ ਸਾਹਮਣੇ ਆ ਸਕੇਗਾ।