Breaking News

ਵਾਲਮਾਰਟ ਦੇ ਓਵਨ ‘ਚ ਸੜੀ ਪੰਜਾਬਣ ਬਾਰੇ ਪੁਲਿਸ ਨੇ ਦੱਸੀ ਸੱਚਾਈ

ਵਾਲਮਾਰਟ ਦੇ ਓਵਨ ‘ਚ ਸੜੀ ਪੰਜਾਬਣ ਬਾਰੇ ਪੁਲਿਸ ਨੇ ਦੱਸੀ ਸੱਚਾਈ

19 ਸਾਲਾ ਗੁਰਸਿਮਰਨ ਕੌਰ ਦੀ ਕੈਨੇਡਾ ਦੇ ਨੋਵਾ ਸਕੋਸ਼ੀਆ ਸੂਬੇ ਦੀ ਰਾਜਧਾਨੀ ਹੈਲੀਫੈਕਸ ਵਿੱਚ ਸਥਿਤ ਇੱਕ ਵਾਲਮਾਰਟ ਸਟੋਰ ਦੀ ਭੱਠੀ ਵਿੱਚ ਰਹੱਸਮਈ ਹਾਲਾਤ ਵਿੱਚ ਮੌਤ ਹੋਈ ਸੀ।

ਬੀਤੀ 19 ਅਕਤੂਬਰ ਨੂੰ ਗੁਰਸਿਮਰਨ ਕੌਰ ਦੀ ਭੱਠੀ ਵਿੱਚੋਂ ਸੜੀ ਹੋਈ ਲਾਸ਼ ਮਿਲੀ ਸੀ। ਪਹਿਲੀ ਨਜ਼ਰੇ ਇਸ ਨੂੰ ਹਾਦਸਾ ਦੱਸਿਆ ਗਿਆ।

ਪਰ ਸ਼ੋਸ਼ਲ ਮੀਡਿਆ ਉੱਤੇ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਤਾਂ ਕਈ ਸ਼ੰਕੇ ਖੜੇ ਹੋਏ। ਹਾਲਾਂਕਿ ਪਰਿਵਾਰ ਵੱਲੋਂ ਅਜੇ ਤੱਕ ਸਾਰੀ ਘਟਨਾ ਉੱਤੇ ਕੋਈ ਸਵਾਲ ਨਹੀਂ ਖੜ੍ਹਾ ਕੀਤਾ ਗਿਆ।

ਗੁਰਸਿਮਰਤ ਦੇ ਪਰਿਵਾਰ ਦੀ ਮਦਦ ਲਈ ਦੇਸ਼ਾਂ-ਵਿਦੇਸ਼ਾਂ ਵਿੱਚ ਵੱਸਦਾ ਸਿੱਖ ਭਾਈਚਾਰਾ ਅੱਗੇ ਆਇਆ ਹੈ।

ਗੁਰਸਿਮਰਨ ਕੌਰ ਕੌਣ ਸੀ?

ਗੁਰਦੁਆਰਾ ਮੈਰੀਟਾਈਮ ਸਿੱਖ ਸੁਸਾਇਟੀ ਦੇ ਸਕੱਤਰ ਬਲਬੀਰ ਸਿੰਘ ਨੇ ਜਾਣਕਾਰੀ ਦਿੱਤੀ ਕਿ 19 ਸਾਲਾ ਗੁਰਸਿਮਰਨ ਕੌਰ ਦਾ ਪਿਛੋਕੜ ਪੰਜਾਬ ਦੇ ਜਲੰਧਰ ਸ਼ਹਿਰ ਤੋਂ ਸੀ। ਉਸ ਦੇ ਪਰਿਵਾਰ ਵਿੱਚ ਮਾਪੇ ਅਤੇ 12 ਸਾਲ ਦਾ ਭਰਾ ਹੈ।

ਉਹ ਆਪਣੀ ਮਾਂ ਅਤੇ ਭਰਾ ਨਾਲ ਦੋ ਸਾਲ ਪਹਿਲਾਂ ਹੀ ਕੈਨੇਡਾ ਦੇ ਨੋਵਾ ਸ਼ਕੋਸ਼ੀਆ ਸੂਬੇ ਵਿੱਚ ਆਈ ਸੀ। ਇਸ ਤੋਂ ਪਹਿਲਾਂ ਉਹ ਇੱਕ ਸਾਲ ਆਪਣੇ ਮਾਪਿਆਂ ਨਾਲ ਇੰਗਲੈਂਡ ਵਿੱਚ ਰਹੀ ਸੀ। ਜਦਕਿ ਉਸ ਦੇ ਮਾਤਾ-ਪਿਤਾ ਲਗਭਗ 10-12 ਸਾਲਾਂ ਤੋਂ ਇੰਗਲੈਂਡ ਵਿੱਚ ਰਹਿ ਰਹੇ ਸੀ।

ਗੁਰਸਿਮਰਨ ਕੌਰ, ਉਸਦੀ ਮਾਂ ਅਤੇ ਭਰਾ ਪੀਆਰ ਲੈਕੇ ਹੀ ਕੈਨੇਡਾ ਆਏ ਸੀ ਜਦਕਿ ਉਸਦੇ ਪਿਤਾ ਨੂੰ ਪੀਆਰ ਨਹੀਂ ਮਿਲੀ ਸੀ। ਇਸ ਕਰਕੇ ਉਹ ਵਾਪਸ ਪੰਜਾਬ ਪਰਤ ਗਏ ਸਨ।

ਜਦੋਂ ਗੁਰਸਿਮਰਨ ਦੀ ਮੌਤ ਹੋਈ, ਉਸਦਾ ਭਰਾ ਜਲੰਧਰ ਵਿੱਚ ਆਪਣੇ ਪਿਤਾ ਕੋਲ ਰਹਿ ਰਿਹਾ ਸੀ।

ਬਲਬੀਰ ਸਿੰਘ ਦੱਸਦੇ ਹਨ ਕਿ ਗੁਰਸਿਮਰਨ ਦੇ ਭਰਾ ਦਾ ਪੰਜਾਬ ਵਿੱਚ ਇਲਾਜ ਚੱਲਦਾ ਹੋਣ ਕਰਕੇ ਉਹ ਆਪਣੇ ਪਿਤਾ ਕੋਲ ਰਹਿ ਰਿਹਾ ਸੀ।

ਉਨ੍ਹਾਂ ਇਹ ਵੀ ਦੱਸਿਆ ਕਿ ਗੁਰਸਿਮਰਨ ਦੇ ਮਾਤਾ-ਪਿਤਾ ਦੇ ਇੰਗਲੈਂਡ ਵਿੱਚ ਰਹਿਣ ਕਰਕੇ ਗੁਰਸਿਮਰਨ ਅਤੇ ਉਸਦੇ ਭਰਾ ਦਾ ਪਾਲਣ ਪੋਸ਼ਣ ਉਸਦੇ ਤਾਏ ਨੇ ਹੀ ਕੀਤਾ।

ਹੈਲੀਫੈਕਸ ਖੇਤਰੀ ਪੁਲਿਸ ਨੇ ਅਕਤੂਬਰ 22 ਨੂੰ ਆਪਣੇ ਅਧਿਕਾਰਤ ‘ਐਕਸ’ ਹੈਂਡਲ ਉੱਤੇ ਇਸ ਘਟਨਾ ਬਾਰੇ ਲਿਖਿਆ , “19 ਅਕਤੂਬਰ ਨੂੰ 6990 ਮਮਫੋਰਡ ਰੋਡ ‘ਤੇ ਸਥਿਤ ਵਾਲਮਾਰਟ ਵਿਖੇ ਹੋਈ 19 ਸਾਲਾ ਕੁੜੀ ਦੀ ਅਚਾਨਕ ਹੋਈ ਮੌਤ ਦੀ ਜਾਂਚ ਜਾਰੀ ਹੈ।”

“ਮ੍ਰਿਤਕ ਕੁੜੀ ਸਟੋਰ ‘ਚ ਕੰਮ ਕਰਦੀ ਸੀ, ਉਸ ਦੀ ਲਾਸ਼ ਸਟੋਰ ਦੇ ਬੇਕਰੀ ਵਿਭਾਗ ਵਿੱਚ ਇੱਕ ਵੱਡੇ ਵਾਕ-ਇਨ ਓਵਨ ਵਿੱਚੋਂ ਮਿਲੀ ਸੀ। ਪਰ ਜਾਂਚ ਅਜੇ ਤੱਕ ਉਸ ਮੁਕਾਮ ‘ਤੇ ਨਹੀਂ ਪਹੁੰਚੀ ਕਿ ਇਹ ਪੁਸ਼ਟੀ ਕੀਤੀ ਜਾ ਸਕੇ ਕਿ ਮੌਤ ਕਿਵੇਂ ਅਤੇ ਕਿਹੜੇ ਕਾਰਨਾਂ ਕਰਕੇ ਹੋਈ।”

ਪੁਲਿਸ ਨੇ ਦੱਸਿਆ ਕਿ, “ਜਾਂਚ ਬੇਹੱਦ ਗੁੰਝਲਦਾਰ ਹੈ ਅਤੇ ਇਸ ਵਿੱਚ ਕਈ ਭਾਈਵਾਲ ਏਜੰਸੀਆਂ ਵੀ ਸ਼ਾਮਲ ਹਨ। ਇਸ ਕਿਸਮ ਦੀ ਜਾਂਚ ਪੂਰੀ ਹੋਣ ਵਿੱਚ ਸਮਾਂ ਲੱਗ ਸਕਦਾ ਹੈ।”

ਇਸ ਤੋਂ ਪਹਿਲਾਂ ਹੈਲੀਫੈਕਸ ਖੇਤਰੀ ਪੁਲਿਸ ਨੇ ਅਕਤੂਬਰ 22 ਨੂੰ ਆਪਣੇ ਅਧਿਕਾਰਤ ‘ਐਕਸ’ ਹੈਂਡਲ ‘ਤੇ ਮੌਤ ਦੀ ਜਾਂਚ ਸ਼ੁਰੂ ਹੋਣ ਬਾਰੇ ਜਾਣਕਾਰੀ ਦਿੱਤੀ ਸੀ।

ਬਲਬੀਰ ਸਿੰਘ ਦੱਸਦੇ ਹਨ ਕਿ ਘਟਨਾ ਤੋਂ ਅਗਲੇ ਦਿਨ ਉਨ੍ਹਾਂ ਨੂੰ ਪਤਾ ਲੱਗਿਆ ਸੀ ਕਿ ਸਿੱਖ ਭਾਈਚਾਰੇ ਨਾਲ ਸਬੰਧਤ ਨੌਜਵਾਨ ਕੁੜੀ ਦੀ ਹਾਦਸੇ ਵਿੱਚ ਮੌਤ ਹੋ ਗਈ ਹੈ। ਇਸ ਤੋਂ ਤੁਰੰਤ ਬਾਅਦ ਗੁਰਦੁਆਰਾ ਮੈਰੀਟਾਈਮ ਸਿੱਖ ਸੁਸਾਇਟੀ ਨੇ ਕੁੜੀ ਦੀ ਮਾਤਾ ਨਾਲ ਸੰਪਰਕ ਕੀਤਾ ਅਤੇ ਸਾਰੇ ਘਟਨਾਕ੍ਰਮ ਦੀ ਜਾਣਕਾਰੀ ਹਾਸਲ ਕੀਤੀ ਅਤੇ ਪਰਿਵਾਰ ਦੀ ਮਦਦ ਕਰਨ ਦਾ ਫ਼ੈਸਲਾ ਕੀਤਾ।

ਪਰਿਵਾਰ ਦੀ ਮਦਦ ਲਈ ਸੁਸਾਇਟੀ ਨੇ ਪੈਸੇ ਇਕੱਠੇ ਕਰਨ ਦੀ ਆਨਲਾਈਨ ਪਹਿਲ ਕੀਤੀ। ਇਸ ਪਹਿਲਕਦਮੀ ਦੀ ਸੰਸਾਰ ਭਰ ਵਿੱਚ ਵੱਸਦੇ ਸਿੱਖ ਭਾਈਚਾਰੇ ਨੇ ਹਮਾਇਤ ਕੀਤੀ ਅਤੇ ਪੈਸੇ ਦਾਨ ਕੀਤੇ।

ਇਸ ਪਹਿਲਕਦਮੀ ਤਹਿਤ 1,93,000 ਤੋਂ ਵੱਧ ਕੈਨੇਡੀਅਨ ਡਾਲਰ 24 ਘੰਟਿਆਂ ਹੀ ਇਕੱਠੇ ਹੋ ਗਏ ਅਤੇ 24 ਘੰਟਿਆਂ ਮਗਰੋਂ ਇਸ ਪਹਿਲ ਨੂੰ ਬੰਦ ਕਰ ਦਿੱਤਾ ਗਿਆ।

ਬਲਬੀਰ ਸਿੰਘ ਨੇ ਕਿਹਾ “ਪਹਿਲਾਂ ਸਾਡਾ ਟੀਚਾ ਸਿਰਫ 50 ਹਜ਼ਾਰ ਡਾਲਰ ਇਕੱਠੇ ਕਰਨਾ ਸੀ ਅਤੇ ਅਸੀਂ ਉਮੀਦ ਕਰ ਰਹੇ ਸੀ ਕਿ ਪੈਸੇ ਇਕੱਠੇ ਹੋਣ ਵਿੱਚ 2 ਤੋਂ 3 ਦਿਨ ਲੱਗ ਜਾਣਗੇ ਪਰ ਇਹ ਰਕਮ 12 ਘੰਟਿਆਂ ਵਿੱਚ ਹੀ ਪੂਰੀ ਹੋ ਗਈ।

ਇਸ ਮਗਰੋਂ ਸਾਨੂੰ ਹੋਰਨਾਂ ਦੇਸ਼ਾਂ ਜਿਵੇਂ ਆਸਟਰੇਲੀਆ, ਅਮਰੀਕਾ, ਇੰਗਲੈਂਡ, ਜਰਮਨੀ ਅਤੇ ਇਟਲੀ ਵਿੱਚ ਵੱਸਦੇ ਸਿੱਖ ਭਾਈਚਾਰੇ ਤੋਂ ਫੰਡ ਇਕੱਠਾ ਕਰਨ ਦੀ ਪਹਿਲ ਨੂੰ ਜਾਰੀ ਰੱਖਣ ਦੇ ਫੋਨ ਆਉਣੇ ਸ਼ੁਰੂ ਹੋ ਗਏ। ਫਿਰ ਅਸੀਂ ਇਸ ਨੂੰ 24 ਘੰਟਿਆਂ ਤੱਕ ਜਾਰੀ ਰੱਖਿਆ।”

ਇਸ ਤੋਂ ਇਲਾਵਾ ਗੁਰਦੁਆਰਾ ਮੈਰੀਟਾਈਮ ਸਿੱਖ ਸੁਸਾਇਟੀ ਵੱਲੋਂ ਗੁਰਸਿਮਰਨ ਦੇ ਪਰਿਵਾਰ ਨੂੰ ਡਾਕਟਰੀ ਸਹਾਇਤਾ ਵੀ ਮੁਹੱਈਆ ਕਰਵਾਈ ਜਾ ਰਹੀ ਹੈ, ਜਿਸ ਵਿੱਚ ਮਨੋਵਿਗਿਆਨਕ ਮਦਦ ਵੀ ਸ਼ਾਮਲ ਹੈ। ਮ੍ਰਿਤਕ ਦੇ ਸਸਕਾਰ ਦੀ ਜ਼ਿੰਮੇਵਾਰੀ ਵੀ ਸੁਸਾਇਟੀ ਵੱਲੋਂ ਲਈ ਗਈ ਹੈ।