Punjab – ਕਾਂਗਰਸੀ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ ਦੇ ਰਿਸ਼ਤੇਦਾਰ ਪਿਉ ਪੁੱਤ ਦਾ ਗੋਲੀਆਂ ਮਾਰ ਕੇ ਕਤਲ
ਪਿਉ ਪੁੱਤ ਉੱਤੇ ਜ਼ਿਲ੍ਹਾ ਮੁਕਤਸਰ ਦੇ ਪਿੰਡ ਅੱਬਲ ਖੁਰਾਣਾ ਨੇੜੇ ਵਰ੍ਹਾਈਆਂ ਗੋਲੀਆਂ
ਮਾਨਸਾ 20 ਅਪਰੈਲ
ਮਾਨਸਾ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸਰਦੂਲਗੜ੍ਹ ਦੇ ਸਾਬਕਾ ਕਾਂਗਰਸੀ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ ਦੇ ਭਾਣਜੇ ਵਿਨੈ ਪ੍ਰਤਾਪ ਸਿੰਘ ਬਰਾੜ ਤੇ ਉਨ੍ਹਾਂ ਦੇ ਪੁੱਤਰ ਸੂਰਜ ਪ੍ਰਤਾਪ ਸਿੰਘ ਬਰਾੜ ਦਾ ਸ਼ਨਿੱਚਰਵਾਰ ਸ਼ਾਮੀਂ ਜ਼ਿਲ੍ਹਾ ਮੁਕਤਸਰ ਦੇ ਪਿੰਡ ਅੱਬਲ ਖੁਰਾਣਾ ਵਿੱਚ ਕੁਝ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਹਮਲਾਵਰ ਨੇ ਪਿਉ ਪੁੱਤਰ ’ਤੇ ਉਦੋਂ ਗੋਲੀਆਂ ਚਲਾਈਆਂ, ਜਦੋਂ ਉਹ ਇਕੱਠੇ ਸਨ ਤੇ ਚੰਡੀਗੜ੍ਹੋਂ ਪਿੰਡ ਪਰਤੇ ਸਨ। ਪੁਲੀਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਤਲ ਦਾ ਕਾਰਨ ਕੋਈ ਜ਼ਮੀਨੀ ਝਗੜਾ ਦੱਸਿਆ ਜਾ ਰਿਹਾ ਹੈ। ਫਿਲਹਾਲ ਹਮਲਾਵਰ ਫਰਾਰ ਦੱਸੇ ਜਾਂਦੇ ਹਨ।
ਜਾਣਕਾਰੀ ਅਨੁਸਾਰ ਵਿਨੈ ਪ੍ਰਤਾਪ ਸਿੰਘ ਬਰਾੜ ਤੇ ਉਨ੍ਹਾਂ ਦਾ ਪੁੱਤਰ ਸੂਰਜ ਪ੍ਰਤਾਪ ਸਿੰਘ ਬਰਾੜ ਆਪਣੇ ਪਿੰਡ ਪਹੁੰਚੇ ਤਾਂ ਕੋਈ ਉਨ੍ਹਾਂ ਦੀ ਜ਼ਮੀਨ ’ਚ ਖੜ੍ਹਾ ਕੁਝ ਕਰ ਰਿਹਾ ਸੀ। ਪਿਉਂ ਪੁੱਤਰ ਨੇ ਉਸ ਵਿਅਕਤੀ ਨੂੰ ਰੋਕਣਾ ਚਾਹਿਆ ਤਾਂ ਉਸ ਨੇ ਮੌਕੇ ਉਪਰ ਹਥਿਆਰ ਲਿਆ ਕੇ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ। ਪਿਉ ਪੁੱਤ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ ਸਾਬਕਾ ਚੇਅਰਮੈਨ ਵਿਕਰਮ ਸਿੰਘ ਮੋਫਰ ਨੇ ਦੱਸਿਆ ਕਿ ‘ਆਪ’ ਸਰਕਾਰ ‘ਚ ਪੰਜਾਬ ਦੇ ਹਾਲਾਤ ਇੰਨੇ ਮਾੜੇ ਹੋ ਗਏ ਕਿ ਪਰਿਵਾਰ ਦੇ ਦੋ ਜੀਆਂ ਦਾ ਗੋਲੀਆਂ ਮਾਰ ਕੇ ਸ਼ਰੇਆਮ ਕਤਲ ਕਰ ਦਿੱਤਾ ਗਿਆ। ਉਨ੍ਹਾਂ ਸਰਕਾਰ ਤੇ ਪੁਲੀਸ ਤੋਂ ਕਾਤਲਾਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਸ੍ਰੀ ਮੋਫ਼ਰ ਨੇ ਦੱਸਿਆ ਕਿ ਭਾਵੇਂ ਪੁਲੀਸ ਨੇ ਅਜੇ ਤੱਕ ਦੋਸ਼ੀਆਂ ਨੂੰ ਕਾਬੂ ਨਹੀਂ ਕੀਤਾ, ਪਰ ਪਰਿਵਾਰ ਨੇ ਪੋਸਟਮਾਰਟਮ ਉਪਰੰਤ ਦੋਵਾਂ ਮ੍ਰਿਤਕਾਂ ਦਾ ਅੱਜ ਬਾਅਦ ਦੁਪਹਿਰ ਸਸਕਾਰ ਕਰਨ ਦਾ ਫੈਸਲਾ ਕੀਤਾ ਹੈ।