ਸੌ ਗੰਢੇ ਵੀ ਖਾਧੇ, ਸੌ ਛਿੱਤਰ ਵੀ ਖਾਧੇ ਤੇ ਸੌ ਜੁਰਮਾਨਾ ਵੀ ਦਿੱਤਾ।
ਸਿੱਖਾਂ ਦੀ ਨਾਰਾਜ਼ਗੀ ਵੀ ਸਹੇੜੀ, ਪਾਰਟੀ ਨੂੰ ਪੰਜਾਬ ‘ਚ ਹਾਸ਼ੀਏ ‘ਤੇ ਵੀ ਲਿਆ ਦਿੱਤਾ ਤੇ ਸੁਖਬੀਰ ਨੂੰ ਹੁਣ ਪ੍ਰਧਾਨਗੀ ਤੋਂ ਵੀ ਅਸਤੀਫ਼ਾ ਦੇਣਾ ਪਿਆ।
ਕੁਰਸੀ ਬਰਕਰਾਰ ਰੱਖਣ ਲਈ “ਟਰੋਜਨ ਹੌਰਸ” ਭਾਜਪਾ ਪੰਥ ਦੇ ਵਿਹੜੇ ਬਾਦਲਾਂ ਨੇ ਲਿਆ ਕੇ ਖੜ੍ਹਾ ਕੀਤਾ ਸੀ, ਉਸਦੇ ਨਤੀਜੇ ਸਾਹਮਣੇ ਆਉਣੇ ਹੀ ਸਨ।
ਇਹਦੇ ਨਾਲੋਂ ਜਦੋਂ ਪਹਿਲਾਂ ਸਿੱਖ ਦਸ-ਬਾਰਾਂ ਸਾਲਾਂ ਤੋਂ ਕਹਿੰਦੇ ਸਨ ਕਿ ਕੁਰਸੀ ਤੇ ਸੱਤਾ ਦੀ ਝਾਕਾ ਛੱਡ ਕੇ ਸਿਧਾਂਤ ਬਚਾ ਲਓ, ਸਿੱਖਾਂ ਦੀ ਪਾਰਟੀ ਹੋ ਤਾਂ ਸਿੱਖਾਂ ਦੇ ਫ਼ਿਕਰਾਂ ਮੁਤਾਬਕ ਚੱਲੋ, ਤਾਂ ਚੰਗੇ ਨਾ ਰਹਿੰਦੇ!
ਬਾਦਲ ਆਪ ਵੀ ਗਏ ਤੇ ਨਾਲ ਹੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਲਈ ਵੀ ਅਥਾਹ ਖਤਰੇ ਖੜ੍ਹੇ ਕਰ ਦਿੱਤੇ।
ਅਕਾਲੀ ਦਲ ਦੇ ਹਾਲਾਤ ਇੱਥੋਂ ਤੱਕ ਲਿਆਉਣ ਵਿੱਚ ਦੁਸ਼ਮਣਾਂ ਨਾਲੋਂ ਯਾਰਾਂ ਦਾ ਯੋਗਦਾਨ ਵੱਧ ਹੈ, ਚਾਹੇ ਉਹ ਡਾ ਚੀਮੇ-ਹਰਚਰਨ ਬੈਂਸ-ਹਮਦਰਦ ਵਰਗੇ ਪੰਜਾਬ ਵਿੱਚ ਗਲਤ ਸਲਾਹਾਂ ਦੇਣ ਵਾਲੇ ਸਨ ਜਾਂ ਬਾਹਰ ਬੈਠੇ ਝੋਲੀਚੁੱਕ, ਜਿਨ੍ਹਾਂ ਹਰ ਸਹੀ ਸਲਾਹ ਜਾਂ ਅਲੋਚਨਾ ਕਰਨ ਵਾਲੇ ਨੂੰ ਗਾਲ੍ਹਾਂ ਦਾ ਸ਼ਿਕਾਰ ਬਣਾਇਆ। ਹਾਲੇ ਵੀ ਨੀ ਟਲਦੇ।
ਅਜਿਹਾ ਇਹ ਜਾਣਬੁੱਝ ਕੇ ਕਰਦੇ ਰਹੇ ਜਾਂ ਅਨਜਾਣੇ ‘ਚ, ਇਸਦਾ ਵੀ ਕੋਈ ਪਤਾ ਨਹੀਂ ਲੱਗਦਾ।
ਇਸ ਵੇਲੇ ਪੰਜਾਬ ਦੀ ਸਿੱਖ ਸਿਆਸਤ ਅਨਾਥਾਂ ਵਾਂਗ ਹੋ ਗਈ ਹੈ। ਸੂਬੇ ਦੀ ਸੱਠ ਫ਼ੀਸਦੀ ਵੱਸੋਂ ਸਿੱਖ ਹੋਣ ਦੇ ਬਾਵਜੂਦ ਸਿੱਖਾਂ ਦੀ ਕੋਈ ਸਿਆਸੀ ਧਿਰ ਨਹੀਂ ਬਚੀ, ਜੋ ਸਿੱਖਾਂ ਦੇ ਸਰੋਕਾਰਾਂ ਦੀ ਗੱਲ ਕਰ ਸਕੇ। ਸਿੱਖ ਧਿਰਾਂ ਨੂੰ ਲੀਡ ਕਰਨ ਵਾਲਾ ਕੋਈ ਸਿਰ ਨਜ਼ਰ ਨਹੀਂ ਆ ਰਿਹਾ, ਜੋ ਸਾਂਝ ਨਾਲ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਬਚਾ ਸਕੇ।
ਅਜਿਹੇ ਹਾਲਾਤ ਵਿੱਚ ਨਵੇਂ ਤਾਂ ਕਿਤਿਓਂ ਉਤਰਨੇ ਨਹੀਂ, ਨਾ ਭਾਰਤੀ ਸਟੇਟ ਨੇ ਉਹ ਉਤਰਨ ਦੇਣੇ। ਸਿੱਖ ਜਾਂ ਪੰਜਾਬ ਪੱਖੀ ਨਵੀਂ ਸਿਆਸੀ ਧਿਰ ਭਾਜਪਾ ਨੇ ਖੜ੍ਹੀ ਨਹੀਂ ਹੋਣ ਦੇਣੀ, ਸੋ ਜਿਹੜੇ ਬਚੇ ਹਨ, ਉਨ੍ਹਾਂ ਨਾਲ ਹੀ ਮੰਝਧਾਰ ‘ਚ ਫਸੀ ਬੇੜੀ ਕੱਢਣ ਦੇ ਯਤਨ ਕਰਨੇ ਚਾਹੀਦੇ ਹਨ।
ਪੁਰਾਣਿਆਂ ਵੱਲ ਨਜ਼ਰ ਮਾਰੀਏ ਤਾਂ ਇੱਕ ਪਰਮਜੀਤ ਸਿੰਘ ਸਰਨਾ ਨਜ਼ਰ ਆਉਂਦੇ ਹਨ, ਜੋ ਪੰਥ ਦਾ ਦਰਦ ਵੀ ਰੱਖਦੇ ਹਨ ਤੇ ਅਕਾਲੀ ਦਲ ਨੂੰ ਬਚਾਉਣ ਲਈ ਸਿਆਸੀ ਤੇ ਕੂਟਨੀਤਕ ਸੂਝ-ਬੂਝ ਵੀ ਰੱਖਦੇ ਹਨ। ਸੁਖਬੀਰ, ਸਰਦਾਰ ਮਾਨ ਸਮੇਤ ਬਾਕੀ ਸਿੱਖ ਧੜਿਆਂ ਨਾਲ ਵੀ ਉਨ੍ਹਾਂ ਦਾ ਚੰਗਾ ਵਰਤਾਓ ਹੈਗਾ। ਉਹ ਲੀਡ ਕਰਕੇ, ਸਾਰੇ ਸਹੀ ਸੋਚ ਵਾਲੇ ਸਿੱਖ ਧੜੇ ਇਕੱਠੇ ਕਰਕੇ ਕੋਈ ਸਾਂਝਾ ਮੁਹਾਜ਼ ਖੜ੍ਹਾ ਕਰਨ ਵੱਲ ਤੁਰਨ, ਹੋਰ ਕੋਈ ਰਾਹ ਦਿਸ ਨਹੀਂ ਰਿਹਾ।
ਸਰਕਾਰ ਨਾ ਵੀ ਬਣੂ ਪਰ ਇੱਕ ਨਰੋਈ ਧਿਰ ਤਾਂ ਪੰਜਾਬ ਵਿੱਚ ਖੜ੍ਹੀ ਹੋ ਜਾਊ, ਜੋ ਸਿੱਖ ਸਰੋਕਾਰਾਂ ‘ਤੇ ਪਹਿਰਾ ਤਾਂ ਦੇ ਸਕੂ!
ਇਹ ਮੇਰੀ ਨਿੱਜੀ ਸੋਚ ਹੈ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ