Breaking News

1984 ਸਿੱਖ ਕਤਲੇਆਮ ਦੀ ਗਲ ਕਰਦਿਆਂ “ਦਾ ਵਾਇਰ” ਦੇ ਸੰਸਥਾਪਕ ਸੰਪਾਦਕ ਸਿਧਾਰਥ ਵਰਦਾਰਾਜਨ ਦਾ ਗੱਚ ਭਰ ਆਇਆ।

ਦਿੱਲੀ ਵਿੱਚ ਸਿੱਖ ਫੋਰਮ ਵੱਲੋਂ ਨਵੰਬਰ 1984 ਅਤੇ ਕਤਲੇਆਮ ਦੀ 40ਵੀਂ ਵਰ੍ਹੇਗੰਢ ‘ਤੇ ਕਰਾਏ ਗਏ ਇੱਕ ਸਮਾਗਮ ‘ਤੇ ਜਦੋਂ “ਦਾ ਵਾਇਰ” ਦੇ ਸੰਸਥਾਪਕ ਸੰਪਾਦਕ ਸਿਧਾਰਥ ਵਰਦਾਰਾਜਨ ਨੇ ਆਪਣਾ ਭਾਸ਼ਣ ਸ਼ੁਰੂ ਕੀਤਾ ਤਾਂ ਉਨ੍ਹਾਂ ਦਾ ਗੱਚ ਭਰ ਆਇਆ।

ਕੁਝ ਪਲ ਬੋਲੇ ਨਹੀਂ ਤੇ ਫਿਰ ਸੰਭਲ ਕੇ ਬਹੁਤ ਜ਼ੋਰਦਾਰ ਸਪੀਚ ਦਿੱਤੀ। ਉਨ੍ਹਾਂ ਕਿਹਾ ਕਿ ਉਹ ਸਿੱਖ ਜਾਂ ਪੰਜਾਬੀ ਨਹੀਂ ਹਨ ਪਰ

ਪਿਛਲੇ 40 ਸਾਲ ਤੋਂ ਦਰਦ ਨੂੰ ਮਹਿਸੂਸ ਕਰ ਰਹੇ ਨੇ।

ਸ੍ਰੀ ਵਰਦਾਰਾਜਨ ਨੇ ਇਹ ਸੁਝਾਅ ਦਿੱਤਾ ਕਿ ਦਿੱਲੀ ਵਿੱਚ ਨਸਲਕੁਸ਼ੀ ਦਾ ਸ਼ਿਕਾਰ ਲੋਕਾਂ ਦੀ ਯਾਦਗਾਰ ਬਣੇ ਤੇ ਦਿੱਲੀ ਪੁਲਿਸ ਆਪਣੇ ਗੁਨਾਹਾਂ ਦੀ ਮਾਫੀ ਮੰਗੇ।

ਉਨ੍ਹਾਂ ਨੇ ਉਸ ਵੇਲੇ ਦੇ ਮੀਡੀਆ ਅਤੇ ਜੁਡੀਸ਼ਰੀ ਨੂੰ ਵੀ ਕਟਹਿਰੇ ਵਿੱਚ ਚੰਗੀ ਤਰ੍ਹਾਂ ਖੜ੍ਹਾ ਕੀਤਾ। ਮੀਡੀਆ ਬਾਰੇ ਤਾਂ ਇਹ ਕਿਹਾ ਕਿ ਨਾ ਸਿਰਫ ਉਸ ਦੇ ਬਹੁਤੇ ਹਿੱਸੇ ਨੇ ਸੱਚਾਈ ਨੂੰ ਢਕਿਆ ਸਗੋਂ ਸਿੱਖਾਂ ਖਿਲਾਫ ਨਸਲਕੁਸ਼ੀ ਦਾ ਮਾਹੌਲ ਵੀ ਸਿਰਜਿਆ।

ਜਸਟਿਸ ਰੰਗਾਨਾਥ ਮਿਸ਼ਰਾ ਸਮੇਤ ਉਸ ਵੇਲੇ ਦੀ ਸਰਵਉੱਚ ਜੁਡੀਸ਼ਰੀ ਦੇ ਰੋਲ ਨੂੰ ਵੀ ਸ੍ਰੀ ਵਰਦਾਰਾਜਨ ਨੇ ਚੰਗੀ ਤਰ੍ਹਾਂ ਨੰਗਾ ਕੀਤਾ ਤੇ ਦੱਸਿਆ ਕਿ ਕਿਵੇਂ ਉਹ ਵੀ ਸਾਰੇ ਗੁਨਾਹਾਂ ਨੂੰ ਢਕਣ ਵਿੱਚ ਭਾਈਵਾਲ ਸਨ, ਇਨਸਾਫ ਨਹੀਂ ਦਿੱਤਾ।

ਜਦਕਿ ਸਬੂਤ ਇਕੱਠਾ ਕਰਨ ਦਾ ਕੰਮ ਜਸਟਿਸ ਤਾਰਕੁੰਡੇ ਤੇ ਹੋਰ ਕੁਝ ਚੰਗੇ ਲੋਕਾਂ ਨੇ ਦੋ ਤਿੰਨ ਹਫਤਿਆਂ ਵਿੱਚ ਹੀ ਕਰ ਦਿੱਤਾ ਸੀ ਤੇ Who Are Guilty ਨਾਂ ਦੀ ਰਿਪੋਰਟ ਛਾਪੀ।

ਵਰਦਾਰਾਜਨ ਨੇ ਜੁਡੀਸ਼ਰੀ ਨੂੰ ਵੱਡੇ ਗੁਨਾਹਾਂ ਦਾ enabler ਵੀ ਕਰਾਰ ਦਿੱਤਾ।

ਹਾਲਾਂਕਿ ਮੁਲਕ ਦੇ ਸੈਕੂਲਰ ਕਹਾਉਣ ਵਾਲੇ ਕਈ ਪੱਤਰਕਾਰ ਭਾਜਪਾ ਦੀ ਨਿੰਦਾ ਕਰਦਿਆਂ ਕਰਦਿਆਂ ਕਾਂਗਰਸ ਦੇ ਪੁਰਾਣੇ ਪਾਪਾਂ ‘ਤੇ ਚੁੱਪ ਕਰ ਜਾਂਦੇ ਨੇ ਜਾਂ ਮੱਧਮ ਆਵਾਜ਼ ਵਿੱਚ ਗੱਲ ਕਰਦੇ ਨੇ ਤੇ ਖਾਸ ਕਰਕੇ ਰਾਜੀਵ ਗਾਂਧੀ ਦੇ ਰੋਲ ‘ਤੇ ਪੋਚੇ ਮਾਰਨ ਲੱਗ ਪੈਂਦੇ ਨੇ ਪਰ “ਦਾ ਵਾਇਰ” ਦੇ ਸੰਪਾਦਕ ਨੇ ਰਾਜੀਵ ਗਾਂਧੀ ਨੂੰ ਸਪਸ਼ਟ ਤੌਰ ‘ਤੇ ਕਟਹਿਰੇ ਵਿੱਚ ਖੜ੍ਹਾ ਕੀਤਾ।

ਉਨ੍ਹਾਂ ਕਿਹਾ ਕਿ ਜੇ ਇਹ ਮੰਨ ਵੀ ਲਿਆ ਜਾਵੇ ਕਿ ਉਸਨੂੰ ਕੋਈ ਤਜਰਬਾ ਨਹੀਂ ਸੀ ਤੇ ਉਸ ਕੋਲੋਂ ਕਤਲੇਆਮ ਕੰਟਰੋਲ ਨਹੀਂ ਹੋਇਆ ਤਾਂ ਇੱਕ ਮਹੀਨੇ ਬਾਅਦ, ਦੋ ਮਹੀਨੇ ਬਾਅਦ ਜਾਂ ਛੇ ਮਹੀਨੇ ਬਾਅਦ ਉਸਨੇ ਇਨਸਾਫ ਲਈ ਕੀ ਕੀਤਾ।

ਉਨ੍ਹਾਂ ਇਹ ਵੀ ਕਿਹਾ ਕਿ ਉਸ ਕਤਲੇਆਮ ਦੀ ਵਰ੍ਹੇਗੰਢ ਮਨਾਉਣ ਦੀ ਜਿੰਮੇਵਾਰੀ ਸਿਰਫ ਸਿੱਖਾਂ ਦੀ ਨਹੀਂ ਰਹਿਣੀ ਚਾਹੀਦੀ। ਇਹ ਵੀ ਸਵਾਲ ਉਠਾਇਆ ਕਿ ਕੀ ਉਮੀਦ ਕੀਤੀ ਜਾ ਸਕਦੀ ਹੈ ਕਿ ਜਦੋਂ ਇਸ ਕਤਲੇਆਮ ਦੀ 50ਵੀਂ ਵਰ੍ਹੇਗੰਢ ਹੋਵੇਗੀ ਤਾਂ ਕੋਈ ਹਿੰਦੂ ਫੋਰਮ ਇਸ ਕਤਲੇਆਮ ਦੀ ਯਾਦ ਵਿੱਚ ਸਮਾਗਮ ਕਰਾਏਗੀ ਜਾਂ ਫਿਰ ਕਦੇ ਇੰਡੀਅਨ ਸਟੇਟ ਇਸ ਸਾਰੇ ਕੁਝ ਨੂੰ ਸਰਕਾਰੀ ਤੌਰ ‘ਤੇ ਮੰਨੇਗੀ।

ਉਨ੍ਹਾਂ ਸਿੱਖਾਂ ਦੀ ਇਸ ਗੱਲੋਂ ਤਾਰੀਫ ਕੀਤੀ ਕਿ ਉਹ ਇੰਨਾ ਦਰਦ ਹੰਢਾਉਣ ਤੋਂ ਬਾਅਦ ਦੂਜਿਆਂ ਨਾਲ ਹੋ ਰਹੇ ਧੱਕਿਆਂ ਬਾਰੇ ਲਗਾਤਾਰ ਬੋਲਦੇ ਨੇ।

ਸਾਰੀ ਸਪੀਚ ਕਾਫੀ ਚੰਗੀ ਹੈ, ਇਸ ਨੂੰ ਸੁਣਨਾ ਚਾਹੀਦਾ ਹੈ ਤੇ ਅਗਾਂਹ ਵੀ ਭੇਜਣਾ ਚਾਹੀਦਾ ਹੈ।

#Unpopular_Opinions
#Unpopular_Ideas

Forty Years After 1984 Massacre of Sikhs, Our Rulers Are Still Pursuing Politics of Violence, Hatred