USA -ਅਮਰੀਕੀ ਸੂਬਿਆਂ ਨੂੰ ਟਰੱਕ ਡਰਾਈਵਰਾਂ ਲਈ ਅੰਗਰੇਜ਼ੀ ਭਾਸ਼ਾ ਦੀਆਂ ਸ਼ਰਤਾਂ ਲਾਗੂ ਕਰਨ ਦੇ ਹੁਕਮ
-ਟਰੰਪ ਪ੍ਰਸ਼ਾਸਨ ਵਲੋਂ ਕੁਝ ਸੂਬਿਆਂ ਨੂੰ ਫੰਡਿੰਗ ਬੰਦ ਕਰਨ ਦੀ ਧਮਕੀ
ਟਰੰਪ ਪ੍ਰਸ਼ਾਸਨ ਨੇ ਕੈਲੀਫੋਰਨੀਆ, ਨਿਊ ਮੈਕਸੀਕੋ ਅਤੇ ਵਾਸ਼ਿੰਗਟਨ ਤੋਂ ਫੈਡਰਲ ਫੰਡਿੰਗ ਵਾਪਸ ਲੈਣ ਦੀ ਧਮਕੀ ਦਿੱਤੀ ਹੈ ਕਿਉਂਕਿ ਇਹ ਰਾਜ ਗੈਰ-ਅੰਗਰੇਜ਼ੀ ਬੋਲਣ ਵਾਲੇ ਵਿਦੇਸ਼ੀਆਂ ਨੂੰ ਸੈਮੀ-ਟਰੱਕ ਚਲਾਉਣ ਦੀ ਆਗਿਆ ਦੇ ਰਹੇ ਹਨ।
ਸਕੱਤਰ ਡਫੀ ਨੇ ਕਿਹਾ ਕਿ ਇਹ ਤਿੰਨੇ ਰਾਜ ਉਹ ਹਨ, ਜਿਨ੍ਹਾਂ ਨੇ ਟਰੱਕ ਆਦਿ ਚਲਾਉਣ ਵਾਸਤੇ ਅੰਗਰੇਜ਼ੀ ਬੋਲ ਸਕਣ ਦੇ ਨਿਯਮ ਦੀ ਪਾਲਣਾ ਨਹੀਂ ਕੀਤੀ।
ਡਫੀ ਨੇ ਕਿਹਾ ਕਿ ਅਸੀਂ ਇਹਨਾਂ ਰਾਜਾਂ ਨੂੰ 30 ਦਿਨ ਦੇ ਰਹੇ ਹਾਂ ਕਿ ਉਹ ਟਰੱਕ ਡਰਾਈਵਰਾਂ ਲਈ ਅੰਗਰੇਜ਼ੀ ਭਾਸ਼ਾ ਦੀ ਜਾਣਕਾਰੀ ਦੀ ਲੋੜ ਪੂਰੀ ਕਰਨ, ਨਹੀਂ ਤਾਂ ਅਸੀਂ ਉਸ ਫੈਡਰਲ ਫੰਡਿੰਗ ਬਾਰੇ ਦੇਖਾਂਗੇ ਜੋ ਉਹਨਾਂ ਨੂੰ ਮੋਟਰ ਕੈਰੀਅਰ ਸੇਫਟੀ ਅਸਿਸਟੈਂਸ ਪ੍ਰੋਗਰਾਮ ਹੇਠ ਮਿਲਦੀ ਹੈ।
ਸਕੱਤਰ ਡਫੀ ਨੇ ਕਿਹਾ ਕਿ ਇਹ ਸਿਰਫ ਪਹਿਲਾ ਪੜਾਅ ਹੈ; ਜੇਕਰ ਉਹ ਪਾਲਣਾ ਨਹੀਂ ਕਰਦੇ, ਤਾਂ ਹੋਰ ਕਦਮ ਚੁੱਕੇ ਜਾਣਗੇ।
ਜੇਕਰ ਕੈਲੀਫੋਰਨੀਆ, ਨਿਊ ਮੈਕਸੀਕੋ ਅਤੇ ਵਾਸ਼ਿੰਗਟਨ ਟਰੰਪ ਪ੍ਰਸ਼ਾਸਨ ਦੀ ਕਹੀ ਮੰਨ ਲੈਂਦੇ ਹਨ ਤਾਂ ਹਜ਼ਾਰਾਂ ਨਵੇਂ-ਪੁਰਾਣੇ ਪਰਵਾਸੀ ਟਰੱਕ ਚਾਲਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ