Breaking News

ਦੁਨੀਆਂ ਦੇ ‘ਸਭ ਤੋਂ ਖ਼ਤਰਨਾਕ’ ਇਸ ਸਮੁੰਦਰੀ ਰਸਤੇ ਰਾਹੀਂ ਯੂਰਪ ਜਾਣ ਲਈ ਲੋਕ ਜ਼ਿੰਦਗੀ ਦਾਅ ’ਤੇ ਕਿਉਂ ਲਗਾਉਂਦੇ ਹਨ

ਦੁਨੀਆਂ ਦੇ ‘ਸਭ ਤੋਂ ਖ਼ਤਰਨਾਕ’ ਇਸ ਸਮੁੰਦਰੀ ਰਸਤੇ ਰਾਹੀਂ ਯੂਰਪ ਜਾਣ ਲਈ ਲੋਕ ਜ਼ਿੰਦਗੀ ਦਾਅ ’ਤੇ ਕਿਉਂ ਲਗਾਉਂਦੇ ਹਨ

ਸੇਨੇਗਲ ਤੋਂ ਕਿਸਾਨ ਮੁਹੰਮਦ ਔਊਲੇ ਨੇ ਪਹਿਲਾਂ ਕਦੇ ਸਮੁੰਦਰ ਨਹੀਂ ਦੇਖਿਆ ਸੀ ਪਰ ਉਹ ਇੱਕ ਖ਼ਤਰਨਾਕ ਸਮੁੰਦਰੀ ਸਫ਼ਰ ‘ਤੇ ਨਿਕਲਣ ਦੀ ਤਿਆਰੀ ਕਰਨ ਵਾਲੇ ਹਨ।

ਉਹ ਸਮੁੰਦਰੀ ਸਫ਼ਰ ਜਿਸ ਨੇ ਅੰਧ (ਅਟਲਾਂਟਿਕ) ਮਹਾਂਸਾਗਰ ਨੂੰ ਸਮੂਹਿਕ ਕਬਰ ਵਿੱਚ ਬਦਲ ਦਿੱਤਾ ਹੈ।

ਉਨ੍ਹਾਂ ਨੇ ਕਿਹਾ, “ਕਿਸ਼ਤੀ ਵਾਲਿਆਂ ਨੇ ਮੈਨੂੰ ਬੁਲਾਇਆ ਹੈ, ਉਨ੍ਹਾਂ ਨੇ ਕਿਹਾ ਹੈ ਮੈਨੂੰ ਤਿਆਰ ਹੋ ਜਾਣਾ ਚਾਹੀਦਾ ਹੈ। ਮੈਂ ਤੁਹਾਨੂੰ ਮੇਰੇ ਲਈ ਅਰਦਾਸ ਕਰਨ ਲਈ ਕਹਿ ਰਿਹਾ ਹਾਂ। ਸਮਾਂ ਆ ਗਿਆ ਹੈ।”

ਬੀਬੀਸੀ ਅਫ਼ਰੀਕਾ ਆਈ ਨੇ ਉਨ੍ਹਾਂ ਪਰਵਾਸੀਆਂ ਦੀ ਭੇਤਮਈ ਜ਼ਿੰਦਗੀ ਤੱਕ ਪਹੁੰਚ ਕੀਤੀ ਹੈ ਜੋ ਪੱਛਮੀ ਅਫ਼ਰੀਕਾ ਤੋਂ ਸਪੇਨ ਦੇ ਕੈਰਨਰੀ ਦੀਪਾਂ ਦੇ ਖ਼ਤਰਨਾਕ ਲਾਂਘੇ ਥਾਣੀ ਯੂਰਪ ਪਹੁੰਚਣ ਲਈ ਜ਼ਿੰਦਗੀ ਦਾਅ ਉੱਤੇ ਲਾਉਂਦੇ ਹਨ।

ਮੁਹੰਮਦ ਔਊਲੇ ਵੀ ਉਨ੍ਹਾਂ ਪਰਵਾਸੀਆਂ ਵਿੱਚ ਸ਼ਾਮਿਲ ਹਨ ਜੋ ਆਰਕਪੈਲਿਗੋ ਦੀਪ ਸਮੂਹ ਤੱਕ ਪਹੁੰਚਣਾ ਚਾਹੁੰਦੇ ਹਨ। ਇਸ ਸਮੇਂ ਇਨ੍ਹਾਂ ਦੀਪਾਂ ਉੱਤੇ ਪਹੁੰਚਣ ਵਾਲੇ ਪਰਵਾਸੀਆਂ ਦੀ ਸੰਖਿਆ ਸਭ ਤੋਂ ਸਿਖਰਲੇ ਪੱਧਰ ਉੱਤੇ ਹੈ।

ਉੱਥੋਂ ਦੀ ਖੇਤਰੀ ਸਰਕਾਰ ਦੀ ਚੇਤਵਨੀ ਹੈ ਕਿ ਇਨ੍ਹਾਂ ਪਰਵਾਸੀਆਂ ਲਈ ਇਨ੍ਹਾਂ ਪਥਰੀਲੇ ਦੀਪਾਂ ਉੱਤੇ “ਦਬੀ ਹੋਈ” ਅਤੇ “ਟੁੱਟਣ ਦੀ ਕਗਾਰ ਉੱਤੇ” ਖੜ੍ਹੀ ਇੱਕ ਪ੍ਰਣਾਲੀ ਇੰਤਜ਼ਾਰ ਕਰ ਰਹੀ ਹੈ। ਲੇਕਿਨ ਇਸ ਵਿੱਚੋਂ ਕੁਝ ਵੀ ਔਊਲੇ ਦੇ ਹੌਂਸਲੇ ਵਿੱਚ ਜ਼ਰਾ ਜਿੰਨਾ ਵੀ ਚਿੱਬ ਨਹੀਂ ਪਾ ਸਕਦਾ।

ਇੱਕ ਸਮਰਥਾ ਤੋਂ ਕਿਤੇ ਜ਼ਿਆਦਾ ਭਰੀ ਹੋਈ ਮੱਛੀਆਂ ਫੜਨ ਵਾਲੀ ਕਿਸ਼ਤੀ ਵਿੱਚ ਔਊਲੇ ਨੂੰ ਪੂਰੀ ਤਰ੍ਹਾਂ ਸਮੁੰਦਰ ਦੇ ਰਹਿਮੋ-ਕਰਮ ਉੱਤੇ ਪੰਧ ਪੂਰਾ ਕਰਨ ਵਿੱਚ ਕਈ ਦਿਨ ਜਾਂ ਕਈ ਹਫ਼ਤੇ ਤੱਕ ਲੱਗ ਸਕਦੇ ਹਨ।

ਸੇਨੇਗਲ ਤੋਂ ਇਹ ਦੂਰੀ ਅੰਦਾਜ਼ਨ 1000 ਕਿਲੋਮੀਟਰ (600 ਮੀਲ) ਅਤੇ ਖੁੱਲ੍ਹੇ ਸਮੁੰਦਰ ਉੱਤੇ 2000 ਕਿੱਲੋਮੀਟਰ ਹੈ। ਇਹ ਨਿਰਭਰ ਕਰਦਾ ਹੈ ਕਿ ਤੁਸੀਂ ਸ਼ੁਰੂ ਕਿੱਥੋਂ ਕਰ ਰਹੇ ਹੋ।

ਇਹ ਰਸਤਾ ਭੂ-ਮੱਧ ਸਾਗਰ ਪਾਰ ਕਰਨ ਲਈ ਵਰਤੇ ਜਾਂਦੇ ਪਰਵਾਸ ਦੇ ਹੋਰ ਰਸਤਿਆਂ ਨਾਲੋਂ ਦਸ ਗੁਣਾ ਜ਼ਿਆਦਾ ਲੰਬਾ ਹੈ। ਜਦਕਿ ਭੂ-ਮੱਧ ਸਾਗਰ ਦੁਨੀਆਂ ਦੇ ਸਭ ਤੋਂ ਬੇਰਹਿਮ ਪਾਣੀਆਂ ਵਿੱਚੋਂ ਇੱਕ ਹੈ।

ਸਮੁੰਦਰੀ ਤੁਫਾਨਾਂ ਅਤੇ ਛੱਲਾਂ-ਧਾਰਾਵਾਂ ਨਾਲ ਜੂਝਦੇ ਹੋਏ ਪਰਵਾਸੀਆਂ ਕੋਲ ਅਕਸਰ ਪੀਣਯੋਗ ਪਾਣੀ ਮੁੱਕ ਜਾਂਦਾ ਹੈ, ਉਹ ਤੇਜ਼ ਬੁਖ਼ਾਰ, ਸਫ਼ਰ ਕਾਰਨ ਬੀਮਾਰੀ (ਜਿਸ ਵਿੱਚ ਭੁਲੇਖੇ ਪੈਣ ਲਗਦੇ ਹਨ) ਨਾਲ ਜੂਝਦੇ ਹਨ।

ਰਾਤ ਨੂੰ ਗੂੜ੍ਹੇ ਅੰਧਕਾਰ ਵਿੱਚ ਲੋਕ ਅਕਸਰ ਮਾਨਸਿਕ ਸੰਤੁਲਨ ਗੁਆ ਦਿੰਦੇ ਹਨ, ਉਹ ਭੈਅ ਅਤੇ ਪਾਣੀ ਦੀ ਕਮੀ ਦੇ ਸ਼ਿਕਾਰ ਹੋ ਜਾਂਦੇ ਹਨ।

ਸਾਲ 2023 ਦੀ ਸ਼ੁਰੂਆਤ ਤੋਂ ਲੈ ਕੇ ਅਲ-ਹੀਰੋ ਪਹੁੰਚਣ ਵਾਲੇ ਪਰਵਾਸੀਆਂ ਦੀ ਸੰਖਿਆ ਦੀਪ ਦੇ ਮੂਲ ਨਿਵਾਸੀਆਂ ਨਾਲੋਂ ਵੀ ਜ਼ਿਆਦਾ ਹੋ ਗਈ ਹੈ।

ਸਮੁੰਦਰੀ ਕੰਢੇ ਤੋਂ ਬਹੁਤ ਦੂਰ ਸੇਨੇਗਲ ਦੇ ਪੂਰਬੀ ਤੰਬਾਕੁੰਡਾ ਵਿੱਚ ਔਊਲੇ ਦੇ ਬੱਚੇ ਅਤੇ ਸਾਂਝਾ ਪਰਿਵਾਰ, ਔਊਲੇ ਖੇਤੀ ਤੋਂ ਜੋ ਕਮਾਈ ਕਰਦੇ ਹਨ, ਉਸੇ ਉੱਤੇ ਨਿਰਭਰ ਹਨ।

ਜਦੋਂ ਤੋਂ ਉਹ ਸਮੁੰਦਰ ਦੇ ਕਿਨਾਰੇ ਰਵਾਨਗੀ ਦੇ ਇੱਕ ਪ੍ਰਮੁੱਖ ਬਿੰਦੂ ਕੋਲ ਪਹੁੰਚੇ ਹਨ, 40 ਸਾਲਾ ਔਊਲੇ ਨੇ ਆਪਣੇ ਪਰਿਵਾਰ ਨੂੰ ਲਗਭਗ ਇੱਕ ਸਾਲ ਤੋਂ ਨਹੀਂ ਦੇਖਿਆ ਹੈ।

ਉਹ ਕੈਨਰੀ ਦੀਪ ਸਮੂਹ ਵੱਲ ਰਵਾਨਾ ਹੋਣ ਵਾਲੇ ਜਹਾਜ਼ ਦੀ 1000 ਡਾਲਰ ਦੀ ਫੀਸ ਦੇਣ ਆਪਣੇ ਸ਼ਹਿਰ ਵਿੱਚ ਉਨ੍ਹਾਂ ਮੋਟਰ ਸਾਈਕਲ ਟੈਕਸੀ ਚਾਲਕ ਵਜੋਂ ਕੰਮ ਕੀਤਾ ਤੇ ਦੋਸਤਾਂ ਤੋਂ ਪੈਸੇ ਉਧਾਰ ਲਏ ਹਨ।

ਠੱਗੇ ਜਾਣ ਦੇ ਡਰ ਤੋਂ ਉਨ੍ਹਾਂ ਨੇ ਤਸਕਰਾਂ ਨੂੰ ਮਨਾਇਆ ਕਿ ਉਹ ਪੂਰਾ ਪੈਸਾ ਕਿਸ਼ਤੀ ਦੂਜੇ ਪਾਸੇ ਪਹੁੰਚਣ ਉੱਤੇ ਹੀ ਦੇਣਗੇ।

ਗ਼ਰੀਬ ਤੋਂ ਬਚਣ ਲਈ ਚੁਣਦੇ ਹਨ ਖ਼ਤਰਨਾਕ ਰਾਹ
ਜੇ ਔਊਲੇ ਸਫ਼ਰ ਵਿੱਚ ਬਚ ਗਏ ਤਾਂ ਉਨ੍ਹਾਂ ਨੂੰ ਉਮੀਦ ਹੈ ਕਿ ਇੰਨਾ ਕਮਾ ਸਕਣਗੇ ਕਿ ਪਰਿਵਾਰ ਦੀ ਦੇਖ-ਭਾਲ ਕਰ ਸਕਣ। ਲੇਕਿਨ ਇਹ ਯੋਜਨਾ ਉਹ ਆਪਣੇ ਤੱਕ ਹੀ ਰੱਖ ਰਹੇ ਹਨ ਤਾਂ ਜੋ ਉਨ੍ਹਾਂ ਦਾ ਪਰਿਵਾਰ ਫਿਕਰ ਨਾ ਕਰੇ।

ਵਿਸ਼ਵ ਬੈਂਕ ਮੁਤਾਬਤ ਸਾਲ 2010 ਦੇ ਦਹਾਕੇ ਦੌਰਾਨ ਸੇਨੇਗਲ ਨੇ ਚੰਗੀ ਆਰਥਿਕ ਤਰੱਕੀ ਕੀਤੀ ਹੈ, ਪਰ ਇਸ ਬਾਵਜੂਦ ਦੇਸ ਦੀ ਤੀਜੇ ਹਿੱਸੇ ਤੋਂ ਜ਼ਿਆਦਾ ਵਸੋਂ ਅਜੇ ਵੀ ਗ਼ਰੀਬੀ ਵਿੱਚ ਰਹਿੰਦੀ ਹੈ।

ਉਹ ਕਹਿੰਦੇ ਹਨ, “ਤੁਸੀਂ ਕਲਪਨਾ ਕਰ ਸਕਦੇ ਹੋ ਮੈਂ ਆਪਣੀ ਨੌਕਰੀ ਕੀਤੀ, ਪਰ ਹਾਲਾਤ ਸੁਧਰੇ ਨਹੀਂ। ਜੇ ਤੁਹਾਡੇ ਕੋਲ ਪੈਸਾ ਨਹੀਂ ਹੈ, ਤੁਹਾਡਾ ਕੋਈ ਮਹੱਤਵ ਨਹੀਂ ਹੈ। ਮੈਂ ਉਨ੍ਹਾਂ ਦੀ ਇੱਕ-ਮਾਤਰ ਉਮੀਦ ਹਾਂ ਅਤੇ ਮੇਰੇ ਕੋਲ ਪੈਸਾ ਨਹੀਂ ਹੈ।”

ਔਊਲੇ ਵਾਂਗ ਹੀ ਇਹ ਰਸਤਾ ਲੈਣ ਵਾਲੇ ਜ਼ਿਆਦਾਤਰ ਪਰਵਾਸੀ ਉਪ-ਸਹਾਰਨ ਅਫ਼ਰੀਕੀ ਦੇਸਾਂ ਦੇ ਬਾਸ਼ਿੰਦੇ ਹਨ। ਜੋ ਆਪਣੇ ਵਤਨਾਂ ਦੀ ਗ਼ਰੀਬੀ ਅਤੇ ਤਣਾਅ, ਜਿਸ ਨੂੰ ਵਾਤਾਵਰਣ ਤਬਦੀਲੀ ਹੋਰ ਡੂੰਘਾ ਕਰ ਰਹੀ ਹੈ, ਉਸ ਤੋਂ ਜਾਨ ਬਚਾ ਕੇ ਭੱਜ ਰਹੇ ਹਨ।

ਖ਼ਾਸ ਕਰਕੇ ਜਦੋਂ ਤੋਂ ਇਟਲੀ ਅਤੇ ਗਰੀਸ ਵਰਗੇ ਦੇਸਾਂ ਨੇ ਲੀਬੀਆ ਅਤੇ ਟੂਨੇਸ਼ੀਆ ਤੋਂ ਭੂ-ਮੱਧ ਸਾਗਰ ਪਾਰ ਕਰਨ ਦੇ ਹੋਰ ਰਸਤਿਆਂ ਉੱਤੇ ਸਖ਼ਤੀ ਵਧਾਈ ਹੈ। ਕੈਨਰੀ ਦੀਪ ਸਮੂਹ ਯੂਰਪ ਪਹੁੰਚਣ ਦੇ ਉਮੀਦਵਾਨ ਅਨਿਯਮਤ ਪਰਵਾਸੀਆਂ ਅਤੇ ਰਿਫਿਊਜੀਆਂ ਲਈ ਇੱਕ ਮੁੱਖ ਲਾਂਘਾ ਬਣ ਗਿਆ ਹੈ।

ਸਾਲ 2023 ਵਿੱਚ ਕਰੀਬ 40,000 ਪਰਵਾਸੀ ਪਹੁੰਚੇ ਸਨ ਜੋ ਕਿ ਪਿਛਲੇ ਕਈ ਦਹਾਕਿਆਂ ਦੀ ਸਭ ਤੋਂ ਵੱਡੀ ਤਦਾਦ ਹੈ। ਇਸ ਸਾਲ ਹੁਣ ਤੱਕ 38,000 ਪਰਵਾਸੀ ਪਹੁੰਚ ਵੀ ਚੁੱਕੇ ਹਨ। ਇਹ ਸੰਖਿਆ ਪਿਛਲੇ ਸਾਲ ਦੇ ਇਸੇ ਅਰਸੇ ਨਾਲੋਂ ਦੁਗਣੀ ਹੈ।

ਅਟਲਾਂਟਿਕ ਵਿੱਚ ਮੌਸਮ ਦੀ ਸਥਿਤੀ ਸੁਧਰ ਰਹੀ ਹੈ। ਕੈਨਰੀ ਦੀਪ ਸਮੂਹ ਦੀ ਸਰਕਾਰ ਨੂੰ ਸ਼ੰਕਾ ਹੈ ਕਿ ਇਹ ਸੰਖਿਆ ਹੋਰ ਵਧੇਗੀ।

ਕੈਨਰੀ ਦੀਪ ਸਮੂਹ ਦੀ ਸਰਕਾਰ ਦੇ ਰਾਸ਼ਟਰਪਤੀ ਫਿਰਨਾਨਡੋ ਕਲਾਵੀਜੋ, ਨੇ ਕਿਹਾ ਕਿ ਇਸ ਸਮੇਂ ਸਮੁੰਦਰੀ ਬਚਾਅ ਦਲਾਂ ਉੱਤੇ ਉਨ੍ਹਾਂ ਦੀ ਸਮਰਥਾ ਨਾਲੋਂ ਬਹੁਤ ਜ਼ਿਆਦਾ ਦਬਾਅ ਹੈ।

ਉਨ੍ਹਾਂ ਨੇ ਕਿਹਾ, “ਨਤੀਜਾ ਇਹ ਹੈ ਕਿ ਜ਼ਿਆਦਾ ਲੋਕ ਮਰਨਗੇ। ਅਸੀਂ ਪਰਵਾਸੀਆਂ ਦੀ ਉਹ ਮਦਦ ਨਹੀਂ ਕਰ ਸਕਾਂਗੇ ਜਿਸ ਦੇ ਉਹ ਹੱਕਦਾਰ ਹਨ।”

“ਫਿਲਹਾਲ, ਯੂਰਪ ਨੇ ਭੂ-ਮੱਧ ਸਾਗਰ ਦਾ ਰਾਹ ਬੰਦ ਕਰ ਦਿੱਤਾ ਹੈ, ਜਿਸ ਦਾ ਅਰਥ ਹੈ ਕਿ ਅਟਲਾਂਟਿਕ ਮਹਾਂ ਸਾਗਰ ਵਾਲਾ ਰਸਤਾ ਜੋ ਕਿ ਵਧੇਰੇ ਖ਼ਤਰਨਾਕ ਹੈ, ਉਹ ‘ਇਸਕੇਪ ਵਾਲਵ’ ਬਣ ਗਿਆ ਹੈ।”

ਬੀਬੀਸੀ ਨੇ ਸਪੇਨ ਦੀਆਂ ਐਮਰਜੈਂਸੀ ਸੇਵਾਵਾਂ ਨਾਲ ਗੱਲ ਕੀਤੀ। ਉਨ੍ਹਾਂ ਨੇ ਨਾਮ ਨਾ ਛਾਪਣ ਦੀ ਸ਼ਰਤ ਉੱਤੇ ਆਪਣੇ ਕੰਮ ਦੇ ਦਬਾਅ ਬਾਰੇ ਸਾਡੇ ਨਾਲ ਗੱਲ ਕੀਤੀ।

ਇੱਕ ਜਣੇ ਨੇ ਕਿਹਾ, “ਕਰਮਚਾਰੀ ਹੋਰ ਮੌਤਾਂ ਅਤੇ ਨੁਕਸਾਨ ਦੇ ਗਵਾਹ ਨਹੀਂ ਬਣ ਸਕਦੇ।”

ਅਲ ਹੀਰੋ ਜੋ ਕਿ ਆਰਕਪੈਲਿਗੋ ਦੀਪ ਸਮੂਹ ਦਾ ਸਭ ਤੋਂ ਛੋਟਾ ਦੀਪ ਹੈ। 2023 ਦੇ ਸ਼ੁਰੂ ਤੋਂ ਲੈ ਕੇ ਉੱਥੇ ਪਹੁੰਚੇ ਪਰਵਾਸੀ ਉੱਥੋਂ ਦੀ 30,000 ਦੀ ਮੂਲ ਅਬਾਦੀ ਨਾਲੋਂ ਪਹਿਲਾਂ ਹੀ ਦੁਗਣੇ ਹੋ ਚੁੱਕੇ ਹਨ।

ਕਲਾਵੀਜੋ ਦਾ ਕਹਿਣਾ ਹੈ ਕਿ ਸਥਾਨਕ ਲੋਕ ਸਰਕਾਰੀ ਬੱਸਾਂ ਦੀ ਵਰਤੋਂ ਨਹੀਂ ਕਰ ਸਕਦੇ ਕਿਉਂਕਿ ਉਨ੍ਹਾਂ ਦੀ ਵਰਤੋਂ ਪਰਵਾਸੀਆਂ ਦੀ ਢੋਆ-ਢੁਆਈ ਲਈ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਡਰ ਹੈ ਕਿ ਇਸ ਨਾਲ ਸ਼ੀਨੋਫੋਬੀਆ ਪੈਦਾ ਹੋਏਗਾ ਤੇ ਸਮਾਜਿਕ ਤਣਾਅ ਪੈਦਾ ਹੋ ਸਕਦਾ ਹੈ।

“ਯੂਰਪੀ ਯੂਨੀਅਨ ਤੋਂ ਲੈ ਕੇ ਸਪੇਨ ਦੀ ਸਰਕਾਰ ਤੱਕ ਸਾਨੂੰ ਜ਼ਿੰਮੇਵਾਰੀ ਲੈਣੀ ਪਵੇਗੀ ਕਿਉਂਕਿ ਤੁਸੀਂ ਕੈਨਰੀ ਦੀਪ ਸਮੂਹ ਨੂੰ ਇਸ ਸੰਕਟ ਦਾ ਸਾਹਮਣਾ ਇਕੱਲਿਆਂ ਕਰਨ ਲਈ ਨਹੀਂ ਛੱਡ ਸਕਦੇ।”

ਪਿਛਲੇ ਮਹੀਨਿਆਂ ਦੌਰਾਨ, ਪਰਵਾਸੀਆਂ ਦੀ ਗਿਣਤੀ ਵਿੱਚ ਹੋ ਰਹੇ ਤੇਜ਼ ਵਾਧੇ ਨੇ ਸਪੇਨ ਵਿੱਚ ਤਿੱਖੀ ਬਹਿਸ ਛੇੜ ਦਿੱਤੀ ਹੈ, ਕਿ ਇਸ ਅਨਿਯਮਿਤ ਪਰਵਾਸ ਨਾਲ ਕਿਵੇਂ ਨਜਿੱਠਿਆ ਜਾਵੇ।

ਕੈਨਰੀ ਦੀਪ ਹੋਰ ਜ਼ਿਆਦਾ ਸਰਕਾਰੀ ਸਹਾਇਤਾ ਦੀ ਮੰਗ ਕਰ ਰਹੇ ਹਨ ਤਾਂ ਜੋ ਉਹ ਆਉਣ ਵਾਲਿਆਂ ਨੂੰ ਖ਼ਾਸ ਕਰ ਬੱਚਿਆਂ ਨੂੰ ਸੰਭਾਲ ਸਕਣ।

ਪਿੱਛੇ ਸੇਨੇਗਲ ਵਿੱਚ ਔਊਲੇ ਨੂੰ ਆਖ਼ਰਕਾਰ ਤਸਕਰਾਂ ਨੇ ਬੁਲਾ ਲਿਆ ਹੈ ਕਿ ਉਹ ਬਾਕੀ ਪਰਵਾਸੀਆਂ ਨੂੰ ਗੁਪਤ ਟਿਕਾਣੇ ਉੱਤੇ ਆ ਕੇ ਮਿਲਣ। ਔਊਲੇ ਦੀ ਕਿਸਮਤ ਹੁਣ ਇਨ੍ਹਾਂ ਤਸਕਰਾਂ ਦੇ ਹੱਥ ਵਿੱਚ ਹੈ।

“ਅਸੀਂ ਬਹੁਤ ਜਣੇ ਹਾਂ, ਅਸੀਂ ਘਰ ਭਰ ਲਿਆ ਹੈ। ਮਾਲੀ ਅਤੇ ਗਿਨੂਆ ਤੋਂ ਵੀ ਲੋਕ ਹਨ। ਜਦੋਂ ਤੱਕ ਸਾਨੂੰ ਵੱਡੀ ਕਿਸ਼ਤੀ ਨਹੀਂ ਮਿਲ ਜਾਂਦੀ, ਉਹ ਸਾਨੂੰ 10-15 ਜਣਿਆਂ ਵਾਲੀਆਂ ਛੋਟੀਆਂ ਕਿਸ਼ਤੀਆਂ ਵਿੱਚ ਲੈ ਕੇ ਜਾਂਦੇ ਹਨ। ਫਿਰ ਅਸੀਂ ਰਵਾਨਾ ਹੋ ਜਾਂਦੇ ਹਾਂ।”

ਇਸ ਲੰਬੇ ਸਫ਼ਰ ਵਿੱਚ ਬਚੇ ਰਹਿਣ ਲਈ ਔਊਲੇ ਕੋਲ ਸਿਰਫ਼ ਪਾਣੀ ਦੀਆਂ ਕੁਝ ਬੋਤਲਾਂ ਅਤੇ ਬਿਸਕੁਟ ਹਨ।

ਪਹਿਲੇ ਦੋ ਦਿਨ ਉਨ੍ਹਾਂ ਦੀ ਤਬੀਅਤ ਲਗਾਤਾਰ ਖ਼ਰਾਬ ਰਹੀ। ਕਿਸ਼ਤੀ ਵਿੱਚ ਥਾਂ ਦੀ ਥੁੜ ਹੋਣ ਕਾਰਨ ਉਹ ਜ਼ਿਆਦਾ ਸਮਾਂ ਖੜ੍ਹੇ ਰਹਿੰਦੇ ਹਨ ਅਤੇ ਤੇਲ ਮਿਲੇ ਪਾਣੀ ਵਿੱਚ ਸੌਂਦੇ ਹਨ।

ਉਨ੍ਹਾਂ ਕੋਲ ਪਾਣੀ ਵੀ ਮੁੱਕ ਗਿਆ ਅਤੇ ਉਨ੍ਹਾਂ ਨੇ ਸਮੁੰਦਰੀ ਪਾਣੀ ਪੀਤਾ।

ਕਿਸ਼ਤੀ ਉੱਤੇ ਕੁਝ ਲੋਕ ਘਬਰਾਹਟ ਵਿੱਚ ਆ ਕੇ ਚੀਕਣ ਲੱਗਦੇ ਹਨ। ਕਿਸ਼ਤੀ ਦਾ ਚਾਲਕ ਦਲ ਬਾਕੀਆਂ ਨੂੰ ਉਨ੍ਹਾਂ ਨੂੰ ਚੁੱਪ ਕਰਾਉਣ ਲਈ ਕਹਿੰਦਾ ਹੈ ਤਾਂ ਜੋ ਉਹ ਡਿੱਗ ਨਾ ਪੈਣ।

ਸੰਯੁਕਤ ਰਾਸ਼ਟਰ ਦੀ ਪਰਵਾਸ ਸੰਸਥਾ (ਆਈਓਐੱਮ) ਮੁਤਾਬਕ ਅਟਲਾਂਟਿਕ ਦਾ ਰਸਤਾ ਦਿਨੋਂ-ਦਿਨ ਦੁਨੀਆਂ ਦੇ ਸਭ ਤੋਂ ਖ਼ਤਰਨਾਕ ਸਮੁੰਦਰੀ ਰਸਤਿਆਂ ਵਿੱਚੋਂ ਇੱਕ ਬਣਦਾ ਜਾ ਰਿਹਾ ਹੈ।

ਸਾਲ 2024 ਦੌਰਾਨ, ਇੱਕ ਅੰਦਾਜ਼ੇ ਮੁਕਾਬਕ ਹੁਣ ਤੱਕ 807 ਜਣੇ ਜਾਂ ਤਾਂ ਲਾਪਤਾ ਹੋ ਚੁੱਕੇ ਹਨ ਜਾਂ ਮਾਰੇ ਜਾ ਚੁੱਕੇ ਹਨ। ਪਿਛਲੇ ਸਾਲ ਦੇ ਇਸੇ ਅਰਸੇ ਦੇ ਮੁਕਾਬਲੇ ਇਹ 76 ਫੀਸਦੀ ਦਾ ਵਾਧਾ ਹੈ।

ਹਾਲਾਂਕਿ ਅਸਲੀ ਗਿਣਤੀ ਇਸ ਤੋਂ ਕਿਤੇ ਜ਼ਿਆਦਾ ਹੋਣ ਦੀ ਸੰਭਾਵਨਾ ਹੈ ਕਿਉਂਕਿ ਜਾਨਲੇਵਾ ਹਾਦਸੇ ਅਕਸਰ ਰਿਪੋਰਟ ਹੋਣ ਤੋਂ ਰਹਿ ਜਾਂਦੇ ਹਨ।

ਕਾਲੀਵਜੋ ਨੇ ਇੱਕ ਸਪੇਨ ਮਨੁੱਖੀ ਹਕੂਕ ਗਰੁੱਪ ਵਾਕਿੰਗ ਬਾਰਡਰਜ਼ ਦੇ ਡੇਟਾ ਦੇ ਹਵਾਲੇ ਨਾਲ ਬੀਬੀਸੀ ਦੱਸਿਆ, “ਹਰ 45 ਮਿੰਟ ਵਿੱਚ ਇੱਕ ਪਰਵਾਸੀ ਸਾਡੇ ਤਟ ਉੱਤੇ ਪਹੁੰਚਣ ਦੀ ਕੋਸ਼ਿਸ਼ ਵਿੱਚ ਮਾਰਿਆ ਜਾਂਦਾ ਹੈ। ਇਸ ਦਾ ਮਤਲਬ ਹੈ ਕਿ ਤਸਕਰੀ ਮਾਫ਼ੀਆ ਤੇਜ਼ੀ ਨਾਲ ਤਾਕਤਵਰ ਹੋ ਰਿਹਾ ਹੈ।”

ਸੰਯੁਕਤ ਰਾਸ਼ਟਰ ਦੇ ਨਸ਼ੇ ਅਤੇ ਅਪਰਾਧ ਵਿਭਾਗ ਮੁਤਾਬਕ ਇਸ ਰਸਤੇ ਤੋਂ ਅਪਰਾਧੀ ਹਰ ਸਾਲ ਕਰੀਬ 150 ਮਿਲੀਅਨ ਡਾਲਰ ਦੀ ਕਮਾਈ ਕਰਦੇ ਹਨ।

ਸਪੇਨ ਦੇ ਗਾਰਡੀਆ ਸਿਵਿਲ ਦੀ ਟੀਮ ਦੇ ਮੈਂਬਰ ਲੈਫ਼ਟੀਨੈਂਟ ਐਨਟੋਨੀਓ ਫਿਊਨਟਿਸ ਨੇ ਦੱਸਿਆ, “ਫੇਰੀ ਦਾ ਪ੍ਰਬੰਧ ਕਰਨ ਵਾਲੇ ਮਾਫ਼ੀਏ ਨੇ ਸਮਝ ਲਿਆ ਹੈ ਕਿ ਇਹ ਨਸ਼ੇ ਦੀ ਤਸਕਰੀ ਵਰਗਾ ਹੈ, ਜਿਸ ਵਿੱਚ ਫੜੇ ਜਾਣ ਦੀ ਸੰਭਾਵਨਾ ਬਹੁਤ ਘੱਟ ਹੈ।”

ਇਸ ਟੀਮ ਦਾ ਗਠਨ ਸਮਗਲਰਾਂ ਨਾਲ ਨਜਿੱਠਣ ਲਈ ਕੀਤਾ ਗਿਆ ਹੈ।

“ਉਨ੍ਹਾਂ ਲਈ ਪਰਵਾਸੀ ਇੱਕ ਵਸਤੂ ਹਨ। ਉਹ ਲੋਕਾਂ ਨੂੰ ਉਵੇਂ ਹੀ ਲੈ ਕੇ ਜਾਂਦੇ ਹਨ ਜਿਵੇਂ ਉਹ ਨਸ਼ੇ ਜਾਂ ਹਥਿਆਰਾਂ ਨੂੰ ਲੈ ਕੇ ਜਾਂਦੇ। ਉਹ ਸਧਾਰਨ ਸ਼ਿਕਾਰ ਹਨ।”

ਇਸ ਅਪਰਾਧਿਕ ਨੈੱਟਵਰਕ ਨੂੰ ਬਿਹਤਰ ਸਮਝਣ ਲਈ ਬੀਬੀਸੀ ਨੇ ਸੇਨੇਗਲ ਦੇ ਇੱਕ ਅਜਿਹੇ ਹੀ ਸਮਗਲਰ ਨਾਲ ਗੱਲਬਾਤ ਕੀਤੀ।

ਉਸ ਨੇ ਨਾਮ ਨਾ ਛਾਪਣ ਦੀ ਸ਼ਰਤ ਉੱਤੇ ਕਿਹਾ, “ਜੇ ਤੁਸੀਂ ਵੱਡੀ ਕਿਸ਼ਤੀ ਲੈ ਕੇ ਜਾਓ, ਇੱਕ ਜੋ 200 ਤੋਂ 300 ਲੋਕ ਲੈ ਕੇ ਜਾ ਸਕੇ, ਅਤੇ ਉਨ੍ਹਾਂ ਵਿੱਚੋਂ ਹਰੇਕ 500 ਡਾਲਰ ਦਿੰਦਾ ਹੈ, ਅਸੀਂ ਬੇਹਿਸਾਬ ਪੈਸੇ ਦੀ ਗੱਲ ਕਰ ਰਹੇ ਹਾਂ।”

ਜਦੋਂ ਇੱਕ ਤਸਕਰ ਵਜੋਂ ਅਪਰਾਧਿਕ ਜ਼ਿੰਮੇਵਾਰੀ ਲੈਣ ਲਈ ਪੁੱਛਿਆ ਗਿਆ ਤਾਂ ਉਸ ਨੇ ਕਿਹਾ, “ਇਹ ਇੱਕ ਅਪਰਾਧ ਹੈ, ਜੋ ਵੀ ਫੜਿਆ ਜਾਵੇ ਜੇਲ੍ਹ ਵਿੱਚ ਸੁੱਟਿਆ ਜਾਣਾ ਚਾਹੀਦਾ ਹੈ, ਲੇਕਿਨ ਇਸਦਾ ਕੋਈ ਹੱਲ ਨਹੀਂ ਹੈ।”

ਤੁਸੀਂ ਪਾਣੀਆਂ ਵਿੱਚ ਮਰ ਚੁੱਕੇ ਲੋਕਾਂ ਨੂੰ ਦੇਖਦੇ ਹੋ ਪਰ ਕਿਸ਼ਤੀਆਂ ਚਲਦੀਆਂ ਰਹਿੰਦੀਆਂ ਹਨ।

ਪੰਜ ਦਿਨਾਂ ਤੱਕ ਬੀਬੀਸੀ ਨੂੰ ਔਊਲੇ ਦੀ ਕੋਈ ਖ਼ੈਰ-ਖ਼ਬਰ ਨਹੀਂ ਆਈ ਲੇਕਿਨ ਇੱਕ ਸ਼ਾਮ ਉਨ੍ਹਾਂ ਦਾ ਫ਼ੋਨ ਆਇਆ।

“ਮੋਟਰ ਵਾਰ-ਵਾਰ ਗਰਮ ਹੋ ਰਹੀ ਸੀ ਅਤੇ ਹਵਾ ਬਹੁਤ ਤੇਜ਼ ਸੀ, ਕੁਝ ਮਛੇਰਿਆਂ ਨੇ ਸਲਾਹ ਦਿੱਤੀ ਕਿ ਅਸੀਂ ਮੋਰੌਕੋ ਵੱਲ ਵਧੀਏ। ਲੇਕਿਨ ਕੈਪਟਨ ਨੇ ਮਨ੍ਹਾਂ ਕਰ ਦਿੱਤਾ। ਉਸ ਨੇ ਕਿਹਾ ਜੇ ਅਸੀਂ ਹੌਲੀ ਚੱਲਾਂਗੇ ਤਾਂ ਸਵੇਰ ਛੇ ਵਜੇ ਤੱਕ ਸਪੇਨ ਪਹੁੰਚ ਜਾਵਾਂਗੇ।”

ਔਊਲੇ ਕੈਨਰੀ ਦੀਪ ਸਮੂਹ ਉੱਤੇ ਪਹੁੰਚਣ ਤੋਂ ਮਹਿਜ਼ ਇੱਕ ਦਿਨ ਦੂਰ ਸਨ। ਜਦੋਂ ਜਹਾਜ਼ ਦਾ ਇੰਜਣ ਖ਼ਰਾਬ ਹੋ ਗਿਆ। ਕਈ ਪਰਵਾਸੀ ਜੋ ਅੰਧ (ਅਟਲਾਂਟਿਕ) ਮਹਾਂ ਸਾਗਰ ਦੀਆਂ ਤੇਜ਼ ਹਵਾਵਾਂ ਤੋਂ ਡਰੇ ਹੋਏ ਸਨ, ਉਨ੍ਹਾਂ ਨੇ ਕਪਤਾਨ ਦੇ ਖ਼ਿਲਾਫ਼ ਬਗ਼ਾਵਤ ਕਰ ਦਿੱਤੀ।

“ਹਰ ਕੋਈ ਬਹਿਸਣ ਅਤੇ ਇੱਕ ਦੂਜੇ ਦੀ ਬੇਇਜ਼ਤੀ ਕਰਨ ਲੱਗਿਆ, ਕੈਪਟਨ ਨੇ ਹਾਰ ਮੰਨ ਲਈ ਅਤੇ ਸੇਨੇਗਲ ਵੱਲ ਵਾਪਸੀ ਕਰ ਲਈ।”

ਔਊਲੇ ਸਫ਼ਰ ਤੋਂ ਤਾਂ ਬਚ ਗਏ ਪਰ ਉਹ ਜ਼ਖਮੀ ਅਤੇ ਬੀਮਾਰ ਸਨ। ਉਨ੍ਹਾਂ ਨੂੰ ਲਗਾਤਾਰ ਦਰਦ ਰਹਿੰਦਾ ਹੈ ਤੇ ਹੌਲੀ-ਹੌਲੀ ਤੁਰਦੇ ਹਨ।

ਕਈ ਸਾਲਾਂ ਦੀ ਤਿਆਰੀ ਤੋਂ ਬਾਅਦ ਔਊਲੇ ਹੁਣ ਫਿਰ ਪਹਿਲੇ ਘਰ ਵਿੱਚ ਸਨ। ਉਹ ਆਪਣੇ ਪਰਿਵਾਰ ਕੋਲ ਵਾਪਸ ਆ ਗਏ ਹਨ ਅਤੇ ਇੱਕ ਹੋਰ ਯਾਤਰਾ ਲਈ ਪੈਸੇ ਬਚਾ ਰਹੇ ਹਨ।

“ਮੈਂ ਇੱਕ ਵਾਰ ਫਿਰ ਵਾਪਸ ਜਾ ਕੇ ਕੋਸ਼ਿਸ਼ ਕਰਨੀ ਚਾਹੁੰਦਾ ਹਾਂ। ਰੱਬ ਨਾਲ ਇਮਾਨਦਾਰੀ ਨਾਲ, ਇਹ ਮੇਰਾ ਯਕੀਨ ਹੈ। ਇਹ ਮੇਰੇ ਲਈ ਬਿਹਤਰ ਹੈ। ਜੇ ਮੈਂ ਮਾਰਿਆ ਗਿਆ ਤਾਂ ਇਹ ਰੱਬ ਦੀ ਮਰਜ਼ੀ ਹੈ।“

ਜੇ ਔਊਲੇ ਯੂਰਪ ਪਹੁੰਚ ਜਾਂਦੇ ਹਨ ਤਾਂ ਪੂਰੀ ਸੰਭਾਵਨਾ ਹੈ ਕਿ ਕਈ ਸਾਲ ਤੱਕ ਉਹ ਆਪਣੇ ਪਰਿਵਾਰ ਨੂੰ ਨਹੀਂ ਦੇਖ ਸਕਣਗੇ। ਜੇ ਉਹ ਸਮੁੰਦਰ ਵਿੱਚ ਪ੍ਰਾਣ ਤਿਆਗ ਦਿੰਦੇ ਹਨ ਤਾਂ ਉਹ ਆਪਣੇ ਪਰਿਵਾਰ ਵਾਸਤੇ ਸਦਾ ਲਈ ਲਾਪਤਾ ਹੋ ਜਾਣਗੇ।