ਹੁਣ ਸਪਸ਼ਟ ਹੋ ਜਾਣਾ ਚਾਹੀਦਾ ਹੈ ਕਿ ਸਿੱਧੂ ਮੂਸੇਵਾਲੇ ਦਾ ਕਤਲ ਕਿਨ੍ਹਾਂ ਨੇ ਕਰਾਇਆ?
ਕਿਹੜੀ ਮਹਾਂਸ਼ਕਤੀ ਬਿਸ਼ਨੋਈ ਨੂੰ ਦਾਊਦ ਇਬ੍ਰਾਹਿਮ ਦੀ ਜਗ੍ਹਾ ਸਭ ਤੋਂ ਵੱਡੇ ਡਾਨ ਵਜੋਂ ਸਥਾਪਿਤ ਕਰਨਾ ਚਾਹੁੰਦੀ ਹੈ?
ਜਾਣੋ ਕਿਵੇਂ ਗੁਜਰਾਤ ਦੀ ਜੇਲ ਵਿੱਚ ਬੈਠਾ ਲਾਰੇਂਸ ਬਿਸ਼ਨੋਈ ਆਰਾਮ ਨਾਲ ਕਤਲ ਕਰਵਾ ਰਿਹਾ
ਮੁੰਬਈ ਵਿੱਚ ਐਨਸੀਪੀ ਆਗੂ ਬਾਬਾ ਸਿਦੀਕੀ ਦੇ ਕਤਲ ਦੀ ਪੈੜ ਲਾਰੈਂਸ ਬਿਸ਼ਨੋਈ ਵੱਲ ਕੱਢੀ ਜਾ ਰਹੀ ਹੈ।
ਮੁਲਕ ਦੀ ਆਰਥਿਕ ਰਾਜਧਾਨੀ ਵਿੱਚ ਹੋਏ ਇਸ ਕਤਲ ਦਾ ਅਸਲ ਮਕਸਦ ਬਿਸ਼ਨੋਈ ਨੂੰ ਉੱਥੇ ਦਾਊਦ ਇਬ੍ਰਾਹਿਮ ਦੀ ਜਗ੍ਹਾ ਸਭ ਤੋਂ ਵੱਡੇ ਡਾਨ ਵਜੋਂ ਸਥਾਪਿਤ ਕਰਨ ਲਈ ਕੀਤਾ ਗਿਆ ਹੈ।
ਬਾਬਾ ਸਦੀਕੀ ਸਲਮਾਨ ਖਾਨ ਦਾ ਵੀ ਨਜ਼ਦੀਕੀ ਸੀ।
ਸਤੰਬਰ ‘ਚ ਦਿੱਲੀ ਵਿਖੇ ਹੋਏ ਅਫਗਾਨੀ ਮੂਲ ਦੇ ਨਾਦਰ ਸ਼ਾਹ ਦੇ ਕਤਲ ਦੇ ਮਾਮਲੇ ਵਿੱਚ ਗ੍ਰਿਫਤਾਰ ਗੈਂਗਸਟਰ ਹਾਸ਼ਿਮ ਬਾਬਾ ਨੇ ਆਪਣੇ ਅਦਾਲਤੀ ਕਬੂਲਨਾਮੇ ਵਿੱਚ ਮੰਨਿਆ ਕਿ ਉਸ ਨੂੰ ਇਸ ਕਤਲ ਲਈ ਗੁਜਰਾਤ ਦੀ ਸਾਬਰਮਤੀ ਵਿੱਚ ਜੇਲ ‘ਚ ਬੈਠੇ ਲਾਰੈਂਸ ਬਿਸ਼ਨੋਈ ਨੇ ਇੰਟਰਨੈਟ ਕਾਲਾਂ ਕਰਕੇ ਇਸ ਕਤਲ ਦੀ ਜਿੰਮੇਵਾਰੀ ਸੌਂਪੀ ਸੀ।
ਉਸਨੇ ਬਿਸ਼ਨੋਈ ਵੱਲੋਂ ਇਸ ਬਾਰੇ ਹੋਰ ਬੰਦਿਆਂ ਨਾਲ ਕੀਤੇ ਸੰਪਰਕਾਂ ਬਾਰੇ ਵੀ ਆਪਣੇ ਕਬੂਲਨਾਮੇ ਵਿੱਚ ਦੱਸਿਆ।
ਉਸ ਅਨੁਸਾਰ ਇਸ ਕਤਲ ਦਾ ਮਕਸਦ ਨਾਦਰ ਸ਼ਾਹ ਦੇ ਦੁਬਈ ਬੈਠੇ ਬਿਜ਼ਨਸਮੈਨ ਦੋਸਤ ਨੂੰ ਸੁਨੇਹਾ ਭੇਜਣਾ ਸੀ ਕਿ ਉਹ ਉਸਨੂੰ ਪ੍ਰੋਟੈਕਸ਼ਨ ਮਨੀ ਦੇਵੇ, ਜਿਸਤੋਂ ਉਹ ਆਨਾਕਾਨੀ ਕਰ ਰਿਹਾ ਸੀ।
ਗੱਲ ਸਾਫ ਹੈ ਕਿ ਗੁਜਰਾਤ ਦੀ ਜੇਲ ਵਿੱਚ ਬੈਠਾ ਬਿਸ਼ਨੋਈ ਆਰਾਮ ਨਾਲ ਫੋਨ ਅਤੇ ਇੰਟਰਨੈਟ ਵਰਤ ਰਿਹਾ ਹੈ ਤੇ ਕਤਲਾਂ ਲਈ ਹਦਾਇਤਾਂ ਦੇ ਰਿਹਾ ਹੈ।
ਸੀਆਈਏ ਸਟਾਫ ਖਰੜ ਵਿੱਚ ਦੋ ਸਾਲ ਪਹਿਲਾਂ ਹੋਈ ਇੰਟਰਵਿਊ ਵਿੱਚ ਉਸਨੇ ਸ਼ਰੇਆਮ ਸਲਮਾਨ ਖਾਨ ਨੂੰ ਮਾਰਨ ਦੀ ਧਮਕੀ ਦਿੱਤੀ।
ਉਸ ਇੰਟਰਵਿਊ ਵਿੱਚ ਬਿਸ਼ਨੋਈ ਨੂੰ ਦੇਸ਼ ਭਗਤ ਵਜੋਂ ਵੀ ਉਭਾਰਿਆ ਗਿਆ।
ਪਹਿਲਾਂ ਤਾਂ ਮੁਲਕ ਦੀਆਂ ਖੁਫੀਆ ਏਜੰਸੀਆਂ ਅਤੇ ਪੰਜਾਬ ਪੁਲਿਸ ਨੇ ਇਸ ਬਾਰੇ ਕੋਈ ਧੂੰਆਂ ਨਹੀਂ ਕੱਢਿਆ ਕਿ ਇੰਟਰਵਿਊ ਕਿੱਥੇ ਹੋਈ।
ਜੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਦਬਾਅ ਹੇਠਾਂ ਪੰਜਾਬ ਪੁਲਿਸ ਦੀ ਐਸਆਈਟੀ ਵੱਲੋਂ ਕੀਤੀ ਗਈ ਪੜਤਾਲ ਵਿੱਚ ਇਹ ਗੱਲ ਸਾਹਮਣੇ ਆ ਗਈ ਕਿ ਇਹ ਖਰੜ ਸੀਆਈਏ ਸਟਾਫ ਵਿੱਚ ਹੋਈ ਤਾਂ ਹਾਲੇ ਤੱਕ ਇਸ ਲਈ ਦੋਸ਼ੀ ਪੁਲਿਸ ਵਾਲਿਆਂ ‘ਤੇ ਕੋਈ ਠੋਸ ਕਾਰਵਾਈ ਹਾਲੇ ਤੱਕ ਨਹੀਂ ਹੋਈ, ਸਿਵਾਏ ਰਸਮੀ ਜਿਹੇ ਨੋਟਿਸ ਕੱਢਣ ਦੇ।
ਜਾਹਿਰ ਹੈ ਜਿਹੜੀ ਮਹਾਂ ਸ਼ਕਤੀ ਨੇ ਬਿਸ਼ਨੋਈ ਦੀ ਇੰਟਰਵਿਊ ਕਰਵਾਈ, ਬਾਅਦ ਵਿੱਚ ਉਸ ਦੀ ਜਗ੍ਹਾ ਬਾਰੇ ਧੂੰਆਂ ਨਹੀਂ ਨਿਕਲਣ ਦਿੱਤਾ, ਹੁਣ ਪੁਲਿਸ ਵਾਲਿਆਂ ਖਿਲਾਫ ਕੋਈ ਸਪਸ਼ਟ ਕਾਰਵਾਈ ਨਹੀਂ ਹੋ ਰਹੀ, ਉਹੀ ਮਹਾਂ ਸ਼ਕਤੀ ਸਾਬਰਮਤੀ ਜੇਲ ਵਿੱਚ ਬਿਸ਼ਨੋਈ ਲਈ ਫੋਨ ਅਤੇ ਇੰਟਰਨੈਟ ਦੀਆਂ ਸਹੂਲਤਾਂ ਦਾ ਪ੍ਰਬੰਧ ਕਰ ਰਹੀ ਹੈ।
ਬਿਸ਼ਨੋਈ ਦੇ ਸਾਥੀ ਗੋਲਡੀ ਬਰਾੜ ਦੇ ਸਿਰ ਹੀ ਬੇਅਦਬੀ ਕੇਸਾਂ ਵਿੱਚ ਨਾਮਜ਼ਦ ਦੋਸ਼ੀ ਪ੍ਰਦੀਪ ਦੇ ਕਤਲ ਦੀ ਜਿੰਮੇਵਾਰੀ ਪਾਈ ਗਈ ਸੀ।
ਇਸੇ ਕਤਲ ਨੂੰ ਵਰਤ ਕੇ ਬੇਅਦਬੀ ਵਾਲੇ ਕੇਸ ਪੰਜਾਬ ਤੋਂ ਬਾਹਰ ਤਬਦੀਲ ਕੀਤੇ ਗਏ।
ਬਿਸ਼ਨੋਈ ਦੀ ਇੰਟਰਵਿਊ ਤੋਂ ਬਾਅਦ ਪੰਜਾਬ ਵਿੱਚ ਗੈਂਗਸਟਰਾਂ ਦਾ ਦਬਦਬਾ ਵਧਿਆ ਅਤੇ ਫਿਰੌਤੀਆਂ ਮੰਗਣ ਦੇ ਕੇਸ ਵੀ ਵਧੇ।
ਹੁਣ ਸਪਸ਼ਟ ਹੋ ਜਾਣਾ ਚਾਹੀਦਾ ਹੈ ਕਿ ਸਿੱਧੂ ਮੂਸੇਵਾਲੇ ਦਾ ਕਤਲ
ਕਿਨ੍ਹਾਂ ਨੇ ਕਰਾਇਆ।
ਇਹ ਵੀ ਸੋਚ ਕੇ ਵੇਖੋ ਕਿ ਜਦੋਂ ਪੰਜਾਬ ਵਿੱਚ ਫਿਰਕੂ ਅਤੇ ਜਾਤੀਵਾਦੀ ਜ਼ਹਿਰ ਘੋਲਣ ਦਾ ਯਤਨ ਹੋ ਰਿਹਾ ਹੈ, ਉਸ ਤੋਂ ਇਲਾਵਾ ਸਿੱਖਾਂ ਦੇ ਵੱਖੋ ਵੱਖਰੇ ਧੜੇ ਇੱਕ ਦੂਜੇ ਪ੍ਰਤੀ ਸਿਰੇ ਦੀ ਤਿੱਖੀ ਅਤੇ ਕੌੜੀ ਸ਼ਬਦਾਵਲੀ ਵਰਤ ਰਹੇ ਨੇ ਤਾਂ ਪੰਜਾਬ ਵਿੱਚ ਕੀ ਕੁਝ ਹੋ ਸਕਦਾ ਹੈ ਅਤੇ ਕਿੰਨਾ ਕੁ ਖਿਲਾਰਾ ਪਾਇਆ ਜਾ ਸਕਦਾ ਹੈ।