ਡੌਂਕੀ ਲਾ ਕੇ ਇਟਲੀ ਪਹੁੰਚੇ 3 ਭਾਰਤੀ ਮੁੰਡੇ, ਪਾਕਿਸਤਾਨੀਆਂ ਨੇ ਅਗਵਾ ਕਰ ਮੰਗੀ 15000 ਯੂਰੋ ਫਿਰੌਤੀ
ਡੌਂਕੀ ਲਾ ਕੇ ITALY ਗਏ ਨੌਜਵਾਨ ਚੜ੍ਹੇ ਪਾਕਿਸਤਾਨੀ ਗੈਂਗ ਦੇ ਹੱਥੇ, ਭਾਰਤ ਕਾਲ ਲਾ ਕੇ ਮੰਗੀ ਫਿਰੌਤੀ,
ਇਟਲੀ ਦੀ ਹੁਸ਼ਿਆਰ ਪੁਲਿਸ ਨੇ ਕੁਝ ਹੀ ਘੰਟਿਆਂ ਚ ਕਰਵਾਏ ਆਜ਼ਾਦ
ਦੇਸ਼ ਵਿੱਚ ਕੰਮ ਨਾ ਮਿਲਣ ਕਾਰਨ ਤੇ ਘਰ ਦੀ ਗਰੀਬੀ ਦੂਰ ਕਰਨ ਅਕਸਰ ਏਸ਼ੀਅਨ ਦੇਸ਼ਾਂ ਦੇ ਨੌਜਵਾਨ ਕਰਜ਼ਾ ਚੁੱਕ ਵਿਦੇਸ਼ਾਂ ਨੂੰ ਕੂਚ ਕਰ ਰਹੇ ਹਨ।
ਇਨ੍ਹਾਂ ਵਿਚੋਂ ਭਾਰਤੀ ਤੇ ਪਾਕਿਸਤਾਨੀ ਲੱਖਾਂ ਰੁਪਏ ਏਜੰਟਾਂ ਨੂੰ ਦੇਣ ਵਾਲਿਆਂ ਵਿੱਚ ਮੋਹਰੀ ਹਨ।ਇਹ ਨੌਜਵਾਨ ਜਿਹੜੇ ਕੁਝ ਕਾਨੂੰਨੀ ਤੇ ਕੁਝ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਜਾਣ ਲਈ ਮਜ਼ਬੂਰ ਹਨ।
ਕਈ ਵਾਰ ਵਿਦੇਸ਼ਾਂ ਵਿੱਚ ਲਾਚਾਰੀ ਦੇ ਚੱਲਦਿਆਂ ਗ਼ਲਤ ਲੋਕਾਂ ਦੇ ਹੱਥੀਂ ਚੜ੍ਹ ਜਾਂਦੇ ਹਨ ਜਿਸ ਨਾਲ ਇਨ੍ਹਾਂ ਨੌਜਵਾਨਾਂ ਨੂੰ ਵੱਡੀ ਮੁਸੀਬਤ ਝੱਲਣੀ ਪੈਂਦੀ ਹੈ।
ਅਜਿਹਾ ਹੀ ਵਾਕਿਆ ਇਟਲੀ ਦੇ ਸ਼ਹਿਰ ਤਰੀਏਸਤੇ ਦੇਖਣ ਨੂੰ ਮਿਲਿਆ, ਜਿੱਥੇ 3 ਭਾਰਤੀ ਨੌਜਵਾਨਾਂ ਨੂੰ ਇੱਕ ਪਾਕਿਸਤਾਨੀ ਗਿਰੋਹ ਦੇ ਲੋਕਾਂ ਨੇ ਪਹਿਲਾਂ ਕੁੱਟਿਆ ਤੇ ਫਿਰ ਬੰਦੀ ਬਣਾ ਲਿਆ।ਬੰਦੀ ਬਣਾਉਣ ਤੋਂ ਬਾਅਦ ਇਸ ਪਾਕਿਸਤਾਨੀ ਗਿਰੋਹ ਦੇ ਲੋਕਾਂ ਨੇ ਭਾਰਤੀ ਨੌਜਵਾਨਾਂ ਦੇ ਘਰ ਫੋਨ ਕੀਤਾ ਤੇ ਕਿਹਾ ਕਿ ਤੁਹਾਡੇ ਮੁੰਡੇ ਸਾਡੇ ਕੋਲ ਕੈਦ ਹਨ ਜੇਕਰ ਇਨ੍ਹਾਂ ਨੂੰ ਛੁੱਡਵਾਉਣਾ ਚਾਹੁੰਦੇ ਹੋ ਤਾਂ ਪੈਸੇ ਦੇਣ ਪੈਣਗੇ।
ਗਿਰੋਹ ਨੇ ਉਨ੍ਹਾਂ ਤੋਂ ਇੱਕ ਬੰਦੇ ਦੀ 15000 ਯੂਰੋ ਦੀ ਫਿਰੌਤੀ ਮੰਗੀ। ਗਿਰੋਹ ਨੇ ਇਹ ਹਾਸ਼ੀ ਵਿਦੇਸ਼ੀ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾਉਣ ਲਈ ਕਿਹਾ।
ਭਾਰਤ ਵਿੱਚ ਇਨ੍ਹਾਂ 3 ਨੌਜਵਾਨਾਂ ਦੇ ਮਾਪੇ ਇਸ ਫੋਨ ਤੋਂ ਬਾਅਦ ਬਹੁਤ ਹੀ ਘਬਰਾ ਗਏ ਤੇ ਸਹਿਮੇ ਹੋਏ ਹਨ।
ਉਨ੍ਹਾਂ ਇਟਲੀ ਵਿੱਚ ਆਪਣੀ ਰਿਸ਼ਤੇਦਾਰ ਇੱਕ ਔਰਤ (ਜੋ ਕਿ ਲੰਬਾਰਦੀਆ ਸੂਬੇ ਵਿੱਚ ਰਹਿੰਦੀ ਹੈ) ਨੂੰ ਫੋਨ ਕਰਕੇ ਸਾਰੀ ਘਟਨਾ ਦੱਸੀ।
ਇਟਲੀ ਰਹਿੰਦੀ ਭਾਰਤੀ ਔਰਤ ਬਹੁਤ ਹੀ ਸਮਝਦਾਰ ਤੇ ਦਲੇਰ ਸੀ ਉਸ ਨੇ ਬਿਨ੍ਹਾਂ ਦੇਰ ਕੀਤੇ ਇਸ ਸਾਰੀ ਸਾਜਿਸ਼ ਦੀ ਜਾਣਕਾਰੀ ਤਰੀਏਸਤੇ ਪੁਲਸ ਦੇ ਹੈੱਡਕੁਆਟਰ ਨੂੰ ਦੇ ਦਿੱਤੀ।’
ਬਸ ਫਿਰ ਕੀ ਸੀ ਤਰੀਏਸਤੇ ਪੁਲਸ ਦੀ ਵਿਸ਼ੇਸ਼ ਚੈੱਕ ਦਸਤਾ ਟੀਮ ਨੇ ਸਾਰਾ ਸ਼ਹਿਰ ਛਾਣ ਦਿੱਤਾ ਤੇ ਕੁਝ ਘੰਟਿਆਂ ਵਿੱਚ ਇਹ 3 ਭਾਰਤੀ ਨੌਜਵਾਨ ਜਿਹੜੇ ਕਿ ਗੈਰ-ਕਾਨੂੰਨੀ ਢੰਗ ਨਾਲ ਡੌਂਕੀ ਲਗਾ ਇਟਲੀ ਦਾਖਲ ਹੋਏ ਸਨ ਉਨ੍ਹਾਂ ਨੂੰ ਪਾਕਿਸਤਾਨੀ ਗਿਰੋਹ ਦੀ ਕੈਦ ਵਿੱਚ ਆਜ਼ਾਦ ਕਰਵਾ ਲਿਆ।
2 ਪਾਕਿਸਤਾਨੀ ਨੌਜਵਾਨ ਗ੍ਰਿਫ਼ਤਾਰ
ਪੁਲਸ ਅਨੁਸਾਰ ਇਹ 3 ਭਾਰਤੀ ਪਾਕਿਸਤਾਨੀ ਗਿਰੋਹ ਨੇ ਗਰੀਬਾਲਦੀ ਚੌਕ ਦੀ ਇੱਕ ਬਹੁ-ਮੰਜਿ਼ਲੀ ਇਮਾਰਤ ਦੇ ਇੱਕ ਘਰ ਵਿੱਚ ਕੈਦ ਕੀਤੇ ਸਨ ਜਿਹੜਾ ਕਿ ਉਨ੍ਹਾਂ ਨੇ ਕਿਰਾਏ ‘ਤੇ ਲਿਆ ਹੋਇਆ ਹੈ। ਜਦੋਂ ਕਿ ਘਰ ਦੇ ਮਾਲਕ ਨੂੰ ਉਨ੍ਹਾਂ ਦੇ ਗੋਰਖ ਧੰਦੇ ਦੀ ਕੋਈ ਜਾਣਕਾਰੀ ਨਹੀਂ ਸੀ ਕਿਉਂਕਿ ਮਕਾਨ ਮਾਲਿਕ ਜਿਹੜਾ ਕਿ ਵਿਦੇਸ਼ੀ ਮੂਲ ਦਾ ਹੈ ਉਹ ਤਰੀਏਸਤੇ ਸ਼ਹਿਰ ਨਹੀਂ ਸਗੋਂ ਪੋਰਦੀਨੋਨੇ ਕੰਮ ਕਰਦਾ ਹੈ।
ਪੁਲਸ ਨੇ 2 ਪਾਕਿਸਤਾਨੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਜਿਨ੍ਹਾਂ ਕੋਲ ਕੁਝ ਚਾਕੂ ਤੇ ਹੋਰ ਗੈਰ-ਕਾਨੂੰਨੀ ਸਾਮਾਨ ਵੀ ਬਰਾਮਦ ਹੋਇਆ ਹੈ।ਤਰੀਏਸਤੇ ਦੀ ਪੁਲਸ ਅਨੁਸਾਰ ਇਨ੍ਹਾਂ ਅਗਵਾਕਾਰ ਪਾਕਿਸਤਾਨੀ ਨੂੰ ਜਿਨ੍ਹਾਂ ਇਹ ਗੰਭੀਰ ਅਪਰਾਧ ਕਰਦਿਆਂ ਫਿਰੌਤੀ ਦੀ ਮੰਗ ਕੀਤੀ ਅਜਿਹੇ ਅਪਰਾਧਾਂ ਲਈ 25 ਤੋਂ 30 ਸਾਲ ਤੱਕ ਦੀ ਕੈਦ ਹੋ ਸਕਦੀ ਹੈ।
ਇਹ ਸਰਕਾਰੀ ਵਕੀਲ ਫੇਦੇਰੀਕੋ ਫਰੇਸਾ ਦਾ ਤਕਾਜਾ ਹੈ।ਉਹ ਭਾਰਤੀ ਔਰਤ ਜਿਸ ਨੇ ਪੁਲਸ ਨੂੰ ਇਸ ਸਾਰੇ ਘਟਨਾਕ੍ਰਮ ਦੀ ਜਾਣਕਾਰੀ ਦਿੱਤੀ ਦੇ ਵਿਸ਼ੇਸ ਧੰਨਵਾਦੀ ਹਨ, ਜਿਸ ਦੀ ਸਮਝਦਾਰੀ ਨਾਲ ਇਸ ਅਪਰਾਧ ਨੂੰ ਨੱਥ ਪਾਈ ਜਾ ਸਕੀ ਹੈ।
ਇਸ ਪਾਕਿਸਤਾਨੀ ਗਿਰੋਹ ਵਿੱਚ ਕਿੰਨੇ ਬੰਦੇ ਹਨ ਤੇ ਇਨ੍ਹਾਂ ਹੋਰ ਕੀ ਅਪਰਾਧ ਕੀਤੇ ਹਨ। ਇਸ ਦੀ ਬਾਰੀਕੀ ਨਾਲ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਇਟਲੀ ਦੀਆਂ ਕਈ ਜਨਤਕ ਜੱਥੇਬੰਦੀਆਂ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ।