Canada – ਕੈਨੇਡਾ ‘ਚ ਗ਼ੈਰਕਾਨੂੰਨੀ ਤੌਰ ‘ਤੇ ਦਾਖ਼ਲ ਹੋ ਰਹੇ ਦਰਜਨਾਂ ਲੋਕ ਗ੍ਰਿਫ਼ਤਾਰ
•ਕਿਊਬੈੱਕ ਪੁਲਿਸ ਅਤੇ ਆਰ.ਸੀ.ਐਮ.ਪੀ ਵੱਲੋਂ ਕੀਤੀ ਗਈ ਸਾਂਝੀ ਕਾਰਵਾਈ
ਟੋਰਾਂਟੋ-(ਗੁਰਮੁੱਖ ਸਿੰਘ ਬਾਰੀਆ)- ਅਮਰੀਕਾ ਕੈਨੇਡਾ ਸੰਬੰਧਾਂ ‘ਚ ਬਹੁ-ਚਰਚਿਤ ਮੁੱਦਾ ਮਨੁੱਖੀ ਅਤੇ ਨਸ਼ੇ ਦੀ ਤਸਕਰੀ ਬਣਿਆ ਰਿਹਾ ਹੈ ਜਿਸ ਦੀ ਇੱਕ ਹੋਰ ਘਟਨਾ ਅਮਰੀਕਾ-ਕੈਨੇਡਾ ਦੇ ਕਿਊਬੈੱਕ ਬਾਰਡਰ ‘ਤੇ ਵਾਪਰੀ ਹੈ ਜਿਸ ਦੌਰਾਨ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਵੱਲੋਂ ਇੱਕ ਟਰੱਕ ‘ਚੋਂ ਚਾਲੀ ਕਰੀਬ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕਿ ਕੈਨੇਡਾ ‘ਚ ਦਾਖਲ ਹੋ ਕਿ ਸ਼ਰਨਾਰਥੀ ਵਜੋਂ ਅਪਲਾਈ ਕਰਨਾ ਚਾਹੁੰਦੇ ਸਨ । ਇਸ ਤਸਕਰੀ ਲਈ ਜਿੰਮੇਵਾਰ ਮੰਨੇ ਜਾਂਦੇ ਤਿੰਨ ਤਸਕਰਾਂ ਦੀ ਵੀ ਗ੍ਰਿਫ਼ਤਾਰੀ ਕੀਤੀ ਗਈ ਹੈ ।
ਇਹ ਗ੍ਰਿਫ਼ਤਾਰੀਆਂ ਉਸ ਵਕਤ ਕੀਤੀਆਂ ਗਈਆਂ ਹਨ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਕੈਨੇਡਾ ‘ਤੇ ਨਸ਼ੇ ਅਤੇ ਮਨੁੱਖੀ ਤਸਕਰੀ ਦੇ ਵਰਤਾਰੇ ਲਈ ਦੋਸ਼ ਲਗਾ ਰਹੇ ਹਨ । ਇਹ ਗ੍ਰਿਫ਼ਤਾਰੀਆਂ ਆਰ ਸੀ ਐਮ ਪੀ ਵੱਲੋਂ ਕਿਊਬੈੱਕ ਪੁਲਿਸ ਦੀ ਸਹਾਇਤਾ ਨਾਲ ਕੀਤੀਆਂ ਗਈਆਂ ।
ਸ਼ਰਨਾਰਥੀ ਵੀਜ਼ਾ ਮੰਗਣ ਵਾਲੇ ਇਹਨਾਂ ਦਰਜਨਾਂ ਵਿਅਕਤੀਆਂ ਨੂੰ ਇੱਕ ਡਿਟੈਸ਼ਨ ਸੈਂਟਰ ‘ਚ ਭੇਜਿਆ ਗਿਆ ਹੈ ਜਿੱਥੋਂ ਇਨ੍ਹਾਂ ‘ਚੋਂ ਜ਼ਿਆਦਾਤਰ ਨੂੰ ਅਮਰੀਕਾ ਵਾਪਸ ਭੇਜ ਦਿੱਤਾ ਜਾਵੇਗਾ ਕਿਉਂਕਿ ਉਹ ਸ਼ਰਨਾਰਥੀ ਅਪਲਾਈ ਕਰਨ ਲਈ ਯੋਗਤਾ ਨਹੀਂ ਰੱਖਦੇ । ਸ਼ਰਨਾਰਥੀ ਵੀਜ਼ਾ ਮੰਗਣ ਵਾਲੇ ਇਨ੍ਹਾਂ ਲੋਕਾਂ ਦੀ ਪਹਿਚਾਣ ਜਾਰੀ ਨਹੀਂ ਕੀਤੀ ਗਈ ।
ਜੁਲਾਈ ਵਿੱਚ, ਸੀਬੀਐਸਏ ਨੇ ਸੇਂਟ-ਬਰਨਾਰਡ-ਡੀ ਲੈਕੋਲੇ ਕਰਾਸਿੰਗ ‘ਤੇ ਸ਼ਰਨਾਰਥੀ ਲਈ 3,089 ਅਰਜ਼ੀਆਂ ਕੀਤੀਆਂ, ਜਦੋਂ ਕਿ ਇਸ ਦੇ ਮੁਕਾਬਲੇ ਜੁਲਾਈ 2024 ਵਿੱਚ ਇਹ ਗਿਣਤੀ 613 ਸੀ।