ਬਹਿਬਲ ਕਲਾਂ ਗੋਲੀ ਕਾਂਡ ਦਾ ਇਨਸਾਫ ਮੰਗਣ ਵਾਲੇ ਨੂੰ ਐਨਆਈਏ ਦਾ ਨੋਟਿਸ ਆਇਆ
ਮਲਵਿੰਦਰ ਮਾਲੀ ਮਾਮਲਾ – ਇਕ ਐਫਆਈਆਰ ਦੋ ਸਿਗਨਲ , ਘਟਨਾਵਾਂ ਜੋੜ ਕੇ ਵੇਖੋ
ਮਾਲਵਿੰਦਰ ਸਿੰਘ ਮਾਲੀ ਮਾਮਲੇ ਤੇ ਅਨਪੋਪਲਰ ਆਪੀਨੀਅਨ ਨਾਮ ਦੇ ਇਸ ਪੇਜ ਦੀ ਪੋਸਟ ਧਿਆਨ ਦੇਣ ਯੋਗ ਹੈ
ਮਾਲਵਿੰਦਰ ਸਿੰਘ ਮਾਲੀ ਖਿਲਾਫ ਦਰਜ ਕੀਤੀ ਐਫਆਈਆਰ ਨੂੰ ਸਿਗਨਲ ਮੰਨ ਲਿਆ ਜਾਵੇ ਤਾਂ ਇਹ ਸਪਸ਼ਟ ਹੈ ਕਿ ਭਗਵੰਤ ਮਾਨ ਸਰਕਾਰ ਖੁਦ ਹੀ ਤੇਜ਼ੀ ਨਾਲ ਆਪਣੇ ਪਤਨ ਵੱਲ ਵੱਧ ਰਹੀ ਹੈ।
ਇਹ ਐਫਆਈਆਰ ਪੜ੍ਹਦਿਆਂ ਹੀ ਪਤਾ ਲੱਗ ਜਾਂਦਾ ਹੈ ਕਿ ਇਹ ਕਿੰਨੀ ਜਾਅਲੀ ਹੈ। ਉੱਤੋਂ ਇਹ ਕਰਾਈ ਸਰਕਾਰ ਅਤੇ ਆਮ ਆਦਮੀ ਪਾਰਟੀ ਦੇ ਕਰਿੰਦੇ ਨੇ ਹੈ।
ਜੇ ਇਹੋ ਜਿਹੀ ਨਿਕੰਮੀ ਐਫਆਈਆਰ ਦਾ ਆਦੇਸ਼ ਭਗਵੰਤ ਮਾਨ ਨੇ ਖੁਦ ਦਿੱਤਾ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਹੇਠਾਂ ਡਿੱਗਣ ਦਾ ਸਫਰ ਉਹ ਖੁਦ ਹੀ ਤੇਜ਼ੀ ਨਾਲ ਤੈਅ ਕਰ ਰਿਹਾ ਹੈ। ਜੇ ਇਹ ਕਿਸੇ ਸਲਾਹਕਾਰ ਨੇ ਕਰਾਈ ਹੈ ਤਾਂ ਉਹ ਬੰਦਾ ਸ਼ਾਇਦ ਅੰਦਰ ਵੜ ਕੇ ਇਸ ਦੀਆਂ ਜੜ੍ਹਾਂ ਵਿੱਚ ਤੇਲ ਦੇ ਰਿਹਾ ਹੈ।
ਇਹ ਕੰਧ ‘ਤੇ ਲਿਖਿਆ ਹੋਇਆ ਹੈ ਕਿ ਇਹੋ ਜਿਹੀ ਜਾਅਲੀ ਐਫਆਈਆਰ ਉਲਟਾ ਸਰਕਾਰ ਦਾ ਨੁਕਸਾਨ ਕਰਦੀ ਹੈ। ਗ੍ਰਿਫਤਾਰੀ ਤੋਂ ਬਾਅਦ ਲਗਾਤਾਰ ਸਰਕਾਰ ਦੀ ਮਿੱਟੀ ਪੁੱਟ ਹੋ ਰਹੀ ਹੈ।
ਇਸ ਐਫਆਈਆਰ ਨੇ ਸਰਕਾਰ ਦੇ ਆਲੋਚਕਾਂ ਦੀ ਇਸ ਗੱਲ ‘ਤੇ ਮੋਹਰ ਲਾ ਦਿੱਤੀ ਹੈ ਕਿ ਮਾਲੀ ਖਿਲਾਫ ਕਾਰਵਾਈ ਉਸ ਵੱਲੋਂ ਮੁੱਖ ਮੰਤਰੀ ਅਤੇ ਦਿੱਲੀ ਦੇ ਛਲੇਡਿਆਂ ਦੀ ਲਗਾਤਾਰ ਤਿੱਖੀ ਆਲੋਚਨਾ ਕਰਕੇ ਕਰਾਈ ਗਈ।
ਪਰ ਇਸ ਐਫਆਈਆਰ ਤੋਂ ਆਪ ਵਾਲਿਆਂ ਦੀ ਖਤਰਨਾਕ ਖੇਡ ਦਾ ਵੀ ਪਤਾ ਲੱਗਦਾ ਹੈ। ਇਹ ਸਾਫ ਹੋ ਜਾਂਦਾ ਹੈ ਕਿ ਉਹ ਪੰਜਾਬ ਵਿੱਚ ਸੱਜੇ ਪੱਖੀ ਫਿਰਕੂ ਰਾਜਨੀਤੀ ਖੇਡਣ ਦੀ ਤਾਕ ਵਿੱਚ ਨੇ।
ਆਪਣੀ ਆਲੋਚਨਾ ਕਰਨ ਵਾਲਿਆਂ ਨੂੰ ਟੰਗਣ ਲਈ ਉਹ ਹਿੰਦੂ ਬਨਾਮ ਸਿੱਖ ਦਾ ਮੁੱਦਾ ਖੜਾ ਕਰ ਰਹੇ ਨੇ।
ਇਸ ਏਜੰਡੇ ਤੋਂ ਕਾਫੀ ਸੁਚੇਤ ਰਹਿਣ ਦੀ ਲੋੜ ਹੈ।
ਯਾਦ ਰਹੇ, ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਨੇ ਖੁਦ ਕਿਹਾ ਸੀ “ਪੰਜਾਬ ਕਾ ਹਿੰਦੂ ਡਰਾ ਹੁਆ ਹੈ”।
ਘਟਨਾਵਾਂ ਜੋੜ ਕੇ ਵੇਖੋ
ਪਹਿਲਾਂ ਮੀਡੀਏ ਦਾ ਬਹੁਤਾ ਹਿੱਸਾ ਕਾਬੂ ਕਰ ਲਿਆ। ਹੁਣ ਜਿਹੜੇ ਵਿਅਕਤੀਗਤ ਪੱਧਰ ‘ਤੇ ਬੋਲ ਰਹੇ ਨੇ, ਉਨ੍ਹਾਂ ਨੂੰ ਚੁੱਪ ਕਰਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮਾਮਲੇ ਵਿੱਚ ਵੀ ਭਗਵੰਤ ਮਾਨ ਮੋਦੀ-ਸ਼ਾਹ ਨਾਲ ਟਿੱਚ ਬਟਨਾਂ ਦੀ ਜੋੜੀ ਵਾਂਗ ਕੰਮ ਕਰ ਰਿਹਾ ਹੈ।
ਮੀਡੀਏ ‘ਤੇ ਕਬਜ਼ਾ ਹੋਣ ਦੇ ਬਾਵਜੂਦ ਬਿਰਤਾਂਤ ਦੇ ਪੱਧਰ ‘ਤੇ ਪੰਜਾਬ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ ਦੋਵੇਂ ਫੇਲ ਹੋ ਰਹੀਆਂ ਨੇ।
ਸ੍ਰ ਮਾਲਵਿੰਦਰ ਸਿੰਘ ਮਾਲੀ ਦੀ ਗ੍ਰਿਫਤਾਰੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਵਿੱਚ ਇਨਸਾਫ ਦੀ ਲੜਾਈ ਲੜ ਰਹੇ ਸੁਖਰਾਜ ਸਿੰਘ ਨੂੰ ਐਨਆਈਏ ਦਾ ਨੋਟਿਸ ਨਾਲ ਹੀ ਆਇਆ ਹੈ। ਪਿਛਲੇ ਦੋ ਹਫਤਿਆਂ ਵਿੱਚ ਪੰਜਾਬ ਵਿੱਚ ਦੋ ਵਾਰ ਐਨਆਈਏ ਦੀ ਛਾਪੇਮਾਰੀ ਹੋ ਚੁੱਕੀ ਹੈ।
ਮਾਲੀ ਸਭ ਤੋਂ ਅੱਗੇ ਵੱਧ ਕੇ ਦਮਨਕਾਰੀ ਅਤੇ ਦਹਿਸ਼ਤ ਪਾਉਣ ਵਾਲੇ ਕਦਮਾਂ ਦੀ ਰੋਜ਼ ਸਪਸ਼ਟ ਤਰੀਕੇ ਨਾਲ ਆਪਣੇ ਵਿਸ਼ਲੇਸ਼ਣ ਵਿਚ ਚੀਰਫਾੜ ਕਰ ਰਹੇ ਸਨ।
ਇਸ ਨਾਲ ਸਟੇਟ ਨੂੰ ਬਿਰਤਾਂਤ ਦੇ ਪੱਧਰ ‘ਤੇ ਸਮੱਸਿਆ ਪੈਦਾ ਹੋ ਰਹੀ ਸੀ ਤੇ ਪੰਜਾਬ ਪ੍ਰਸਤ ਲੋਕਾਂ ਨੂੰ ਬੋਲਣ ਲਈ ਵੀ ਮਸਾਲਾ ਮਿਲਦਾ ਸੀ ਤੇ ਹੌਸਲੇ ਵਿੱਚ ਵੀ ਵਾਧਾ ਹੁੰਦਾ ਸੀ।
ਮਾਲੀ ਦੀ ਗ੍ਰਿਫਤਾਰੀ ਇਕੱਲੀ ਉਨ੍ਹਾਂ ਨੂੰ ਚੁੱਪ ਕਰਾਉਣ ਲਈ ਨਹੀਂ, ਬਾਕੀਆਂ ਵਿੱਚ ਵੀ ਦਹਿਸ਼ਤ ਪਾਉਣ ਲਈ ਹੈ ਤਾਂ ਕਿ ਜਿਹੜੇ ਬੋਲ ਰਹੇ ਨੇ, ਆਪੋ ਆਪਣੇ ਵਿਅਕਤੀਗਤ ਚੈਨਲ ਚਲਾ ਰਹੇ ਨੇ, ਉਹ ਸੰਭਲ ਕੇ ਚੱਲਣ ਤੇ ਚੁੱਪ ਕਰ ਜਾਣ।
ਉਧਰ ਬਲਾਤਕਾਰੀ ਸਾਧ ਅਤੇ ਉਸਦੇ ਦੋਸ਼ੀ ਚੇਲਿਆਂ ਨੂੰ ਬੇਅਦਬੀ ਵਾਲੇ ਕੇਸਾਂ ਵਿੱਚੋਂ ਸ਼ਰੇਆਮ ਬਚਾਉਣ ਵਾਲੀ ਕਾਰਵਾਈ ਤੋਂ ਬਾਅਦ ਹੁਣ ਇਨਸਾਫ ਮੰਗਣ ਵਾਲਿਆਂ ਦੁਆਲੇ ਰੱਸੀ ਕੱਸੀ ਜਾ ਰਹੀ ਹੈ। ਸੁਖਰਾਜ ਸਿੰਘ ਨੂੰ ਨੋਟਿਸ ਇਸ ਬੇਸ਼ਰਮੀ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਨਿਸ਼ਾਨੀ ਹੈ।
ਮਤਲਬ ਗੱਲ ਹਾਲੇ ਕਾਫੀ ਹੋਰ ਅੱਗੇ ਲਿਜਾਈ ਜਾਏਗੀ ਪਰ ਉਸ ਲਈ ਪੰਜਾਬ ਵਿੱਚ ਜੁਬਾਨਬੰਦੀ ਕਰਵਾਉਣੀ ਜ਼ਰੂਰੀ ਹੈ। ਸੁਖਪਾਲ ਸਿੰਘ ਖਹਿਰਾ ਨੇ ਇਸਨੂੰ ਠੀਕ ਹੀ ਐਮਰਜੈਂਸੀ ਕਿਹਾ ਹੈ।
“ਦੇਸ਼ ਹਿੱਤ” ਦੇ ਵੱਡੇ ਮਕਸਦ ਲਈ ਭਾਜਪਾ ਅਤੇ ਪੰਜਾਬ ਦੀ “ਆਪ” ਸਰਕਾਰ ਰਲ ਕੇ ਕੰਮ ਕਰ ਰਹੇ ਨੇ।
ਸਿਆਸੀ ਵਿਸ਼ਲੇਸ਼ਕ ਅਤੇ ਮਨੁੱਖੀ ਅਧਿਕਾਰ ਕਾਰਕੁੰਨ ਮਾਲਵਿੰਦਰ ਸਿੰਘ ਮਾਲੀ ਦੀ ਗ੍ਰਿਫਤਾਰੀ ਕਰਾ ਕੇ ਭਗਵੰਤ ਮਾਨ ਨੇ ਦੱਸ ਦਿੱਤਾ ਹੈ ਕਿ ਉਹ ਮੋਦੀਕਿਆਂ ਨਾਲੋਂ ਵੀ ਵੱਡਾ ਤਾਨਾਸ਼ਾਹ ਅਤੇ ਡਰਪੋਕ ਹੈ।
ਭਗਵੰਤ ਮਾਨ ਸਰਕਾਰ ਦਾ ਸਿੱਧਾ ਸੁਨੇਹਾ ਹੈ ਕਿ ਤੁਸੀਂ ਪੰਜਾਬ ਦੇ ਖਿਲਾਫ ਅਤੇ ਖਾਸ ਕਰਕੇ ਸਿੱਖਾਂ ਦੇ ਖਿਲਾਫ ਜੋ ਮਰਜ਼ੀ ਕਰੋ ਅਤੇ ਬੋਲੋ ਤੁਹਾਨੂੰ ਕੋਈ ਕੁਝ ਨਹੀਂ ਕਹੇਗਾ ਪਰ ਪੰਜਾਬ ਦੇ ਪੈਂਤੜੇ ਤੋਂ ਸਰਕਾਰ ਅਤੇ ਇਸ ਦੇ ਕਰਿੰਦਿਆਂ ਦੇ ਪੰਜਾਬ ਵਿਰੋਧੀ ਏਜੰਡੇ ਨੂੰ ਨੰਗਾ ਕਰਨ ਵਾਲਿਆਂ ਨੂੰ ਸਰਕਾਰ ਨਿਸ਼ਾਨਾ ਬਣਾਏਗੀ, ਬਹਾਨਾ ਜਿਹੜਾ ਮਰਜ਼ੀ ਬਣਾਵੇ।
ਤੁਹਾਡੇ ਲਈ ਡਿਬਰੂਗੜ੍ਹ ਵਾਲੇ ਸਿੱਖ ਕਾਰਕੁਨ ਅਤੇ ਮਾਲੀ ਵੱਖੋ-ਵੱਖਰੇ ਹੋਣਗੇ ਪਰ ਪੰਜਾਬ ਅਤੇ ਸਿੱਖ ਵਿਰੋਧੀ ਸ਼ਕਤੀਆਂ ਲਈ ਉਹ ਸਾਂਝੇ ਦੁਸ਼ਮਣ ਨੇ।
ਪਤਾ ਲੱਗਾ ਹੈ ਹੈ ਕਿ ਮਾਲੀ ਹੋਰਾਂ ਨੂੰ ਗ੍ਰਿਫਤਾਰ ਕਿਸੇ ਫੇਸਬੁੱਕ ਪੋਸਟ ਲਈ ਕੀਤਾ ਹੈ।
ਸਰਕਾਰ ਅਤੇ ਪੁਲਿਸ ਦੀ ਇਹ ਚੁਸਤੀ ਸਿੱਖਾਂ ਖਿਲਾਫ ਸ਼ਰੇਆਮ ਸੋਸ਼ਲ ਮੀਡੀਆ ‘ਤੇ ਹੋ ਰਹੇ ਪ੍ਰਚਾਰ ਦੇ ਮਾਮਲੇ ਵਿੱਚ ਕਿੱਥੇ ਚਲੀ ਜਾਂਦੀ ਹੈ? ਸ਼੍ਰੋਮਣੀ ਕਮੇਟੀ ਅਤੇ ਸਿੱਖ ਕਾਰਕੁਨ ਅਨੇਕਾਂ ਵਾਰ ਇਸ ਇਸ ਬਾਰੇ ਰੌਲਾ ਪਾ ਚੁੱਕੇ ਨੇ ਪਰ ਮਜਾਲ ਹੈ ਪੰਜਾਬ ਸਰਕਾਰ ਜਾਂ ਇਸ ਦੇ ਕਰਿੰਦਿਆਂ ਦੇ ਕੰਨਾਂ ਤੇ ਕੋਈ ਜੂੰ ਸਰਕੀ ਹੋਵੇ।
ਸਿੱਧੂ ਮੂਸੇ ਵਾਲੇ ਦਾ ਕਤਲ ਵੀ ਫੇਸਬੁੱਕ ਪੋਸਟਾਂ ਰਾਹੀਂ ਜਨਤਕ ਕੀਤੀ ਜਾਣਕਾਰੀ ਨੇ ਹੀ ਕਰਾਇਆ ਸੀ। ਹਾਲੇ ਤੱਕ ਤਾਂ ਕੋਈ ਕਾਰਵਾਈ ਨਹੀਂ ਹੋਈ।
ਬਾਦਲਾਂ ਅਤੇ ਕੈਪਟਨ ਦੀ ਸਰਕਾਰ ਵੇਲੇ ਇਹ ਹਰ ਤਰ੍ਹਾਂ ਦੀ ਘਟੀਆ ਭਾਸ਼ਾ ਉਨ੍ਹਾਂ ਖਿਲਾਫ ਵਰਤਦੇ ਰਹੇ ਨੇ। ਹੁਣ ਆਪਣੀ ਵਾਰੀ ਚੀਕਾਂ ਮਾਰਨ ਲੱਗ ਪਏ ।
ਪੰਜਾਬ ਤੇ ਸਿੱਖ ਪੱਖੀ ਆਵਾਜ਼ਾਂ ਨੂੰ ਬੰਦ ਕਰਾਉਣ ਲਈ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਟਿੱਚ ਬਟਨਾਂ ਦੀ ਜੋੜੀ ਵਾਂਗ ਕੰਮ ਕਰ ਰਹੇ ਨੇ।
ਮਾਲੀ ਹੋਰਾਂ ਦੇ ਵਿਚਾਰਾਂ ਨਾਲ ਸਹਿਮਤੀ-ਅਸਹਿਮਤੀ ਵੱਖਰੀ ਗੱਲ ਹੈ, ਉਹ ਕਈ ਵਾਰ ਬਹੁਤ ਤਿੱਖੀ ਅਤੇ ਕੌੜੀ ਭਾਸ਼ਾ ਵੀ ਵਰਤਦੇ ਨੇ। ਪਰ ਅਸਹਿਮਤੀਆਂ ਦੇ ਬਾਵਜੂਦ ਇਸ ਤਾਨਾਸ਼ਾਹੀ ਦਾ ਵਿਰੋਧ ਹਰ ਇੱਕ ਨੂੰ ਕਰਨਾ ਚਾਹੀਦਾ ਹੈ। ਪਿੱਛੇ ਜਿਹੇ ਐਨਆਈਏ ਵੱਲੋਂ ਪੰਜਾਬ ਵਿੱਚ ਮਾਰੇ ਗਏ ਛਾਪਿਆਂ ਵੇਲੇ ਵੀ ਅਸੀਂ ਇਹ ਗੱਲ ਕਹੀ ਸੀ।
ਅਸੀਂ ਪਹਿਲਾਂ ਵੀ ਲਿਖ ਚੁੱਕੇ ਹਾਂ ਕਿ ਪੰਜਾਬ ਪੱਖੀ ਲੋਕਾਂ ਦੇ ਮੱਤਭੇਦ ਆਪੋ ਆਪਣੀ ਜਗ੍ਹਾ ਰਹਿਣਗੇ, ਅਸਲ ਲੜਾਈ ਦਿੱਲੀ ਦੇ ਦੱਲਿਆਂ ਨਾਲ ਹੈ।
ਗੁਰਪ੍ਰੀਤ ਸਿੰਘ ਸਹੋਤਾ ਨੇ ਲਿਖਿਆ
ਭਗਵੰਤ ਮਾਨ ਸਰਕਾਰ ਦਾ ਇੱਕ ਹੋਰ ਨਾਦਰਸ਼ਾਹੀ ਫੈਸਲਾ।
ਮਾਲਵਿੰਦਰ ਸਿੰਘ ਮਾਲੀ ਦੇ ਸੁਭਾਅ ਜਾਂ ਬੋਲਬਾਣੀ ਬਾਰੇ ਅਸਹਿਮਤੀ ਹੋ ਸਕਦੀ ਹੈ ਪਰ ਉਹ ਪੰਜਾਬ ਦੇ ਉਨ੍ਹਾਂ ਗਿਣੇ-ਚੁਣੇ ਸਿਰਮੌਰ ਵਿਅਕਤੀਆਂ ‘ਚੋਂ ਇੱਕ ਹਨ, ਜੋ ਪੰਜਾਬ ਦਾ ਦਰਦ ਹੀ ਮਹਿਸੂਸ ਨਹੀਂ ਕਰਦੇ ਬਲਕਿ ਪੰਜਾਬ ਤੇ ਪੰਜਾਬੀਅਤ ਬਾਰੇ ਬਹੁਤ ਕੁਝ ਜਾਣਦੇ ਹਨ। ਉਨ੍ਹਾਂ ਦੀ ਪੰਜਾਬਪ੍ਰਸਤੀ ‘ਤੇ ਕੋਈ ਸ਼ੱਕ ਨਹੀਂ ਕੀਤਾ ਜਾ ਸਕਦਾ।
ਪੰਜਾਬ ਲਈ ਬੋਲਣ ਵਾਲੇ ਇੱਕ-ਇੱਕ ਕਰਕੇ ਚੁੱਪ ਕਰਵਾਏ ਜਾ ਰਹੇ, ਅੰਦਰ ਤਾੜੇ ਜਾ ਰਹੇ। ਹਾਲੇ ਵੀ ਵੇਲਾ ਕਿ ਇੱਕ-ਦੂਜੇ ਦੇ ਉਲਟ ਬੋਲਣ ਦੀ ਬਜਾਏ ਹਾਕਮਾਂ (ਭਗਵੰਤ ਮਾਨ ਤੇ ਅਮਿਤ ਸ਼ਾਹ ਦੀ ਜੋੜੀ) ਖਿਲ਼ਾਫ ਇਕਜੁੱਟ ਹੋ ਕੇ ਬੋਲ ਲਈਏ।