ਸਕੂਲ ਦੇ ਬਾਹਰ ਹੰਗਾਮਾ ਕਰਨ ਵਾਲੇ ਬੱਚਿਆਂ ਨੂੰ ਪੁਲਸ ਨੇ ਲਾਈ ਅਜਿਹੀ ਸਜ਼ਾ, ਕਿ ਮਾਪਿਆਂ ਨੇ ਵੀ ਕਿਹਾ- ‘ਧੰਨਵਾਦ’
ਸਕੂਲ ਦੇ ਜਵਾਕਾਂ ਦਾ ਦੇਖ ਲਵੋ ਹਾਲ,ਮੁੰਡਾ ਕੁੱਟਣ ਲਈ ਚੱਕ ਲਿਆਏ ਕਾਪੇ-ਕ੍ਰਿਪਾਨਾਂ,ਮੌਕੇ ਤੇ ਆਈ PCR ਦਾ ਭੰਨ ‘ਤਾ ਮੋਟਰਸਾਈਕਲ, CCTV ਦੇਖ ਉੱਡਣਗੇ ਹੋਸ਼
ਬੀਤੇ ਦਿਨੀਂ ਫਰੀਦਕੋਟ ਦੇ ਇਕ ਨਿੱਜੀ ਸਕੂਲ ਦੀ ਵੀਡੀਓ ਬਹੁਤ ਵਾਇਰਲ ਹੋਈ ਸੀ, ਜਿੱਥੇ ਛੁੱਟੀ ਦੇ ਸਮੇਂ ਕੁਝ ਨੌਜਵਾਨ ਤੇਜ਼ਧਾਰ ਹਥਿਆਰ ਲੈ ਕੇ ਸਕੂਲ ‘ਚ ਦਾਖਲ ਹੋ ਗਏ ਸਨ, ਪਰ ਪੁਲਸ ਦੀ ਟੀਮ ਨੂੰ ਦੇਖ ਕੇ ਉਹ ਭੱਜ ਗਏ ਤੇ ਇਸ ਦੌਰਾਨ ਉਨ੍ਹਾਂ ਨੇ ਪੀ.ਸੀ.ਆਰ. ਦੇ ਇਕ ਮੋਟਰਸਾਈਕਲ ਨੂੰ ਵੀ ਚਕਨਾਚੂਰ ਕਰ ਦਿੱਤਾ ਸੀ, ਜਿਸ ‘ਤੇ ਸਵਾਰ ਪੁਲਸ ਮੁਲਾਜ਼ਮ ਵਾਲ-ਵਾਲ ਬਚੇ ਸਨ।
ਇਸ ਮਾਮਲੇ ‘ਚ ਕਾਰਵਾਈ ਕਰਦਿਆਂ ਪੁਲਸ ਨੇ ਵਾਇਰਲ ਵੀਡੀਓ ਤੇ ਸਕੂਲ ਦੀ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ ‘ਤੇ ਮੁਲਜ਼ਮਾਂ ਦੀ ਪਛਾਣ ਕਰ ਲਈ ਹੈ ਤੇ ਉਨ੍ਹਾਂ ਨੂੰ ਕਾਬੂ ਕਰ ਲਿਆ ਹੈ। ਪੁਲਸ ਨੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਬਜਾਏ ਉਨ੍ਹਾਂ ਦੇ ਭਵਿੱਖ ਨੂੰ ਧਿਆਨ ‘ਚ ਰੱਖਦੇ ਹੋਏ ਅਨੋਖੀ ਸਜ਼ਾ ਦੇਣ ਦਾ ਫ਼ੈਸਲਾ ਕੀਤਾ ਹੈ।
ਐੱਸ.ਐੱਸ.ਪੀ. ਪ੍ਰਗਿਆ ਜੈਨ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਇਨ੍ਹਾਂ ਬੱਚਿਆਂ ਦੇ ਭਵਿੱਖ ਨੂੰ ਧਿਆਨ ‘ਚ ਰੱਖ ਕੇ ਫ਼ੈਸਲਾ ਕੀਤਾ ਗਿਆ ਹੈ ਕਿ ਇਨ੍ਹਾਂ ਖ਼ਿਲਾਫ਼ ਮੁਕੱਦਮਾ ਦਰਜ ਨਹੀਂ ਕੀਤਾ ਜਾਵੇਗਾ, ਸਗੋਂ ਉਨ੍ਹਾਂ ਨੂੰ ਸਕੂਲ ਤੋਂ ਬਾਅਦ ਇਕ ਹਫ਼ਤੇ ਤੱਕ ਪੁਲਸ ਦੇ ਟ੍ਰੈਫ਼ਿਕ ਵਿੰਗ ਨਾਲ ਸੇਵਾਵਾਂ ਦੇਣ ਦਾ ਹੁਕਮ ਲਾਇਆ ਗਿਆ ਹੈ।
ਇਸ ਮਾਮਲੇ ਨੂੰ ਲੈ ਕੇ ਡੀ.ਸੀ.ਪੀ. ਤਿਰਲੋਚਨ ਸਿੰਘ ਨੇ ਬੱਚਿਆਂ ਦੇ ਮਾਪਿਆਂ ਨਾਲ ਗੱਲਬਾਤ ਲਈ ਉਨ੍ਹਾਂ ਨੂੰ ਥਾਣੇ ਬੁਲਾਇਆ ਸੀ ਤੇ ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਮੁੜ ਅਜਿਹੇ ਕੰਮ ਨਾ ਕਰਨ ਦੀ ਹਦਾਇਤ ਦੇਣ ਦੀ ਅਪੀਲ ਕੀਤੀ ਸੀ। ਪੁਲਸ ਦੇ ਇਸ ਫ਼ੈਸਲੇ ‘ਤੇ ਉਨ੍ਹਾਂ ਬੱਚਿਆਂ ਦੇ ਮਾਪਿਆਂ ਨੇ ਸੰਤੁਸ਼ਟੀ ਜਤਾਈ ਹੈ ਤੇ ਪੁਲਸ ਵਿਭਾਗ ਦਾ ਧੰਨਵਾਦ ਕੀਤਾ ਹੈ ਕਿ ਉਨ੍ਹਾਂ ਦੇ ਬੱਚਿਆਂ ‘ਤੇ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਗਈ, ਨਹੀਂ ਤਾਂ ਉਨ੍ਹਾਂ ਦਾ ਭਵਿੱਖ ਖ਼ਤਰੇ ‘ਚ ਪੈ ਸਕਦਾ ਸੀ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਉਹ ਭਵਿੱਖ ਵਿੱਚ ਆਪਣੇ ਬੱਚਿਆਂ ਦੀ ਦੇਖਭਾਲ ਕਰਨਗੇ ਤਾਂ ਜੋ ਉਹ ਸਿਰਫ਼ ਪੜ੍ਹਾਈ ਵਿੱਚ ਹੀ ਧਿਆਨ ਦੇ ਸਕਣ।