ਸਰੀ ਵੈਦਿਕ ਹਿੰਦੂ ਕਲਚਰ ਸੋਸਾਇਟੀ ਨੂੰ ਕੰਜ਼ਰਵੇਟਿਵ ਪਾਰਟੀ ਨੂੰ ਦੇ ਸਿੱਖ ਆਗੂਆਂ ਦੀ ਮੰਦਿਰ ਫੇਰੀ ‘ਤੇ ਸਖਤ ਇਤਰਾਜ਼
ਲਕਸ਼ਮੀ ਨਰਾਇਣ ਮੰਦਿਰ ਸਰੀ ਵਿਖੇ ਕੰਜ਼ਰਵੇਟਿਵ ਪਾਰਟੀ ਦੇ ਸਿੱਖ ਐਮਪੀ ਟਿਮ ਉਪਲ, ਜਸਰਾਜ ਹੱਲਣ ਤੇ ਹਰਜੋਤ ਗਿੱਲ ਵਲੋਂ ਜਨਮ ਅਸ਼ਟਮੀ ਮੌਕੇ ਫੇਰੀ ਪਾਉਣ ‘ਤੇ ਵੈਦਿਕ ਹਿੰਦੂ ਕਲਚਰ ਸੋਸਾਇਟੀ ਦੇ ਪ੍ਰਧਾਨ ਸਤੀਸ਼ ਕੁਮਾਰ ‘ ਨੇ ਕੰਜ਼ਰਵੇਟਿਵ ਪਾਰਟੀ ਪ੍ਰਧਾਨ ਨੂੰ ਚਿੱਠੀ ਲਿਖੀ ਹੈ ਕਿ ਵਿਰੋਧੀ ਵਿਚਾਰਧਾਰਾ ਵਾਲੇ ਸੰਸਦ ਮੈਂਬਰਾਂ ਨੂੰ ਹਿੰਦੂ ਮੰਦਿਰ ਚ ਭੇਜਣਾ ਬਹੁਤ ਗਲਤ ਹੈ। ਉਹਨਾਂ ਕੁਝ ਹੋਰ ਸੰਸਦ ਮੈਂਬਰਾਂ ਦੇ ਨਾਮ ਸੁਝਾਏ ਹਨ ਜੋ ਹਿੰਦੂ ਪਿਛੋਕੜ ਨਾਲ ਸਬੰਧ ਰੱਖਦੇ ਹਨ ਜਾਂ ਹਿੰਦੂ ਮਾਨਸਿਕਤਾ ਸਮਝਦੇ ਹਨ।
ਸਰੀ ‘ਚ ਹਿੰਦੂ ਮੰਦਿਰ ਚਲਾਉਣ ਵਾਲੀ ਸੁਸਾਇਟੀ ਵਲੋਂ ਕੰਜ਼ਰਵਟਿਵ ਪਾਰਟੀ ਨੂੰ ਲਿਖੀ ਚਿੱਠੀ ਸੋਸ਼ਲ ਮੀਡੀਆ ‘ਤੇ ਘੁੰਮ ਰਹੀ ਹੈ। ਪ੍ਰਧਾਨ ਸਤੀਸ਼ ਕੁਮਾਰ ਜੀ ਨੇ ਮੇਰੇ ਨਾਲ ਫੋਨ ‘ਤੇ ਗੱਲ ਕਰਦਿਆਂ ਪੁਸ਼ਟੀ ਕੀਤੀ ਹੈ ਕਿ ਇਹ ਚਿੱਠੀ ਉਨ੍ਹਾਂ ਨੇ ਹੀ ਕੰਜ਼ਰਵਟਿਵ ਪਾਰਟੀ ਨੂੰ ਲਿਖੀ ਹੈ।
ਕੁਝ ਦਿਨ ਪਹਿਲਾਂ ਸਰੀ ਦੇ ਲਕਸ਼ਮੀ ਨਾਰਾਇਣ ਮੰਦਿਰ ਵਿੱਚ ਕੰਜ਼ਰਵਟਿਵ ਪਾਰਟੀ ਦੇ ਸਿੱਖ ਐਮ.ਪੀ. ਟਿਮ ਸਿੰਘ ਉਪਲ, ਐਮ.ਪੀ. ਜਸਰਾਜ ਸਿੰਘ ਹੱਲਣ ਅਤੇ ਐਮ.ਪੀ. ਦੀ ਚੋਣ ਲੜ ਰਹੇ ਹਰਜੀਤ ਸਿੰਘ ਗਿੱਲ ਅਤੇ ਜੈਸੀ ਸਹੋਤਾ ਨੂੰ ਜਨਮ ਅਸ਼ਟਮੀ ਮੌਕੇ ਮੰਦਰ ਵਿੱਚ ਸੱਦਿਆ ਗਿਆ ਅਤੇ ਸਨਮਾਨਿਤ ਕੀਤਾ ਗਿਆ।
ਬਾਅਦ ਵਿੱਚ ਇਸ ਚਿੱਠੀ ਰਾਹੀਂ ਪ੍ਰਧਾਨ ਸਤੀਸ਼ ਕੁਮਾਰ ਜੀ ਨੇ ਕੰਜ਼ਰਵਟਿਵ ਪਾਰਟੀ ਦੇ ਲੀਡਰ ਪੀਅਰ ਪੋਲੀਏਵ ਨੂੰ ਲਿਖਿਆ, “ਕੈਨੇਡੀਅਨ ਹਿੰਦੂ ਪੂਜਾ ਸਥਾਨਾਂ ‘ਤੇ ‘ਵਿਰੋਧੀ ਵਿਚਾਰਧਾਰਾ ਵਾਲੇ ਵਿਅਕਤੀਆਂ’ ਨੂੰ ਭੇਜਣ ਦੀ ਤੁਹਾਡੀ ਚੋਣ ਵਿੱਚ ਸੱਭਿਆਚਾਰਕ ਸੰਵੇਦਨਸ਼ੀਲਤਾ ਦੀ ਘਾਟ ਨੂੰ ਦੇਖ ਕੇ ਅਸੀਂ ਨਿਰਾਸ਼ ਹਾਂ।”
ਸੋਸ਼ਲ ਮੀਡੀਆ ‘ਤੇ ਇਹ ਚਿੱਠੀ ਵਾਇਰਲ ਹੋਣ ਤੋਂ ਬਾਅਦ ਕੈਨੇਡੀਅਨ ਸਿੱਖ ਬੜੇ ਸਦਮੇ ਵਿੱਚ ਹਨ ਕਿ ਉਹ ਤਾਂ ਹਮੇਸ਼ਾ “ਹਿੰਦੂ-ਸਿੱਖ ਭਾਈ-ਭਾਈ” ਹੋਣ ਵਿੱਚ ਵਿਸ਼ਵਾਸ ਰੱਖਦੇ ਰਹੇ ਹਨ ਪਰ ਇਹ ਜ਼ਿੰਮੇਵਾਰ ਹਿੰਦੂ ਆਗੂ ਕੰਜ਼ਰਵਟਿਵ ਸਿੱਖ ਐਮਪੀਜ਼ ਅਤੇ ਉਮੀਦਵਾਰਾਂ ਨੂੰ ‘ਵਿਰੋਧੀ ਵਿਚਾਰਧਾਰਾ ਵਾਲੇ ਵਿਅਕਤੀ’ ਦੱਸ ਰਹੇ ਹਨ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ