Breaking News

ਲਹਿੰਦੇ ਪੰਜਾਬ ‘ਚ ਇੱਕ ਹੋਰ ਬੇਅਬਾਦ ਗੁਰਦੁਆਰਾ ਸੰਗਤ ਨੇ ਸਾਂਭਿਆ

ਅੱਜ ਲਹਿੰਦੇ ਪੰਜਾਬ ‘ਚ ਜ਼ਿਲ੍ਹਾ ਗੁਜਰਾਂਵਾਲਾ ਦੇ ਪਿੰਡ ਭਾਈ ਕੇ ਮੱਟੂ ਵਿੱਚ ਗੁਰਦੁਆਰਾ ਖਾਰਾ ਸਾਹਿਬ ਵਿਖੇ ਸਿੱਖ ਸੰਗਤਾਂ ਨੇ ਗੁਰੂ ਨਾਨਕ ਪ੍ਰਕਾਸ਼ ਪੁਰਬ ਦੇ ਆਗਮਨ ਮੌਕੇ ਸੇਵਾ ਸੰਭਾਲ ਦੀ ਅਰਦਾਸ ਕੀਤੀ।
ਸਿੱਖ ਸੰਗਤਾਂ ਵੰਡ ਤੋਂ ਬਾਅਦ ਵਿਛੜਨ ਕਰਕੇ ਇਸ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਤੋਂ ਵਾਂਝੀਆਂ ਸਨ। ਸਾਂਭ ਸੰਭਾਲ ਪੱਖੋਂ ਹਾਲਤ ਖਸਤਾ ਸੀ।

ਇਸ ਮੌਕੇ ਅਮਰੀਕਾ ਦੀ ਸਿੱਖ ਸੰਗਤ ਦਾ ਜਥਾ ਹਾਜ਼ਰ ਹੋਇਆ, ਜਿਨ੍ਹਾਂ ਇਸ ਅਸਥਾਨ ਦੀ ਸੇਵਾ ਦਾ ਕਾਰਜ ਸਾਂਭਿਆ ਹੈ। ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਨੇ ਟੱਕ ਲਾ ਕੇ ਇੱਥੇ ਚਾਰਦਿਵਾਰੀ ਅਤੇ ਸਾਫ ਸਫਾਈ ਦੀ ਕਾਰ ਸੇਵਾ ਆਰੰਭ ਕੀਤੀ।

ਉਹਨਾਂ ਨਾਲ ਇਸ ਮੌਕੇ ਉਪ ਸੈਕਟਰੀ ਸੈਫ਼ ਉਲਾਹ ਖੋਖਰ, ਸਰਦਾਰ ਮਹੇਸ਼ ਸਿੰਘ ਮੀਤ ਪ੍ਰਧਾਨ ਅਤੇ ਸਰਦਾਰ ਦਵਿੰਦਰ ਸਿੰਘ ਕਨੇਡਾ ਵੀ ਹਾਜ਼ਰ ਸਨ।

ਗੁਰਦੁਆਰਾ ਖਾਰਾ ਸਾਹਿਬ ਭਾਈ ਕੇ ਮੱਟੂ ਨਾਮੀਂ ਪਿੰਡ ਵਿੱਚ ਹੈ। ਇਹ ਪਿੰਡ ਜ਼ਿਲ੍ਹਾ ਤੇ ਤਹਿਸੀਲ ਗੁੱਜਰਾਂਵਾਲ਼ਾ, ਥਾਣਾ ਨੌਸ਼ਿਹਰਾ ਵਿਰਕਾਂ ਦੇ ਨੇੜੇ ਕੋਈ ਦੋ ਕਿਲੋਮੀਟਰ ਦੱਖਣ ਪੂਰਬ ਵੱਲ ਹੈ। ਗੁਰਦੁਆਰਾ ਸਾਹਬ ਪਿੰਡ ਤੋਂ ਬਾਹਰ ਹੈ।

ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਜਦ ਇਸ ਥਾਂ ‘ਤੇ ਬਿਰਾਜੇ ਤਾਂ ਇੱਕ ਆਦਮੀ ਮੱਥਾ ਟੇਕ ਕੇ ਆਪ ਦੇ ਪਾਸ ਬਹਿ ਗਿਆ। ਉਸ ਦੀਆਂ ਮੁੱਛਾਂ ਤੰਮਾਕੂ ਪੀ ਪੀ ਕੇ ਪੀਲੀਆਂ ਹੋ ਗਈਆਂ ਸਨ। ਗੁਰੂ ਜੀ ਨੇ ਉਸਤੋਂ ਉਹਦਾ ਨਾਂ ਪੁੱਛਿਆ ਤਾ ਉਸ ਨੇ ਉੱਤਰ ਦਿੱਤਾ ਕਿ ਮੇਰਾ ਨਾਮ ਹਰਿਗੋਬਿੰਦ ਹੈ। ਸਤਿਗੁਰੂ ਜੀ ਨੇ ਆਖਿਆ ਕਿ ਭਾਈ ਇਹ ਨਾਮ ਰੱਖ ਕੇ ਫਿਰ ਤੰਮਾਕੂ ਪੀਣ ਦਾ ਕੁਕਰਮ ਕਿਉਂ ਕਰਦਾ ਹੈ ਤਾਂ ਉਸ ਨੇ ਅੱਗੇ ਤੋਂ ਤੰਮਾਕੂ ਪੀਣਾ ਛੱਡ ਦਿੱਤਾ। ਪਿੱਛਲੀ ਭੁੱਲ ਤੇ ਮੁਆਫੀ ਮੰਗ ਕੇ ਉਹ ਗੁਰੂ ਜੀ ਦਾ ਸਿੱਖ ਹੋਇਆ।

ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਸੁੰਦਰ ਬਣੀ ਹੋਈ ਹੈ। ਫਰਸ਼ ਉੱਤੇ ਚਿੱਟੇ ਕਾਲੇ ਰੰਗ ਦੀਆਂ ਟਾਇਲਾਂ ਲੱਗੀਆਂ ਹੋਈਆਂ ਹਨ। ਇਮਾਰਤ ਦੇ ਅੰਦਰ ਬਾਹਰ ਸੋਹਣੀ ਫੁਲਕਾਰੀ ਹੋਈ ਹੈ। ਛੱਤ ਉੱਤੇ ਵੇਲ ਬੂਟੇ ਬਣੇ ਹੋਏ ਹਨ। ਕੰਧਾਂ ਉੱਤੇ ਸੇਵਾ ਕਰਨ ਵਾਲਿਆਂ ਦੀਆਂ ਅਨੇਕਾਂ ਟਾਇਲਾਂ ਲੱਗੀਆਂ ਹੋਈਆਂ ਹਨ, ਜਿਨ੍ਹਾਂ ਤੋਂ ਪਤਾ ਲਗਦਾ ਹੈ ਕਿ ਇਹ ਇਮਾਰਤ ਸੰਮਤ 1890 ਵਿੱਚ ਬਣੀ। ਇੱਥੇ ਸਾਉਣ ਮਹੀਨੇ ਮੇਲਾ ਭਰਦਾ ਸੀ।

ਪਿਛਲੇ ਦਹਾਕੇ ਵਿੱਚ ਮਾਤਾ ਸਾਹਿਬ ਕੌਰ ਜੀ ਦਾ ਜਨਮ ਸਥਾਨ, ਜੇਹਲਮ ਵਿਖੇ ਗੁਰਦੁਆਰਾ ਚੋਆ ਸਾਹਬ ਅਤੇ ਇਮਰਾਨ ਖਾਨ ਸਰਕਾਰ ਵੇਲੇ ਗੁਰਦੁਆਰਾ ਕਰਤਾਰਪੁਰ ਸਾਹਿਬ ਲਾਂਘੇ ਦੇ ਨਾਲ ਸੰਗਤਾਂ ਦਰਸ਼ਨ ਲਈ ਖੁੱਲ੍ਹੇ ਹਨ।

ਜ਼ਿਕਰਯੋਗ ਹੈ ਕਿ ਹਰ ਸਾਲ ਗੁਰਧਾਮਾਂ ਦੇ ਦਰਸ਼ਨ ਕਰਨ ਵਾਲੀ ਵਿਦੇਸ਼ੀ ਸੰਗਤ ਵਧਦੀ ਜਾ ਰਹੀ ਹੈ। ਇਸ ਲਈ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਹੋਰ ਗੁਰਦੁਆਰਾ ਸਾਹਿਬਾਨ ਵੀ ਸੰਗਤ ਲਈ ਸੇਵਾ ਅਤੇ ਦਰਸ਼ਨਾਂ ਵਾਸਤੇ ਖੋਲ੍ਹੇ ਜਾ ਰਹੇ ਹਨ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ